ਆਜ਼ਾਦੀ ਦਿਹਾੜੇ ਨੂੰ ਖ਼ਾਸ ਬਣਾਉਣ ਲਈ ਕੇਂਦਰ ਸਰਕਾਰ ਨੇ ਨੌਂ ਅਗਸਤ ਤੋਂ ਪੂਰੇ ਦੇਸ਼ ‘ਚ ਹਰ ਘਰ ਤਿਰੰਗਾ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ ਜੋ 15 ਅਗਸਤ ਤੱਕ ਚੱਲੇਗੀ। ਇਸ ਦੌਰਾਨ ਦੇਸ਼ਵਾਸੀਆਂ ਨੂੰ ਆਪਣੇ ਘਰਾਂ, ਦਫ਼ਤਰਾਂ ‘ਤੇ ਤਿਰੰਗਾ ਲਹਿਰਾਉਣ ਤੇ ਇੰਟਰਨੈੱਟ ਮੀਡੀਆ ਅਕਾਊਂਡ ਦੀ ਡੀਪੀ (ਡਿਸਪਲੇ ਪਿਕਚਰ) ‘ਚ ਆਪਣੀ ਫੋਟੋ ਦੇ ਨਾਲ ਤਿਰੰਗੇ ਦੀ ਫੋਟੋ ਲਾਉਣ ਦੀ ਅਪੀਲ ਕੀਤੀ ਗਈ ਹੈ।
ਇਸ ਮੁਹਿੰਮ ਦੌਰਾਨ 13 ਅਗਸਤ ਨੂੰ ਦੇਸ਼ ਦੇ ਸੰਸਦ ਮੈਂਬਰ ਵੀ ਇਕ ਤਿਰੰਗਾ ਰੈਲੀ ਕੱਢਣਗੇ। ਇਹ ਰੈਲੀ ਭਾਰਤ ਮੰਡਪਮ ਤੋਂ ਸ਼ੁਰੂ ਹੋ ਕੇ ਨੈਸ਼ਨਲ ਸਟੇਡੀਅਮ (National Stadium) ਤੱਕ ਕੱਢੀ ਜਾਵੇਗੀ।
ਇਸ ਮੁਹਿੰਮ ਦੀ ਸ਼ੁਰੂਆਤ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਡੀਪੀ (DP) ‘ਤੇ ਤਿਰੰਗਾ ਲਾ ਕੇ ਕਰਨਗੇ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਤਿਰੰਗੇ ਨਾਲ ਲੋਕਾਂ ਨੂੰ ਜੋੜਨ ਸਬੰਧੀ ਸਰਗਰਮੀਆਂ ਸੰਚਾਲਿਤ ਕਰਨ ਦੇ ਨਿਰਦੇਸ਼ ਦਿੱਤੇ ਹਨ।