ਰੂਪਨਗਰ, 4 ਸਤੰਬਰ: ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਹੋਰ ਗਤੀ ਦੇਣ ਅਤੇ ਪੰਚਾਇਤੀ ਨੁਮਾਇੰਦਿਆਂ ਨੂੰ ਵਿਕਾਸ ਕਾਰਜਾਂ ਸਬੰਧੀ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਟੇਟ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ ਵੱਲੋਂ ਅੰਬੇਦਕਰ ਭਵਨ, ਰੂਪਨਗਰ ਵਿਖੇ ਪੰਚਾਂ ਅਤੇ ਸਰਪੰਚਾਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਸ੍ਰੀ ਦਿਨੇਸ਼ ਚੱਢਾ ਦੀ ਅਗਵਾਈ ਅਤੇ ਹਾਜ਼ਰੀ ਵਿੱਚ ਹੋਇਆ।
ਇਸ ਸਿਖਲਾਈ ਦੌਰਾਨ ਪੰਚਾਇਤੀ ਨੁਮਾਇੰਦਿਆਂ ਨੂੰ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ, ਉਪਲਬਧ ਸਰੋਤਾਂ ਦੀ ਬਿਹਤਰ ਵਰਤੋਂ ਕਰਨ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ‘ਜੀ-ਰਾਮ ਜੀ’ ਯੋਜਨਾ ਸਬੰਧੀ ਪੰਚਾਂ ਅਤੇ ਸਰਪੰਚਾਂ ਨੂੰ ਲੋੜੀਂਦੀ ਜਾਣਕਾਰੀ ਦਿੰਦਿਆਂ ਇਸ ਦੇ ਤਹਿਤ ਪਿੰਡ ਪੱਧਰ ’ਤੇ ਕੀਤੇ ਜਾਣ ਵਾਲੇ ਕਾਰਜਾਂ ਅਤੇ ਅਮਲੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਪਿੰਡਾਂ ਵਿੱਚ ਸੋਲਰ ਲਾਈਟਾਂ ਲਗਾਉਣ ਸਬੰਧੀ ਲੋੜੀਂਦੇ ਕਦਮਾਂ ਅਤੇ ਇਸ ਨਾਲ ਪਿੰਡਾਂ ਵਿੱਚ ਰੌਸ਼ਨੀ ਦੀਆਂ ਸਹੂਲਤਾਂ ਨੂੰ ਬਿਹਤਰ ਬਣਾਉਣ ਬਾਰੇ ਵੀ ਮਾਰਗਦਰਸ਼ਨ ਦਿੱਤਾ ਗਿਆ।
ਇਸ ਸਿਖਲਾਈ ਦਾ ਇੱਕ ਹੋਰ ਅਹਿਮ ਵਿਸ਼ਾ ਪਿੰਡਾਂ ਵਿੱਚ ਖੇਡ ਸਟੇਡੀਅਮਾਂ ਦੇ ਨਿਰਮਾਣ ਨਾਲ ਸਬੰਧਤ ਰਿਹਾ। ਪੰਚਾਇਤੀ ਨੁਮਾਇੰਦਿਆਂ ਨੂੰ ਸਟੇਡੀਅਮਾਂ ਦੀ ਯੋਜਨਾਬੰਦੀ, ਨਿਰਮਾਣ ਕਾਰਜਾਂ ਅਤੇ ਇਸ ਸਬੰਧੀ ਲੋੜੀਂਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਸਕੇ।
ਵਿਧਾਇਕ ਐਡਵੋਕੇਟ ਸ੍ਰੀ ਦਿਨੇਸ਼ ਚੱਢਾ ਦੀ ਅਗਵਾਈ ਹੇਠ ਕਰਵਾਏ ਇਸ ਸਿਖਲਾਈ ਪ੍ਰੋਗਰਾਮ ਦੌਰਾਨ ਪੰਚਾਇਤੀ ਨੁਮਾਇੰਦਿਆਂ ਵੱਲੋਂ ਵਿਕਾਸ ਕਾਰਜਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਜਾਣਕਾਰੀ ਹਾਸਲ ਕੀਤੀ ਗਈ ਅਤੇ ਆਪਸੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।
ਇਹ ਸਿਖਲਾਈ ਪ੍ਰੋਗਰਾਮ ਪੰਚਾਇਤੀ ਨੁਮਾਇੰਦਿਆਂ ਦੀ ਸਮਰੱਥਾ ਵਿੱਚ ਵਾਧਾ ਕਰਨ ਅਤੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ, ਸੁਚਾਰੂ ਅਤੇ ਨਤੀਜਾਮੁਖੀ ਢੰਗ ਨਾਲ ਅੱਗੇ ਵਧਾਉਣ ਵੱਲ ਇੱਕ ਅਹਿਮ ਕਦਮ ਸਾਬਤ ਹੋਇਆ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸਤਿੰਦਰ ਕੌਰ, ਜ਼ਿਲ੍ਹਾ ਪਰਿਸ਼ਦ ਦੇ ਵਾਈਸ ਚੇਅਰਮੈਨ ਦੇਸਰਾਜ ਸੈਣੀ, ਬਲਾਕ ਸੰਮਤੀ ਚੇਅਰਮੈਨ ਮਲਕੀਤ ਸਿੰਘ ਭੰਗੂ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਬਲਾਕ ਸੰਮਤੀ ਨੂਰਪੁਰ ਬੇਦੀ ਦੀ ਚੇਅਰਮੈਨ ਸੁਨੀਤਾ ਦੇਵੀ, ਮਨਜੀਤ ਸਿੰਘ, ਪੰਚਾਇਤੀ ਰਾਜ ਵਿਭਾਗ ਦੇ ਐਕਸੀਅਨ ਅਵਤਾਰ ਸਿੰਘ, ਐਸ.ਡੀ.ਓ., ਜੇ.ਈ., ‘ਜੀ-ਰਾਮ ਜੀ’ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਏ.ਪੀ.ਓ. ਤੋਂ ਇਲਾਵਾ ਨਸ਼ਿਆਂ ਵਿਰੁੱਧ ਮੁਹਿੰਮ ਦੇ ਜ਼ਿਲ੍ਹਾ ਇੰਚਾਰਜ ਸ੍ਰੀ ਅਵਤਾਰ ਸਿੰਘ ਕੁੰਨਰ, ਲਲਿਤ ਡਕਾਲਾ ਸਮੇਤ ਵੱਖ-ਵੱਖ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਪੰਚ ਅਤੇ ਸਰਪੰਚ ਹਾਜ਼ਰ ਸਨ।