ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੇ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰਾਸ਼ਟਰ ਪਿਤਾ ਦਾ ਜੀਵਨ, ਫ਼ਲਸਫ਼ਾ ਅਤੇ ਕੁਰਬਾਨੀ ਹਮੇਸ਼ਾ ਚਾਨਣ ਮੁਨਾਰੇ ਵਾਂਗ ਰੁਸ਼ਨਾਉੰਦੇ ਰਹਿਣਗੇ ਅਤੇ ਸਾਨੂੰ ਸਾਰਿਆਂ ਨੂੰ ਸਮਾਜ, ਰਾਜ ਅਤੇ ਦੇਸ਼ ਦੀ ਨਿਸ਼ਕਾਮ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਰਹਿਣਗੇ। ਉਨ੍ਹਾਂ ਲੋਕਾਂ ਨੂੰ ਬਰਾਬਰੀ ਦੇ ਸਮਾਜ ਦੀ ਸਿਰਜਣਾ ਲਈ ਮਹਾਤਮਾ ਗਾਂਧੀ ਜੀ ਵੱਲੋਂ ਦਰਸਾਏ ਸ਼ਾਂਤੀ ਅਤੇ ਅਹਿੰਸਾ ਦੇ ਫ਼ਲਸਫ਼ੇ ‘ਤੇ ਚੱਲਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਨੇ ਭਾਰਤੀ ਆਜ਼ਾਦੀ ਸੰਗਰਾਮ ਨੂੰ ਇੱਕ ਜਨ ਅੰਦੋਲਨ ਵਿੱਚ ਤਬਦੀਲ ਕੀਤਾ ਜਿਸ ਨਾਲ ਦੇਸ਼ ਨੂੰ ਬਰਤਾਨਵੀ ਸਾਮਰਾਜਵਾਦ ਦੀ ਜਕੜ ਤੋਂ ਮੁਕਤ ਕਰਵਾਇਆ ਗਿਆ।

ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਵਾਹਿਦ ਵਿਸ਼ਵ ਆਗੂ ਸਨ ਜਿਨ੍ਹਾਂ ਨੇ ਅਹਿੰਸਾ ਦੀ ਆਪਣੀ ਵਿਚਾਰਧਾਰਾ ਰਾਹੀਂ ਆਜ਼ਾਦੀ ਦੀ ਲੜਾਈ ਜਿੱਤੀ। ਉਨ੍ਹਾਂ ਕਿਹਾ ਕਿ ਗਾਂਧੀ ਜੀ ਇੱਕ ਮਹਾਨ ਰਾਜਨੇਤਾ ਅਤੇ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਪਿਆਰ, ਸ਼ਾਂਤੀ ਅਤੇ ਅਹਿੰਸਾ ਦੇ ਆਪਣੇ ਫ਼ਲਸਫ਼ੇ ਦਾ ਪ੍ਰਚਾਰ ਕਰਨ ਲਈ ਦੁਨੀਆ ਭਰ ਦੀ ਯਾਤਰਾ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਲੋਕ ਮਹਾਤਮਾ ਗਾਂਧੀ ਜੀ ਦੀ ਵਿਚਾਰਧਾਰਾ ਦੇ ਪ੍ਰਸ਼ੰਸਕ ਅਤੇ ਪੈਰੋਕਾਰ ਹਨ।

ਹੋਰ ਖ਼ਬਰਾਂ :-  ਅਨਮੋਲ ਗਗਨ ਮਾਨ ਨੇ ਦਿੱਲੀ ਵਿਖੇ ਉਦਯੋਗਪਤੀਆਂ ਨਾਲ ਕੀਤੀ ਮੁਲਾਕਾਤ

ਲਾਲ ਬਹਾਦਰ ਸ਼ਾਸਤਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਾਰਤੀ ਰਾਜਨੀਤੀ ਦਾ ਇੱਕ ਅਜਿਹਾ ਚਾਨਣ ਮੁਨਾਰਾ ਦੱਸਿਆ ਜਿਸ ਨੇ ਭਾਰਤ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਲਈ ਮੁੱਖ ਧੁਰੇ ਵਜੋਂ ਕੰਮ ਕੀਤਾ। ਉਨ੍ਹਾਂ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ ਜੀ ਵੱਲੋਂ ਦਿੱਤਾ ਗਿਆ ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਹਮੇਸ਼ਾ ਸਾਡਾ ਮਾਰਗਦਰਸ਼ਨ ਕਰਨ ਸਣੇ ਭਾਰਤ ਨੂੰ ਇੱਕ ਆਤਮ-ਨਿਰਭਰ ਅਤੇ ਸੁਰੱਖਿਅਤ ਰਾਸ਼ਟਰ ਵਜੋਂ ਅੱਗੇ ਵਧਾਉਣ ਵਿੱਚ ਮਦਦ ਕਰਦਾ ਰਹੇਗਾ। ਲੋਕਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪ੍ਰਚਾਰੀਆਂ ਗਈਆਂ ਸਵੈ-ਅਨੁਸ਼ਾਸਨ, ਸਮਰਪਣ ਅਤੇ ਸਖ਼ਤ ਮਿਹਨਤ ਦੀਆਂ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਨ ਦਾ ਸੱਦਾ ਦਿੰਦਿਆਂ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ ਜੀ ਇਮਾਨਦਾਰੀ, ਨੈਤਿਕਤਾ ਅਤੇ ਸਾਦਗੀ ਦੇ ਪ੍ਰਤੀਕ ਸਨ ਅਤੇ ਆਪਣੇ ਦੇਸ਼ ਦੇ ਸਰਬਪੱਖੀ ਵਿਕਾਸ ਅਤੇ ਖ਼ੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਜੋਸ਼ ਨਾਲ ਕੰਮ ਕਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

Leave a Reply

Your email address will not be published. Required fields are marked *