ਸਟਾਰ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ, ਜਿਸ ਨੂੰ ਬੁੱਧਵਾਰ (7 ਅਗਸਤ) ਨੂੰ ਉਸ ਦੇ 50 ਕਿਲੋਗ੍ਰਾਮ ਵਰਗ ਦੇ ਸੋਨ ਤਮਗੇ ਮੁਕਾਬਲੇ ਤੋਂ ਪਹਿਲਾਂ 100 ਗ੍ਰਾਮ ਜ਼ਿਆਦਾ ਭਾਰ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ, ਪੈਰਿਸ ਓਲੰਪਿਕ 2024 ਵਿੱਚ ਅਜੇ ਵੀ ਚਾਂਦੀ ਦਾ ਤਗਮਾ ਜਿੱਤ ਸਕਦੀ ਹੈ।
ਵੀਰਵਾਰ ਨੂੰ ਤਾਜ਼ਾ ਘਟਨਾਕ੍ਰਮ ਦੇ ਅਨੁਸਾਰ, ਵਿਨੇਸ਼ ਨੇ ਦੋ ਮਾਮਲਿਆਂ ‘ਤੇ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐਸ) ਵਿੱਚ ਆਪਣੀ ਅਯੋਗਤਾ ਵਿਰੁੱਧ ਅਪੀਲ ਕੀਤੀ ਸੀ। ਪਹਿਲਾਂ ਉਸ ਦਾ ਦੁਬਾਰਾ ਵਜਨ ਕਰਨ ਦੀ ਅਪੀਲ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਅਤੇ ਕਿਹਾ ਕਿ ਫੈਸਲਾ ਹੋ ਗਿਆ ਹੈ ਅਤੇ ਸੋਨ ਤਗਮੇ ਦਾ ਮੈਚ ਨਿਰਧਾਰਤ ਸਮੇਂ ਅਨੁਸਾਰ ਖੇਡਿਆ ਜਾਵੇਗਾ।
ਦੂਜੀ ਅਪੀਲ ਉਸ ਨੂੰ ਚਾਂਦੀ ਦਾ ਤਗਮਾ ਦੇਣ ਦੀ ਸੀ ਕਿਉਂਕਿ ਉਸ ਨੇ ਮੰਗਲਵਾਰ ਨੂੰ ਸਹੀ ਵਜ਼ਨ ਨਾਲ ਇਹ ਜਿੱਤੀ ਸੀ। ਸੀਏਐਸ ਨੇ ਕਿਹਾ ਹੈ ਕਿ ਉਹ ਇਸ ‘ਤੇ ਵਿਚਾਰ ਕਰੇਗਾ। ਸੀਏਐਸ ਵੱਲੋਂ ਇਸ ਮਾਮਲੇ ਦੀ ਸੁਨਵਾਈ ਹੁਣ 09 ਅਗਸਤ (ਅੱਜ) ਹੋਵੇਗੀ।
ਦੱਸਣਯੋਗ ਹੈ ਕਿ ਓਲੰਪਿਕ ਖੇਡਾਂ ਦੌਰਾਨ ਪੈਦਾ ਹੋਣ ਵਾਲੇ ਕਿਸੇ ਵੀ ਵਿਵਾਦ ਦੇ ਹੱਲ ਲਈ ਪੈਰਿਸ ਵਿੱਚ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐਸ) ਦੀ ਇੱਕ ਐਡਹਾਕ ਡਿਵੀਜ਼ਨ ਸਥਾਪਤ ਕੀਤੀ ਗਈ ਹੈ।