ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਆਨੰਦਪੁਰ ਸਾਹਿਬ ਅਤੇ ਪਟਿਆਲਾ ਪਾਰਲੀਮਾਨੀ ਹਲਕਿਆਂ ’ਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਦੌਰਾਨ ਕੁੱਲ 61.01 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ 052-ਖਰੜ, 053-ਐੱਸ ਏ ਐੱਸ ਨਗਰ ਅਤੇ 112-ਡੇਰਾਬੱਸੀ ਹਲਕਿਆਂ ਵਿੱਚ ਵੋਟਿੰਗ ਦੀ ਸਮੁੱਚੀ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਬਿਨਾਂ ਕਿਸੇ ਰੁਕਾਵਟ ਦੇ ਮੁਕੰਮਲ ਹੋਈ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਬਿਨਾਂ ਕਿਸੇ ਡਰ ਅਤੇ ਭੈਅ ਦੇ ਵੋਟਾਂ ਵਿੱਚ ਹਿੱਸਾ ਲੈ ਕੇ ਆਪਣੀ ਵੋਟ ਪਾਈ।
ਉੁਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਡੇਰਾਬੱਸੀ ਵਿੱਚ ਸਭ ਤੋਂ ਵੱਧ 66.08 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ ਜਦਕਿ ਐੱਸ ਏ ਐੱਸ ਨਗਰ 60.16 ਪ੍ਰਤੀਸ਼ਤ ਨਾਲ ਦੂਜੇ ਸਥਾਨ ’ਤੇ ਅਤੇ ਖਰੜ 56.8 ਫ਼ੀਸਦੀ ਮਤਦਾਨ ਨਾਲ ਤੀਜੇ ਸਥਾਨ ’ਤੇ ਰਿਹਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮਤਦਾਨ ਪ੍ਰਕਿਰਿਆ ਮੁਕੰਮਲ ਹੋਣ ਬਾਅਦ ਪੋਲਿੰਗ ਪਾਰਟੀਆਂ ਪਾਸੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ ਵੀ ਐਮ) ਅਤੇ ਵੋਟਰ-ਵੈਰੀਫਾਈਡ ਪੇਪਰ ਆਡਿਟ ਟ੍ਰੇਲ (ਵੀ ਵੀ ਪੈਟ) ਮਸ਼ੀਨਾਂ ਸਫ਼ਲਤਾਪੂਰਵਕ ਜਮ੍ਹਾਂ ਕਰ ਲਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਐੱਸ ਏ ਐੱਸ ਨਗਰ ਅਤੇ ਖਰੜ ਹਲਕਿਆਂ ਨਾਲ ਸਬੰਧਤ ਇਹ ਮਸ਼ੀਨਾਂ ਸਰਕਾਰੀ ਬਹੁਤਕਨੀਕੀ, ਖਰੜ ਵਿਖੇ ਸਥਾਪਿਤ ਸਟਰੌਂਗ ਰੂਮਜ਼ ਵਿਖੇ ਸਥਾਨਕ ਪੁਲਿਸ, ਸਟੇਟ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਤਿੰਨ ਪਰਤੀ ਸਖ਼ਤ ਸੁਰੱਖਿਆ ਘੇਰੇ ਵਿੱਚ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ 24 ਘੰਟੇ ਨਿਗਰਾਨੀ ਹੇਠ ਰੱਖੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ, ਜਿਸ ਦੌਰਾਨ ਵੋਟਾਂ ਦੀ ਗਿਣਤੀ ਲਈ ਗਿਣਤੀ ਕੇਂਦਰਾਂ ਵਿੱਚ ਲੋੜੀਂਦਾ ਕਾਊਂਟਿੰਗ ਸਟਾਫ਼ ਤਾਇਨਾਤ ਕੀਤਾ ਜਾਵੇਗਾ। ਖਰੜ ਅਤੇ ਐੱਸ ਏ ਐੱਸ ਨਗਰ ਹਲਕਿਆਂ ਦੀ ਗਿਣਤੀ ਸਰਕਾਰੀ ਬਹੁਤਕਨੀਕੀ, ਖਰੜ ਵਿਖੇ ਜਦਕਿ ਡੇਰਾਬੱਸੀ ਹਲਕੇ ਦੀ ਗਿਣਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਹੋਵੇਗੀ।