ਬਰਦ ਖੱਡ ਤੇ ਸਰਸਾ ਦਰਿਆ ਵਿੱਚ ਉਦਯੋਗਿਕ ਕੂੜੇ ਦੇ ਨਾਜਾਇਜ਼ ਡੰਪ ਦਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਪਰਦਾਫਾਸ਼

ਬਰਦ ਖੱਡ ਤੇ ਸਰਸਾ ਦਰਿਆ ਵਿੱਚ ਉਦਯੋਗਿਕ ਕੂੜੇ ਦੇ ਨਾਜਾਇਜ਼ ਡੰਪ ਦਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਪਰਦਾਫਾਸ਼
ਰੂਪਨਗਰ, 25 ਅਗਸਤ: ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਮੜਾਂਵਾਲਾ, ਨਵਾਂ ਨਗਰ, ਭੁੱਡ ਬੈਰੀਅਰ ਖੇਤਰ ਵਿੱਚ ਸਰਸਾ ਦਰਿਆ ਅਤੇ ਬਰਦ ਖੱਡ ਵਿੱਚ ਪੈ ਰਹੇ ਉਦਯੋਗਿਕ ਕੂੜੇ ਅਤੇ ਕਥਿਤ ਤੌਰ ’ਤੇ ਖਤਰਨਾਕ ਰਸਾਇਣਕ ਰਹਿੰਦ-ਖੂੰਹਦ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਵਿਧਾਇਕ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਹਿਮਾਚਲ ਦੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੇ ਨਾਲ-ਨਾਲ ਪੰਜਾਬ ਦੇ ਅਧਿਕਾਰੀਆਂ ਨੂੰ ਵੀ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਲਈ ਕਿਹਾ।
 
ਵਿਧਾਇਕ ਦਿਨੇਸ਼ ਚੱਢਾ ਨੇ ਭੁੱਡ ਬੈਰੀਅਰ ਹਿਮਾਚਲ ਪ੍ਰਦੇਸ਼ ਵਿਖੇ ਸਰਸਾ ਦਰਿਆ ਵਿੱਚ ਡਿੱਗ ਰਹੇ ਕੂੜੇ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ। ਇਸ ਤੋਂ ਬਾਅਦ ਉਹ ਮੜਾਂਵਾਲਾ ਖੇਤਰ ਵਿੱਚ ਬਰਦ ਖੱਡ ਵਿਖੇ ਵੀ ਪਹੁੰਚੇ, ਜਿੱਥੇ ਦਰਿਆ/ਖੱਡ ਦੇ ਅੰਦਰ ਵੱਡੀ ਮਾਤਰਾ ਵਿੱਚ ਉਦਯੋਗਿਕ ਕੂੜਾ ਡੰਪ ਕੀਤਾ ਹੋਇਆ ਮਿਲਿਆ।
 
ਮੌਕੇ ’ਤੇ ਮੌਜੂਦ ਸਮੱਗਰੀ ਵਿੱਚ ਉਦਯੋਗਿਕ ਰਹਿੰਦ-ਖੂੰਹਦ, ਰਸਾਇਣਕ ਸਮੱਗਰੀ, ਮੈਡੀਕਲ ਇੰਜੈਕਸ਼ਨਾਂ ਅਤੇ ਹੋਰ ਖਤਰਨਾਕ ਵਸਤੂਆਂ ਮੌਜੂਦ ਹੋਣ ਦੀ ਗੱਲ ਸਾਹਮਣੇ ਆਈ। ਕੂੜੇ ਨੂੰ ਦਰਿਆ ਦੇ ਵਿਚਕਾਰ ਇਸ ਤਰ੍ਹਾਂ ਇਕੱਠਾ ਕਰਕੇ ਰੱਖੇ ਜਾਣ ’ਤੇ ਵਿਧਾਇਕ ਨੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਲਈ ਗੰਭੀਰ ਖ਼ਤਰਾ ਦੱਸਿਆ।
 
ਮੌਕੇ ’ਤੇ ਤੇਜ਼ਾਬ ਵਾਲੀਆਂ ਬੋਤਲਾਂ ਬਾਰੇ ਪੁੱਛੇ ਜਾਣ ’ਤੇ ਇੱਕ ਵਿਅਕਤੀ ਵੱਲੋਂ ਉਨ੍ਹਾਂ ਨੂੰ ‘ਗਲੂਕੋਜ਼’ ਦੱਸਣ ਦੀ ਘਟਨਾ ਵੀ ਸਾਹਮਣੇ ਆਈ। ਵਿਧਾਇਕ ਵੱਲੋਂ ਉਸ ਵਿਅਕਤੀ ਨੂੰ ਉਹ ਕਥਿਤ ‘ਗਲੂਕੋਜ਼’ ਪੀਣ ਲਈ ਕਹਿਣ ’ਤੇ ਉਹ ਵਿਅਕਤੀ ਮੌਕੇ ਤੋਂ ਖਿਸਕ ਗਿਆ।
 
ਵਿਧਾਇਕ ਨੇ ਦੱਸਿਆ ਕਿ ਇਹ ਕੂੜਾ ਭਾਵੇਂ ਹਰਿਆਣਾ ਦੀ ਹੱਦ ਵਿੱਚ ਡੰਪ ਕੀਤਾ ਗਿਆ ਹੈ, ਪਰ ਉਨ੍ਹਾਂ ਅਨੁਸਾਰ ਇਸ ਵਿੱਚ ਹਿਮਾਚਲ ਪ੍ਰਦੇਸ਼ ਦੇ ਬੱਦੀ ਉਦਯੋਗਿਕ ਖੇਤਰ ਦੀਆਂ ਫੈਕਟਰੀਆਂ ਤੋਂ ਨਿਕਲਣ ਵਾਲੀ ਉਦਯੋਗਿਕ ਰਹਿੰਦ-ਖੂੰਹਦ ਅਤੇ ਰਸਾਇਣਕ ਸਮੱਗਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਕੁਝ ਠੇਕੇਦਾਰਾਂ ਦੇ ਬੋਰਡ ਵੀ ਮਿਲਣ ਦੀ ਗੱਲ ਸਾਹਮਣੇ ਆਈ।
 
ਵਿਧਾਇਕ ਦਿਨੇਸ਼ ਚੱਢਾ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੌਕੇ ਤੋਂ ਹੀ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਦਰਿਆ/ਖੱਡ ਵਿੱਚ ਪਏ ਕੂੜੇ ਨੂੰ ਤੁਰੰਤ ਹਟਾਉਣ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਇਹ ਕੂੜਾ ਪਾਣੀ ਨਾਲ ਅੱਗੇ ਵਹਿ ਕੇ ਸਰਸਾ ਅਤੇ ਸਤਲੁਜ ਦਰਿਆ ਸਮੇਤ ਨਹਿਰੀ ਪਾਣੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ।
 
ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਰਹੇ। ਅਧਿਕਾਰੀਆਂ ਵੱਲੋਂ ਮੌਕੇ ਦੀ ਸਥਿਤੀ ਨੂੰ ਗੰਭੀਰ ਦੱਸਦਿਆਂ ਕੂੜੇ ਦੀ ਕਿਸਮ ਅਤੇ ਮਾਤਰਾ ਸਬੰਧੀ ਵਿਸਥਾਰਤ ਰਿਪੋਰਟ ਤਿਆਰ ਕਰਨ ਦੀ ਕਾਰਵਾਈ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਉਪਰੰਤ ਜਿਸ ਵੀ ਵਿਅਕਤੀ ਦੀ ਜ਼ਿੰਮੇਵਾਰੀ ਸਾਹਮਣੇ ਆਵੇਗੀ, ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 
ਵਿਧਾਇਕ ਦਿਨੇਸ਼ ਚੱਢਾ ਨੇ ਸਪੱਸ਼ਟ ਕੀਤਾ ਕਿ ਦਰਿਆਵਾਂ ਅਤੇ ਖੱਡਾਂ ਨੂੰ ਉਦਯੋਗਿਕ ਕੂੜੇ ਦਾ ਡੰਪਿੰਗ ਗਰਾਊਂਡ ਬਣਾਉਣ ਦੀ ਇਜਾਜ਼ਤ ਕਿਸੇ ਵੀ ਕੀਮਤ ’ਤੇ ਨਹੀਂ ਦਿੱਤੀ ਜਾ ਸਕਦੀ ਅਤੇ ਲੋਕਾਂ ਦੀ ਸਿਹਤ ਤੇ ਵਾਤਾਵਰਣ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਣੀ ਚਾਹੀਦੀ ਹੈ। 
ਹੋਰ ਖ਼ਬਰਾਂ :-  ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਰਮਚਾਰੀ ਯੂਨੀਅਨਾਂ ਨਾਲ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕੀਤੀਆਂ ਮੀਟਿੰਗਾਂ

Leave a Reply

Your email address will not be published. Required fields are marked *