ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ-2024 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਹਲਕਿਆਂ ਵਿੱਚ ਸੈਕਟਰ ਅਫ਼ਸਰਾਂ ਲਈ ਇੱਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ।
ਇਹ ਸਿਖਲਾਈ ਸਹਾਇਕ ਰਿਟਰਨਿੰਗ ਅਫਸਰਾਂ (ਏ.ਆਰ.ਓ) ਦੀ ਨਿਗਰਾਨੀ ਹੇਠ ਕਰਵਾਈ ਗਈ।
ਸਿਖਲਾਈ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਅਤੇ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ (ਵੀ.ਵੀ. ਪੈਟ) ਮਸ਼ੀਨਾਂ ਦੇ ਕੰਮਕਾਜ ਬਾਰੇ ਜਾਣੂ ਕਰਵਾਉਣਾ ਸ਼ਾਮਲ ਸੀ। ਇਹ ਸਿਖਲਾਈ ਸੈਸ਼ਨ ਲੁਧਿਆਣਾ ਪੂਰਬੀ, ਜਗਰਾਉਂ, ਪਾਇਲ, ਆਤਮ ਨਗਰ, ਲੁਧਿਆਣਾ ਕੇਂਦਰੀ, ਦਾਖਾ, ਲੁਧਿਆਣਾ ਦੱਖਣੀ ਅਤੇ ਹੋਰ ਹਲਕਿਆਂ ਵਿੱਚ ਆਯੋਜਿਤ ਕੀਤੇ ਗਏ।
ਏ.ਆਰ.ਓ ਲੁਧਿਆਣਾ ਪੂਰਬੀ, ਚੇਤਨ ਬੰਗੜ ਨੇ ਦੱਸਿਆ ਕਿ ਸੈਕਟਰ ਅਫਸਰਾਂ ਦੀ ਚੋਣ ਪ੍ਰਬੰਧਨ ਵਿੱਚ ਅਹਿਮ ਭੂਮਿਕਾ ਹੁੰਦੀ ਹੈ ਅਤੇ ਉਹ ਚੋਣ ਪ੍ਰੋਗਰਾਮ ਦੇ ਐਲਾਨ ਤੋਂ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਚੋਣ ਪ੍ਰਬੰਧਨ ਲਈ ਜ਼ਿੰਮੇਵਾਰ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਸੈਕਟਰ ਅਫਸਰਾਂ ਨੂੰ 10-12 ਪੋਲਿੰਗ ਸਟੇਸ਼ਨਾਂ/ਸਥਾਨਾਂ ਵਾਲੇ ਹਲਕੇ ਦਾ ਇੱਕ ‘ਸੈਕਟਰ’ ਸੌਂਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਵੱਖਰੀ ਈ.ਵੀ.ਐਮ. ਮੁਹੱਈਆ ਕਰਵਾਈ ਗਈ ਸੀ ਅਤੇ ਉਨ੍ਹਾਂ ਮਸ਼ੀਨਾਂ ਦੀ ਵਰਤੋਂ ਕਰਕੇ ਹੀ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੈਕਟਰ ਅਫਸਰ ਨੂੰ ਪੋਲਿੰਗ ਪਾਰਟੀਆਂ ਲਈ ਕਿਸੇ ਵੀ ਸਿਖਲਾਈ ਸੈਸ਼ਨ ਤੋਂ ਖੁੰਝਣਾ ਨਹੀਂ ਚਾਹੀਦਾ ਅਤੇ ਉਹਨਾਂ ਨੂੰ ਈ.ਵੀ.ਐਮ/ਵੀ.ਵੀ. ਪੈਟ ਪ੍ਰਬੰਧਨ ਸੰਬੰਧੀ ਪ੍ਰੋਟੋਕੋਲ ਤੋਂ ਜਾਣੂ ਹੋਣਾ ਚਾਹੀਦਾ ਹੈ।
ਇਸ ਦੌਰਾਨ ਇੱਕ ਪ੍ਰਸ਼ਨ-ਉੱਤਰ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਭਾਈਵਾਲਾਂ ਵੱਲੋਂ ਸਵਾਲ ਕੀਤੇ ਗਏ ਅਤੇ ਮਾਸਟਰ ਟ੍ਰੇਨਰਾਂ ਵੱਲੋਂ ਈ.ਵੀ.ਐਮ. ਅਤੇ ਵੀ.ਵੀ. ਪੈਟ ਬਾਰੇ ਸਾਰੇ ਸ਼ੰਕਿਆਂ ਨੂੰ ਦੂਰ ਕਰਦਿਆਂ ਜੁਆਬ ਦਿੱਤੇ।