ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਬੀ.ਡੀ.ਪੀ.ਓ. ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਲਾਕ ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਾਇਨਾਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀਡੀਪੀਓ) ਸਰਬਜੀਤ ਸਿੰਘ ਨੂੰ ਇਲਾਕੇ ਦੇ ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਬੀਡੀਪੀਓ ਨੂੰ ਜਾਂਚ ਉਪਰੰਤ ਰਿਸ਼ਵਤਾਂ ਲੈਣ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਮਮਦੋਟ ਦੇ ਪਿੰਡ ਕੋਠੇ ਕਿੱਲੀ ਵਾਲੇ ਦੇ ਸਰਪੰਚ ਪਿੱਪਲ ਸਿੰਘ, ਪਿੰਡ ਮੁਹੰਮਦ ਖਾਨ ਨਿਆਜੀਆਂ ਦੇ ਸਰਪੰਚ ਪ੍ਰਗਟ ਸਿੰਘ, ਪਿੰਡ ਗੱਟੀ ਮਸਤਾਨ ਨੰਬਰ 2 ਦੇ ਸਰਪੰਚ ਅਨੋਖ ਸਿੰਘ, ਪਿੰਡ ਚੱਕ ਅਮਰੀਕ ਸਿੰਘ ਵਾਲਾ ਦੀ ਸਰਪੰਚ ਪਰਮਜੀਤ ਕੌਰ ਦੇ ਪਤੀ ਗੁਰਬਚਨ ਸਿੰਘ, ਗੱਟੀ ਮਸਤਾ ਨੰਬਰ-01 ਪਿੰਡ ਦੇ ਸਰਪੰਚ ਸਰਜੀਤ ਸਿੰਘ ਅਤੇ ਪਿੰਡ ਕੋਟ ਬਿਸ਼ਨ ਸਿੰਘ ਮਾਨਾਵਾਲਾ ਦੇ ਸਰਪੰਚ ਪਰਮਜੀਤ ਸਿੰਘ ਨੇ ਤਫ਼ਤੀਸ਼ੀ ਅਫ਼ਸਰ ਅੱਗੇ ਬਿਆਨ ਦਿੱਤਾ ਕਿ ਉਕਤ ਬੀ.ਡੀ.ਪੀ.ਓ. ਬਲਾਕ ਦੀਆਂ ਪੰਚਾਇਤਾਂ ਦੇ ਕੰਮ ਕਰਵਾਉਣ ਤੋਂ ਪਹਿਲਾਂ ਅਤੇ ਕੰਮ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਤੋਂ ਰਿਸ਼ਵਤਾਂ ਲੈਂਦਾ ਸੀ। ਉਨ੍ਹਾਂ ਅੱਗੇ ਹੋਰ ਦੋਸ਼ ਲਾਇਆ ਕਿ ਜੇਕਰ ਉਸ ਨੂੰ ਰਿਸ਼ਵਤ ਨਹੀਂ ਸੀ ਦਿੱਤੀ ਜਾਂਦੀ ਤਾਂ ਉਹ ਪਿੰਡ ਦੇ ਕੰਮਾਂ ਸਬੰਧੀ ਮਨਜ਼ੂਰੀਆਂ ਦੇਣ ਵਿੱਚ ਦੇਰੀ ਕਰਦਾ ਸੀ।

ਪੜਤਾਲ ਦੌਰਾਨ ਰਿਕਾਰਡ ਵਿੱਚ ਇਹ ਵੀ ਸਾਹਮਣੇ ਆਇਆ ਕਿ ਪਿੰਡ ਬਸਤੀ ਦੂਲਾ ਸਿੰਘ ਵਿਖੇ ਜ਼ੀਰੋ ਲਾਈਨ ’ਤੇ ਕੀਤੇ ਗਏ ਕੰਮਾਂ ਦੀ ਅਦਾਇਗੀ ਕਰਨ ਬਦਲੇ ਸਰਪੰਚ ਜਸਵੰਤ ਸਿੰਘ ਨੇ ਉਕਤ ਬੀਡੀਪੀਓ ਸਰਬਜੀਤ ਸਿੰਘ ਦੇ ਮੋਬਾਈਲ ‘ਤੇ ਆਪਣੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਖਾਤੇ ਤੋਂ ਗੂਗਲ ਪੇਅ ਰਾਹੀਂ ਦੋ ਵਾਰੀ ਕ੍ਰਮਵਾਰ 30,000 ਰੁਪਏ ਅਤੇ 5,000 ਰੁਪਏ ਰਿਸ਼ਵਤ ਟਰਾਂਸਫਰ ਕੀਤੀ ਸੀ। ਉਕਤ ਸਰਪੰਚ ਨੇ ਅੱਗੇ ਇਹ ਵੀ ਦੋਸ਼ ਲਾਇਆ ਕਿ ਉਸ ਨੇ ਹਾਲ ਹੀ ਵਿੱਚ ਪਿੰਡ ‘ਚ ਵਿਕਾਸ ਕਾਰਜ ਮੁਕੰਮਲ ਕਰਨ ਬਦਲੇ ਬੀਡੀਪੀਓ ਦੇ ਉਸੇ ਖਾਤੇ ਵਿੱਚ 10 ਹਜ਼ਾਰ ਰੁਪਏ ਹੋਰ ਤਬਦੀਲ ਕੀਤੇ ਹਨ।

ਹੋਰ ਖ਼ਬਰਾਂ :-  ਲੁਧਿਆਣਾ ਨਗਰ ਨਿਗਮ ਦਾ ਕਲਰਕ 11500 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਗ੍ਰਿਫਤਾਰ

ਉਕਤ ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਉਹ ਡਰ ਅਤੇ ਮਜ਼ਬੂਰੀ ਦੇ ਚੱਲਦਿਆਂ ਹੁਣ ਤੱਕ ਉਕਤ ਅਧਿਕਾਰੀ ਨੂੰ ਰਿਸ਼ਵਤਾਂ ਦੇ ਰਹੇ ਸਨ ਪਰ ਹੁਣ ਉਹ ਰਿਸ਼ਵਤ ਦੇ ਕੇ ਕੰਮ ਕਰਵਾਉਣਾ ਨਹੀਂ ਚਾਹੁੰਦੇ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਸਬੂਤ ਵਜੋਂ ਕੀਤੇ ਗਏ ਭੁਗਤਾਨਾਂ ਅਤੇ ਬੈਂਕ ਖਾਤੇ ਦੇ ਵੇਰਵਿਆਂ ਦੇ ਸਕ੍ਰੀਨਸ਼ੌਟ ਵੀ ਜਮ੍ਹਾਂ ਕਰਵਾਏ ਹਨ।

ਬੁਲਾਰੇ ਨੇ ਦੱਸਿਆ ਕਿ ਉਕਤ ਸਰਪੰਚਾਂ ਤੋਂ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਉਕਤ ਬੀ.ਡੀ.ਪੀ.ਓ. ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

dailytweetnews.com

Leave a Reply

Your email address will not be published. Required fields are marked *