ਗਲੇਨ ਮੈਕਸਵੈੱਲ ਨੂੰ ਟੈਸਟ ਕ੍ਰਿਕਟ ਖੇਡੇ ਸੱਤ ਸਾਲ ਹੋ ਗਏ ਹਨ। ਅਜੇ ਵੀ ਉਸ ਨੇ ਵਾਪਸੀ ਦੀ ਉਮੀਦ ਨਹੀਂ ਛੱਡੀ ਹੈ। ਮੈਕਸਵੈੱਲ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਉਨ੍ਹਾਂ ਨੇ ਕ੍ਰਿਕਟ ਦੇ ਸਭ ਤੋਂ ਲੰਬੇ ਫਾਰਮੈਟ ‘ਚ ਖੇਡਣ ਦਾ ਸੁਪਨਾ ਦੇਖਿਆ ਸੀ। ਉਹ ਸੁਪਨਾ ਅੱਜ ਵੀ ਦੇਖ ਰਿਹਾ ਹੈ। ਸੀਮਤ ਓਵਰਾਂ ਦੇ ਕ੍ਰਿਕਟ ਸਟਾਰ ਗਲੇਨ ਮੈਕਸਵੈੱਲ ਨੇ ਭਾਵੇਂ ਸੱਤ ਸਾਲਾਂ ਤੋਂ ‘ਬੈਗੀ ਗ੍ਰੀਨ’ ਨਹੀਂ ਪਹਿਨਿਆ ਹੋਵੇ, ਪਰ 36 ਸਾਲਾ ਖਿਡਾਰੀ ਨੇ ਕਿਹਾ ਕਿ ਉਸ ਵਿੱਚ ਅਜੇ ਵੀ ਟੈਸਟ ਕ੍ਰਿਕਟ ਖੇਡਣ ਦੀ ਇੱਛਾ ਹੈ। ਜੇਕਰ ਉਹ ਇਸ ਸੁਪਨੇ ਨੂੰ ਛੱਡ ਦਿੰਦਾ ਹੈ, ਤਾਂ ਇਹ ਨੌਜਵਾਨ ਮੈਕਸਵੈੱਲ ਨਾਲ ਬੇਇਨਸਾਫੀ ਹੋਵੇਗੀ ਜਿਸ ਨੇ ਲੰਬੇ ਫਾਰਮੈਟ ਵਿੱਚ ਖੇਡਣ ਦਾ ਸੁਪਨਾ ਦੇਖਿਆ ਸੀ।
ਮੈਕਸਵੈੱਲ ਨੇ ਸੀਮਤ ਓਵਰਾਂ ਦੀ ਕ੍ਰਿਕਟ ‘ਚ ਆਪਣੀ ਖਾਸ ਛਾਪ ਛੱਡੀ ਹੈ। ਪਰ ਉਹ ਹੁਣ ਤੱਕ ਸਿਰਫ਼ ਸੱਤ ਟੈਸਟ ਮੈਚ ਹੀ ਖੇਡ ਸਕਿਆ ਹੈ। ਉਸਨੇ ਆਪਣਾ ਆਖਰੀ ਟੈਸਟ 2017 ਵਿੱਚ ਆਸਟਰੇਲੀਆ ਦੇ ਬੰਗਲਾਦੇਸ਼ ਦੌਰੇ ਦੌਰਾਨ ਖੇਡਿਆ ਸੀ। ਮੈਕਸਵੈੱਲ ਨੇ ESPNcricinfo ਨੂੰ ਕਿਹਾ, ‘ਮੇਰਾ ਮੰਨਣਾ ਹੈ ਕਿ ਜੇਕਰ ਮੈਂ ਟੈਸਟ ਕ੍ਰਿਕਟ ਖੇਡਣ ਦਾ ਸੁਪਨਾ ਛੱਡ ਦਿੱਤਾ ਤਾਂ ਇਹ ਉਸ ਨੌਜਵਾਨ ਗਲੇਨ ਮੈਕਸਵੈੱਲ ਨਾਲ ਬੇਇਨਸਾਫੀ ਹੋਵੇਗੀ। ਜਿਸ ਨੇ ਬਚਪਨ ਤੋਂ ਹੀ ਕਿਸੇ ਵੀ ਕੀਮਤ ‘ਤੇ ਬੈਗੀ ਗ੍ਰੀਨ ਕੈਪ ਪਹਿਨਣ ਦਾ ਸੁਪਨਾ ਦੇਖਿਆ ਸੀ। ਜਦੋਂ ਕਿ ਅਜੇ ਵੀ ਉਮੀਦ ਦੀ ਕਿਰਨ ਹੈ, ਮੈਂ ਇਹ ਸੁਪਨਾ ਦੇਖਦਾ ਰਹਾਂਗਾ।
‘ਜਦੋਂ ਮੈਂ ਵੱਡਾ ਹੋਇਆ, ਮੈਂ ਸਿਰਫ ਟੈਸਟ ਕ੍ਰਿਕਟ ਖੇਡਣਾ ਚਾਹੁੰਦਾ ਸੀ’
ਮੈਕਸਵੈੱਲ ਲਈ ਭਾਰਤ ਖਿਲਾਫ ਹੋਣ ਵਾਲੀ ਸੀਰੀਜ਼ ‘ਚ ਟੀਮ ‘ਚ ਜਗ੍ਹਾ ਬਣਾਉਣਾ ਮੁਸ਼ਕਿਲ ਹੈ। ਪਰ ਉਸ ਨੂੰ ਉਮੀਦ ਹੈ ਕਿ ਉਹ ਜਨਵਰੀ ‘ਚ ਸ਼੍ਰੀਲੰਕਾ ਦੌਰੇ ਲਈ ਟੈਸਟ ਟੀਮ ‘ਚ ਵਾਪਸੀ ਕਰ ਸਕਦਾ ਹੈ। ਉਸ ਨੇ ਕਿਹਾ, ‘ਜਦੋਂ ਮੈਂ ਵੱਡਾ ਹੋਇਆ, ਮੈਂ ਸਿਰਫ ਟੈਸਟ ਕ੍ਰਿਕਟ ਖੇਡਣਾ ਚਾਹੁੰਦਾ ਸੀ। ਮੇਰਾ ਮੰਨਣਾ ਹੈ ਕਿ ਮੈਨੂੰ ਟੈਸਟ ਕ੍ਰਿਕਟ ‘ਚ ਡੈਬਿਊ ਕਰਨ ਦਾ ਮੌਕਾ ਸਮੇਂ ਤੋਂ ਥੋੜ੍ਹਾ ਪਹਿਲਾਂ ਮਿਲਿਆ ਹੈ। ਇਹ ਸਭ ਬਹੁਤ ਜਲਦੀ ਹੋਇਆ ਅਤੇ ਮੈਨੂੰ ਨਹੀਂ ਪਤਾ ਸੀ ਕਿ ਕੀ ਕਰਨਾ ਹੈ। ਉਸ ਸਮੇਂ ਮੇਰੇ ਕੋਲ ਪਹਿਲੀ ਸ਼੍ਰੇਣੀ ਕ੍ਰਿਕਟ ਖੇਡਣ ਦਾ ਓਨਾ ਅਨੁਭਵ ਨਹੀਂ ਸੀ ਜਿੰਨਾ ਮੈਂ ਚਾਹੁੰਦਾ ਸੀ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 22 ਨਵੰਬਰ ਤੋਂ ਟੈਸਟ ਸੀਰੀਜ਼
ਬਾਰਡਰ ਗਾਵਸਕਰ ਟਰਾਫੀ ਦੇ ਤਹਿਤ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਟੈਸਟ ਮੈਚ 22 ਨਵੰਬਰ ਤੋਂ ਪਰਥ ‘ਚ ਖੇਡਿਆ ਜਾਵੇਗਾ। ਇਸ ਦੇ ਲਈ ਦੋਵਾਂ ਟੀਮਾਂ ਨੇ ਅਜੇ ਤੱਕ ਆਪਣੀ ਟੀਮ ਦਾ ਐਲਾਨ ਨਹੀਂ ਕੀਤਾ ਹੈ। ਦੂਜੇ ਪਾਸੇ ਡੇਵਿਡ ਵਾਰਨਰ ਨੇ ਵੀ ਹਾਲ ਹੀ ਵਿੱਚ ਟੈਸਟ ਕ੍ਰਿਕਟ ਵਿੱਚ ਵਾਪਸੀ ਦੇ ਸੰਕੇਤ ਦਿੱਤੇ ਹਨ।