ਕੇਜਰੀਵਾਲ ਦਾ ਸੁਨੇਹਾ: ਮੇਰੀ ਚਿੰਤਾ ਨਾ ਕਰੋ, ਤੁਸੀਂ ਸਾਰੇ ਵੋਟ ਪਾਓ, ਤਾਨਾਸ਼ਾਹੀ ਵਿਰੁੱਧ ਵੋਟ ਕਰੋ, ਸਾਡੇ ਸੰਵਿਧਾਨ ਨੂੰ ਬਚਾਉਣ ਲਈ ਵੋਟ ਕਰੋ

Image Credit: PTI

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਤਿਹਾੜ ਜੇਲ੍ਹ ਵਿੱਚ ਮੁਲਾਕਾਤ ਕੀਤੀ।

ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਜੀ ਨੇ ਮੈਨੂੰ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਬਾਰੇ ਪੁੱਛਿਆ ਅਤੇ ਪੁੱਛਿਆ ਕਿ ਸਾਨੂੰ ਚੋਣ ਜ਼ਾਬਤੇ ਕਾਰਨ ਜਾਂ ਕੇਂਦਰ ਸਰਕਾਰ ਦੇ ਦਬਾਅ ਕਾਰਨ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਹੈ। ਮੈਂ ਉਨ੍ਹਾਂ ਨੂੰ ਦੱਸਿਆ ਕਿ ਸਭ ਕੁਝ ਸੁਚਾਰੂ ਅਤੇ ਵਧੀਆ ਢੰਗ ਨਾਲ ਚੱਲ ਰਿਹਾ ਹੈ। ਅਸੀਂ ਆਪਣੇ ਹਿੱਸੇ ਦੀ 130 ਲੱਖ ਮੀਟ੍ਰਿਕ ਟਨ ਕਣਕ ਕੇਂਦਰ ਨੂੰ ਦੇਣ ਲਈ ਤਿਆਰ ਹਾਂ। ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕੀਤੀ ਜਾ ਰਹੀ ਹੈ।

ਭਗਵੰਤ ਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਆਪਣੇ ਗੁਜਰਾਤ ਅਤੇ ਅਸਾਮ ਦੇ ਦੌਰਿਆਂ ਅਤੇ ਪੰਜਾਬ ਵਿੱਚ ਉਨ੍ਹਾਂ ਦੇ ਚੋਣ ਪ੍ਰਚਾਰ ਬਾਰੇ ਜਾਣੂ ਕਰਵਾਇਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਸਾਨੂੰ (ਆਪ) ਨੂੰ ਹਰ ਥਾਂ ਤੋਂ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕ ਜਾਣਦੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਗਲਤ ਤਰੀਕੇ ਨਾਲ ਸਲਾਖ਼ਾਂ ਪਿੱਛੇ ਡੱਕਿਆ ਗਿਆ ਹੈ। ਲੋਕ ਤਾਨਾਸ਼ਾਹੀ ਦੇ ਖ਼ਿਲਾਫ਼ ਵੋਟ ਪਾਉਣ ਲਈ ਤਿਆਰ ਹਨ। ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਿਹਤ ਬਿਹਤਰ ਹੈ, ਉਹ ਨਿਯਮਤ ਇਨਸੁਲਿਨ ਅਤੇ ਮੈਡੀਕਲ ਜਾਂਚ ਕਰਵਾ ਰਹੇ ਹਨ।

ਮਾਨ ਨੇ ਅਰਵਿੰਦ ਕੇਜਰੀਵਾਲ ਦਾ ਸੰਦੇਸ਼ ਵੀ ਸਾਂਝਾ ਕੀਤਾ ਅਤੇ ਕਿਹਾ ਕਿ ਕੇਜਰੀਵਾਲ ਜੀ ਚਾਹੁੰਦੇ ਹਨ ਕਿ ਤੁਸੀਂ (ਲੋਕ) ਉਨ੍ਹਾਂ ਦੀ ਚਿੰਤਾ ਨਾ ਕਰੋ, ਉਹ ਠੀਕ ਹਨ। ਉਹ ਲੋਕਾਂ ਦੇ ਹੱਕਾਂ ਲਈ ਅਤੇ ਸਾਡੇ ਲੋਕਤੰਤਰ ਨੂੰ ਬਚਾਉਣ ਲਈ ਲੜਦੇ ਰਹਿਣਗੇ। ਉਨ੍ਹਾਂ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਕਿ ਸਾਡੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਵੋਟ ਕਰੋ। ਤਾਨਾਸ਼ਾਹੀ ਦੇ ਖ਼ਿਲਾਫ਼ ਵੋਟ ਕਰੋ। ਨਫ਼ਰਤ ਦੀ ਰਾਜਨੀਤੀ ਨੂੰ ਜਿੱਤਣ ਨਾ ਦਿਓ, ਕੰਮ ਦੀ ਰਾਜਨੀਤੀ ਨੂੰ ਚੁਣੋ।

ਹੋਰ ਖ਼ਬਰਾਂ :-  ਅਰਜੁਨ ਐਵਾਰਡੀ ਪੰਜਾਬ ਦੇ ਡੀਐਸਪੀ ਦੀ ਭੇਤਭਰੀ ਹਾਲਤ ਵਿੱਚ ਲਾਸ਼ ਮਿਲੀ।

ਜ਼ਿਕਰਯੋਗ ਹੈ ਕਿ ਭਗਵੰਤ ਮਾਨ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਮਿਲ ਕੇ ਆਏ ਸਨ, ਉਨ੍ਹਾਂ ਨੇ ਕੇਜਰੀਵਾਲ ਨਾਲ ਜੇਲ੍ਹ ਵਿੱਚ ਹੋ ਰਹੇ ਵਿਵਹਾਰ ਦੇ ਖਿਲਾਫ ਇਤਰਾਜ਼ ਜਤਾਇਆ ਸੀ। ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਕੇਜਰੀਵਾਲ ਜੀ ਦੀ ਸਿਹਤ ਠੀਕ ਹੈ, ਕਿਉਂਕਿ ਹੁਣ ਉਨ੍ਹਾਂ ਨੂੰ ਇੰਸੁਲਿਨ ਲੱਗ ਰਹੀ ਹੈ, ਪਰ ਮੀਟਿੰਗ ਪਿਛਲੀ ਵਾਰ ਦੀ ਤਰ੍ਹਾਂ ਹੀ ਕਰਵਾਈ ਗਈ। ਉਨ੍ਹਾਂ ਨੇ ਮੈਨੂੰ ( ਭਗਵੰਤ ਮਾਨ) ਸ਼ੀਸ਼ੇ ਦੇ ਦੂਜੇ ਪਾਸੇ ਬੈਠਣ ਲਈ ਕਿਹਾ ਗਿਆ ਅਤੇ ਮੇਰੇ (ਮਾਨ) ਨਾਲ ਕੇਜਰੀਵਾਲ ਜੀ ਨੇ ਇੰਟਰਕਾਮ ਫ਼ੋਨ ਰਾਹੀਂ ਗੱਲ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਉਹ ਸੋਚਦੇ ਹਨ ਕਿ ਉਹ (ਭਾਜਪਾ) ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੇ ਹਨ, ਉਨ੍ਹਾਂ ਦੇ ਜਜ਼ਬੇ ਨੂੰ ਤੋੜ ਸਕਦੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਰੋਕ ਸਕਦੇ ਹਨ, ਪਰੰਤੂ ਉਹ ਗਲਤ ਹਨ, ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਇਸ ਔਖੇ ਸਮੇਂ ਵਿੱਚ ਪੂਰੀ ਹਿੰਮਤ ਨਾਲ ਅੱਗੇ ਵਧਣਗੇ ਅਤੇ ਹੋਰ ਮਜ਼ਬੂਤ ਹੋਣਗੇ।

Leave a Reply

Your email address will not be published. Required fields are marked *