ਵੇਕ-ਅੱਪ ਲੁਧਿਆਣਾ – 12 ਜੁਲਾਈ ਨੂੰ ਵਿਸ਼ਾਲ ਮੁਹਿੰਮ ਤਹਿਤ ਲੁਧਿਆਣਾ ਪ੍ਰਸ਼ਾਸਨ ਵੱਲੋਂ ਇੱਕ ਦਿਨ ‘ਚ 1.3 ਲੱਖ ਬੂਟੇ ਲਗਾਏ ਜਾਣਗੇ

Sakshi Sawhney DC Ludhiana

ਜ਼ਿਲ੍ਹੇ ਦੀ ਹਰਿਆਵਲ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਇਕ ਨਿਵੇਕਲੀ ਪਹਿਲਕਦਮੀ ਤਹਿਤ ਲੁਧਿਆਣਾ ਪ੍ਰਸ਼ਾਸਨ ਵੱਲੋਂ 12 ਜੁਲਾਈ ਨੂੰ ਵੱਖ-ਵੱਖ ਥਾਵਾਂ ‘ਤੇ 1.33 ਲੱਖ ਬੂਟੇ ਲਗਾ ਕੇ ਵੱਡੇ ਪੱਧਰ ‘ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ। ਇਹ ਜਨ-ਅਭਿਆਨ ਵੇਕ-ਅੱਪ ਲੁਧਿਆਣਾ ਮਿਸ਼ਨ ਦਾ ਹਿੱਸਾ ਹੈ, ਜਿਸਦੇ ਤਹਿਤ ਨਗਰ ਨਿਗਮ ਲੁਧਿਆਣਾ, ਨਗਰ ਕੌਂਸਲਾਂ, ਪੇਂਡੂ ਵਿਕਾਸ ਅਤੇ ਪੰਚਾਇਤਾਂ ਅਤੇ ਲੋਕ ਨਿਰਮਾਣ ਵਿਭਾਗ ਨੂੰ ਪੌਦੇ ਲਗਾਉਣ ਦੇ ਵਿਸ਼ੇਸ਼ ਟੀਚੇ ਨਿਰਧਾਰਤ ਕੀਤੇ ਗਏ ਹਨ।

ਨਗਰ ਨਿਗਮ ਲੁਧਿਆਣਾ ਵੱਲੋਂ 21 ਥਾਵਾਂ ‘ਤੇ 22,300 ਬੂਟੇ ਲਗਾਏ ਜਾਣਗੇ, ਜਿਨ੍ਹਾਂ ਵਿੱਚ ਸ਼ਾਮਲ ਹਨ :
– ਨਹਿਰੂ ਰੋਜ਼ ਗਾਰਡਨ
– ਰੱਖ ਬਾਗ
– ਬੁੱਢਾ ਦਰਿਆ ਦੇ ਨਾਲ (ਜ਼ੋਨ-ਏ, ਬੀ, ਅਤੇ ਡੀ)
– ਜੀਵਨ ਨਗਰ
– ਅੰਡਰਪਾਸ ਜ਼ੋਨ-ਡੀ ਨੇੜੇ ਗ੍ਰੀਨ ਬੈਲਟ
– ਡੀ.ਏ.ਵੀ. ਸਕੂਲ ਦੇ ਸਾਹਮਣੇ ਲਈਅਰ ਵੈਲੀ
– ਡੌਗ ਪਾਰਕ
– ਪਾਰਕ ਜੇ ਬਲਾਕ
– ਤ੍ਰਿਕੋਨਾ ਪਾਰਕ
– ਪਾਰਕ ਲੋਧੀ ਕਲੱਬ ਰੋਡ
– ਪਾਰਕ ਰੇਲਵੇ ਸਾਈਡ
– ਵਿਸ਼ਵਕਰਮਾ ਪਾਰਕ
– ਬਸੰਤ ਪਾਰਕ
– ਮਿੰਨੀ ਰੋਜ਼ ਗਾਰਡਨ ਗਿਆਸਪੁਰਾ
– ਮਿੰਨੀ ਰੋਜ਼ ਗਾਰਡਨ
– ਕਿਦਵਈ ਨਗਰ
– ਪਾਰਕ ਈ.ਡਬਲਿਊ.ਐਸ. ਕਲੋਨੀ
– ਪਾਰਕ ਪ੍ਰੇਮ ਵਿਹਾਰ
– ਪਾਰਕ ਨਿਊ ਸਟਾਰ ਸਿਟੀ
– ਪਾਰਕ ਛਪਾਰ ਵਾਲਾ, ਬਾੜੇਵਾਲ

ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦੀ ਦੇਖ-ਰੇਖ ਹੇਠ ਖੰਨਾ, ਸਾਹਨੇਵਾਲ, ਮਲੌਦ, ਸਮਰਾਲਾ, ਮਾਛੀਵਾੜਾ, ਮੁੱਲਾਂਪੁਰ ਦਾਖਾ, ਰਾਏਕੋਟ, ਜਗਰਾਉਂ, ਪਾਇਲ ਅਤੇ ਦੋਰਾਹਾ ਦੀਆਂ ਨਗਰ ਕੌਂਸਲਾਂ ਆਪੋ-ਆਪਣੇ ਖੇਤਰਾਂ ਵਿੱਚ ਸਮੂਹਿਕ ਤੌਰ ‘ਤੇ 1270 ਬੂਟੇ ਲਗਾਉਣਗੀਆਂ।

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਗਾਲਿਬ ਕਲਾਂ, ਸਿੱਧਵਾਂ ਬੇਟ, ਖਾਸੀ ਕਲਾਂ ਅਤੇ ਲਤਾਲਾ ਪਿੰਡਾਂ ਵਿੱਚ 1.10 ਲੱਖ ਬੂਟੇ ਲਗਾਉਣ ਦੀ ਜ਼ਿੰਮੇਵਾਰੀ ਨਿਭਾਏਗਾ।

ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ (ਬੀ.ਐਂਡ.ਆਰ) ਵੱਲੋਂ ਰਾਹੋਂ ਰੋਡ ‘ਤੇ ਪਿੰਡ ਗਹਿਲੇਵਾਲ ਵਿਖੇ ਆਪਣੀ ਜ਼ਮੀਨ ‘ਤੇ 200 ਦੇ ਕਰੀਬ ਬੂਟੇ ਲਗਾਏ ਜਾਣਗੇ।

ਹੋਰ ਖ਼ਬਰਾਂ :-  ਬਾਗਬਾਨੀ ਵਿਭਾਗ ਵਲੋਂ ਜਾਗਰੂਕਤਾ ਕੈਂਪ ਆਯੋਜਿਤ

ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 12 ਜੁਲਾਈ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਬੂਟੇ ਲਗਾਉਣ ਲਈ ਇਨ੍ਹਾਂ ਸਥਾਨਾਂ ‘ਤੇ ਪਹੁੰਚਣ। ਉਹ ਇੱਕ ਬੂਟਾ ਲਗਾ ਸਕਦੇ ਹਨ, ਇੱਕ ਸੈਲਫੀ ਲੈ ਸਕਦੇ ਹਨ, ਅਤੇ ਇੱਕ ਔਨਲਾਈਨ ਸਰਟੀਫਿਕੇਟ ਬਣਾਉਣ ਲਈ ਇਸਨੂੰ ਗੂਗਲ ਫਾਰਮ ‘ਤੇ ਅਪਲੋਡ ਕਰ ਸਕਦੇ ਹਨ। ਗੂਗਲ ਫਾਰਮ ਲਈ ਲਿੰਕ: https://forms.gle/1bh6WrgzFGkUhAyf7

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਹ ਪਹਿਲਕਦਮੀ ਜ਼ਿਲ੍ਹੇ ਵਿੱਚ ਹਰਿਆਲੀ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ। ਜੰਗਲਾਤ ਰਕਬੇ ਦੇ ਤੇਜ਼ੀ ਨਾਲ ਘਟਣ ਨੂੰ ਧਿਆਨ ਵਿੱਚ ਰੱਖਦੇ ਹੋਏ, ਵੱਧ ਤੋਂ ਵੱਧ ਪੌਦੇ ਲਗਾਉਣ ਦੇ ਯਤਨਾਂ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਲੁਧਿਆਣਾ ਨੂੰ ਹਰਿਆ ਭਰਿਆ ਸਥਾਨ ਪ੍ਰਦਾਨ ਕਰਨ ਦੀ ਮਹੱਤਤਾ ਅਤੇ ਲਗਾਏ ਗਏ ਬ{ਟਿਆਂ ਦੀ ਸਹੀ ਸਾਂਭ-ਸੰਭਾਲ ਦੀ ਲੋੜ ‘ਤੇ ਜ਼ੋਰ ਦਿੱਤਾ।

ਡਿਪਟੀ ਕਮਿਸ਼ਨਰ ਸਾਹਨੀ ਨੇ ਇਹ ਵੀ ਦੱਸਿਆ ਕਿ ਇਹ ਪੌਦੇ ਲਗਾਉਣ ਦੀ ਮੁਹਿੰਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨਾਲ ਮੇਲ ਖਾਂਦੀ ਹੈ ਤਾਂ ਜੋ ਪੰਜਾਬ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਰੁੱਖ ਲਗਾਉਣ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਾਗਰਿਕਾਂ ਦੀ ਤੰਦਰੁਸਤੀ ਲਈ ਇੱਕ ਸਾਫ਼ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਜ਼ਰੂਰੀ ਹੈ, ਕਿਉਂਕਿ ਰੁੱਖ ਆਕਸੀਜਨ ਦਾ ਮੁੱਖ ਸਰੋਤ ਹਨ, ਜੋ ਮਨੁੱਖੀ ਜੀਵਨ ਲਈ ਮਹੱਤਵਪੂਰਨ ਹਨ।

ਆਓ ਰਲ ਕੇ ਲੁਧਿਆਣਾ ਨੂੰ ਹਰਿਆ ਭਰਿਆ ਅਤੇ ਸਾਫ਼ ਸੁਥਰਾ ਸ਼ਹਿਰ ਬਣਾਈਏ! ਵੇਕ-ਅੱਪ ਲੁਧਿਆਣਾ ਮਿਸ਼ਨ ਨਾਲ ਜੁੜੋ ਅਤੇ ਇਸ ਨੇਕ ਪਹਿਲ ਦਾ ਹਿੱਸਾ ਬਣੋ।

Leave a Reply

Your email address will not be published. Required fields are marked *