ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕਿਸਾਨ ਜਾਗਰੂਕਤਾ ਕੈਂਪ ਆਯੋਜਿਤ

ਪੰਜਾਬ ਐਗਰੀਕਰਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਚਲਾਈ ਜਾ ਰਹੀ ਪਾਣੀ ਬਚਾਓ ਮੁਹਿੰਮ ਦੇ ਮੱਦੇਨਜਰ ਕੇ.ਵੀ.ਕੇ, ਬਠਿੰਡਾ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ, ਤਾਂ ਜੋ ਲੇਬਰ ਦੀ ਸਮੱਸਿਆ ਦਾ ਵੀ ਹੱਲ ਹੋ ਸਕੇ ਅਤੇ ਪਾਣੀ ਨੂੰ ਬਚਾਇਆ ਜਾ ਸਕੇ। ਇਸੇ ਸੰਦਰਭ ਦੇ ਵਿੱਚ ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗੀ ਨਾਲ ਅੱਜ ਪਿੰਡ ਭੈਣੀ ਬਲਾਕ ਨਥਾਣਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ।

ਡਾ. ਗੁਰਦੀਪ ਸਿੰਘ ਸਿੱਧੂ ਡਿਪਟੀ ਡਾਇਰੈਕਟਰ (ਟ੍ਰੇਨਿੰਗ) ਕੇ.ਵੀ.ਕੇ, ਬਠਿੰਡਾ ਨੇ ਦੱਸਿਆ ਕਿ ਕੈਂਪ ਦਾ ਮੁੱਖ ਮਕਸਦ ਕਿਸਾਨਾਂ ਨੂੰ ਪਾਣੀ ਦੀ ਬੱਚਤ ਸੰਬੰਧੀ ਜਾਗਰੂਕ ਕਰਨਾ ਸੀ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਕਰਨ ਲਈ ਸਭ ਤੋਂ ਅਹਿਮ ਗੱਲ ਬੀਜ ਦੀ ਚੋਣ ,ਬਿਜਾਈ ਦਾ ਸਹੀ ਸਮਾਂ, ਸਹੀ ਸਮੇਂ ਤੇ ਨਦੀਨਨਾਸ਼ਕਾਂ ਦੀ ਸਪਰੇ ਆਦਿ ਅਜਿਹੇ ਪਹਿਲੂ ਹਨ ਜਿਸ ਨੂੰ ਅਪਣਾ ਕੇ ਸਿੱਧੀ ਬਿਜਾਈ ਨੂੰ ਕਾਮਯਾਬ ਕੀਤਾ ਜਾ ਸਕਦਾ ਹੈ।

ਡਾ. ਵਿਨੈ ਸਿੰਘ ਨੇ ਕਿਸਾਨਾਂ ਨੂੰ ਅਗਾਊਂ ਸਚੇਤ ਕਰਦਿਆ ਕਿਹਾ ਕਿ ਕਿਸਾਨ ਵੀਰ ਝੌਨੇ ਦੀ ਫਸਲ ਤੇ ਕਿਸੇ ਵੀ ਕੀੜੇ-ਮਕੌੜੇ ਦੀ ਰੋਕਥਾਮ ਤੋਂ ਪਹਿਲਾ ਇਸਦਾ ਆਰਥਿਕ ਨੁਕਸਾਨ ਪੱਧਰ ਜਰੂਰ ਦੇਖਣ ਅਤੇ ਫਸਲ ਤੇ ਜਿਆਦਾ ਹਮਲੇ ਦੀ ਸੂਰਤ ਵਿੱਚ ਸੰਯੁਕਤ ਕੀਟ ਪ੍ਰਬੰਧਨ ਨੂੰ ਧਿਆਨ ਵਿੱਚ ਰੱਖਦਿਆ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਟਨਾਸ਼ਕਾਂ ਦੀ ਹੀ ਵਰਤੋਂ ਕਰਨ।

ਇਸ ਮੌਕੇ ਡਾ. ਤੇਜਬੀਰ ਸਿੰਘ ਬੁੱਟਰ (ਸਹਾਇਕ ਪ੍ਰੋਫੈਸਰ) ਭੂਮੀ ਵਿਗਿਆਨ ਨੇ ਕਿਸਾਨਾਂ ਦੇ ਮੁਖਾਤਿਬ ਹੁੰਦਿਆ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਤੋਂ ਪਹਿਲਾ ਖੇਤ ਵਿੱਚ ਕੰਪਿਊਟਰ ਕਰਾਹਾ ਲਾ ਕੇ ਪੱਧਰਾ ਕਰ ਲੈਣਾ ਚਾਹੀਦਾ ਹੈ ਤਾਂ ਜੋ ਬਿਜਾਈ ਇੱਕਸਾਰ ਹੋ ਸਕੇ ਅਤੇ ਨਦੀਨਾਂ ਦੀ ਸਮੱਸਿਆ ਘੱਟ ਆਵੇ। ਉਨ੍ਹਾਂ ਸਿੱਧੀ ਬਿਜਾਈ ਵਿੱਚ ਆਉਣ ਵਾਲੇ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਸੰਬੰਧੀ ਆਪਣੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ।

ਹੋਰ ਖ਼ਬਰਾਂ :-  ਬਠਿੰਡਾ ਪੁਲਿਸ ਦਾ ਤਿੰਨ ਰੋਜਾ ਐਂਟੀ ਡਰੱਗ ਕ੍ਰਿਕਟ ਲੀਗ ਟੂਰਨਾਮੈਂਟ ਹੋਇਆ ਸਮਾਪਤ

ਇਸ ਮੌਕੇ ਡਾ. ਗੁਰਮੀਤ ਸਿੰਘ ਢਿੱਲੋਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਸੰਬੰਧੀ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹਰ ਰੋਜ ਆਪਣੇ ਖੇਤਾਂ ਦਾ ਸਰਵੇਖਣ ਕਰਨ ਅਤੇ ਕਿਸੇ ਵੀ ਸਮੱਸਿਆ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਖੇਤੀਬਾੜੀ ਵਿਭਾਗ ਨਾਲ ਸਪੰਰਕ ਕਰਨ ਤੇ ਮਾਹਿਰਾਂ ਦੀ ਸਲਾਹ ਮੁਤਾਬਿਕ ਹੀ ਸਿਫਾਰਸ਼ ਜਹਿਰਾਂ ਦੀ ਵਰਤੋਂ ਕਰਨ ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਵੀ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

ਕੈਂਪ ਦੇ ਅਖੀਰ ਵਿੱਚ ਡਾ. ਅਜੀਤਪਾਲ ਸਿੰਘ ਨੇ ਗਰਮੀ ਰੁੱਤ ਦੌਰਾਨ ਪਸੂਆਂ ਦੀ ਸਿਹਤ ਸੰਭਾਲ ਸੰਬੰਧੀ ਜਰੂਰੀ ਨੁਕਤੇ ਸਾਂਝੇ ਕੀਤੇ ਅਤੇ ਪਸੂ-ਖੁਰਾਕ ਦੀ ਮਹੱਤਤਾ ਸੰਬੰਧੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਸੂਆਂ ਦੀ ਖੁਰਾਕ ਘਰੇਲੂ ਪੱਧਰ ਤੇ ਹੀ ਤਿਆਰ ਕਰਨ ਤਾਂ ਜੋ ਡੇਅਰੀ ਫਾਰਮਿੰਗ ਨੂੰ ਹੋਰ ਮੁਨਾਫੇਬੰਦ ਬਣਾਇਆ ਜਾ ਸਕੇ।ਅੰਤ ਵਿੱਚ ਮਾਹਿਰਾਂ ਵੱਲੋਂ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਵੀ ਕੀਤਾ ਗਿਆ।

Leave a Reply

Your email address will not be published. Required fields are marked *