ਸਾਵਣ ਦੀਆਂ ਤੀਆਂ ਪੰਜਾਬੀ ਸੱਭਿਆਚਾਰ ਅਤੇ ਸਾਂਝੀ ਖੁਸ਼ੀ ਦਾ ਅਨਿੱਖੜਵਾਂ ਹਿੱਸਾ: ਸਪੀਕਰ ਸੰਧਵਾਂ

ਸਾਵਣ ਦੀਆਂ ਤੀਆਂ ਪੰਜਾਬੀ ਸੱਭਿਆਚਾਰ ਅਤੇ ਸਾਂਝੀ ਖੁਸ਼ੀ ਦਾ ਅਨਿੱਖੜਵਾਂ ਹਿੱਸਾ: ਸਪੀਕਰ ਸੰਧਵਾਂ

ਕੋਟਕਪੂਰਾ, 12 ਅਗਸਤ-     ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਮਹਾਰਾਜਾ ਕੈਸਲ, ਕੋਟਕਪੂਰਾ ਵਿਖੇ ਸਾਵਣ ਦੇ ਮਹੀਨੇ ਨੂੰ ਸਮਰਪਿਤ ‘ਤੀਆਂ ਦੇ ਰੰਗ’ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਭੈਣਾਂ ਅਤੇ ਧੀਆਂ ਨਾਲ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਮੈਡਮ ਗੁਰਪ੍ਰੀਤ ਕੌਰ ਸੁਪਤਨੀ ਸਪੀਕਰ ਸ. ਸੰਧਵਾਂ, ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਸ. ਗੁਰਮੀਤ ਸਿੰਘ ਆਰੇਵਾਲਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਆਪਣੇ ਅਮੀਰ ਸੱਭਿਆਚਾਰ, ਤਿਉਹਾਰਾਂ ਅਤੇ ਰਿਸ਼ਤਿਆਂ ਦੀ ਮਿਠਾਸ ਲਈ ਦੁਨੀਆਂ ਭਰ ਵਿੱਚ ਜਾਣੀ ਜਾਂਦੀ ਹੈ। ਸਾਵਣ ਦੀਆਂ ਤੀਆਂ ਵੀ ਪੰਜਾਬੀ ਵਿਰਸੇ ਦਾ ਅਹਿਮ ਹਿੱਸਾ ਹਨ, ਜੋ ਭੈਣਾਂ-ਧੀਆਂ ਨੂੰ ਇਕੱਠੇ ਹੋ ਕੇ ਖੁਸ਼ੀਆਂ ਸਾਂਝੀਆਂ ਕਰਨ ਅਤੇ ਆਪਣੀਆਂ ਪੁਰਾਣੀਆਂ ਸੱਭਿਆਚਾਰਕ ਰਵਾਇਤਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਤਿਉਹਾਰ ਸਾਡੇ ਜੀਵਨ ਵਿੱਚ ਖੁਸ਼ੀਆਂ, ਪਿਆਰ ਅਤੇ ਆਪਸੀ ਸਾਂਝ ਦੇ ਰੰਗ ਭਰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਨ ਕਿ ਅੱਜ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਭੈਣਾਂ ਨੇ ਸ਼ਿਰਕਤ ਕਰਕੇ ਉਨ੍ਹਾਂ ਨੂੰ ਪਿਆਰ ਅਤੇ ਅਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਭੈਣਾਂ ਆਪਣੇ ਭਰਾਵਾਂ ਤੇ ਖੁਸ਼ ਹੁੰਦੀਆਂ ਹਨ ਤਾਂ ਇਸ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ ਹੋ ਸਕਦੀ।

ਹੋਰ ਖ਼ਬਰਾਂ :-  ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਵਾਂ ਅਤੇ ਭੈਣਾਂ ਦੇ ਮਾਣ-ਸਨਮਾਨ ਨੂੰ ਵਧਾਉਣ ਲਈ ਕਈ ਲੋਕ ਪੱਖੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਹਿਲਾ ਪੱਖੀ ਯੋਜਨਾਵਾਂ ਦਾ ਲਾਭ ਸਿੱਧਾ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਵਿਚੋਲਿਆਂ ਦੀ ਭੂਮਿਕਾ ਖਤਮ ਹੋਈ ਹੈ ਅਤੇ ਮਹਿਲਾਵਾਂ ਨੂੰ ਆਪਣੇ ਹੱਕ ਦਾ ਲਾਭ ਸਿੱਧੇ ਤੌਰ ਤੇ ਮਿਲ ਰਿਹਾ ਹੈ।

ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਵਾਂ-ਭੈਣਾਂ ਦੀ ਭਲਾਈ ਅਤੇ ਸਨਮਾਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣਾ ਅਤੇ ਉਨ੍ਹਾਂ ਦਾ ਮਾਣ-ਸਨਮਾਨ ਵਧਾਉਣਾ ਸਰਕਾਰ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ।

ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਭੈਣਾਂ ਆਪਣੇ ਰੋਜ਼ਾਨਾ ਦੇ ਕੰਮ-ਕਾਰ ਵਿੱਚੋਂ ਸਮਾਂ ਕੱਢ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਈਆਂ ਹਨ, ਜਿਸ ਨਾਲ ਸਮਾਗਮ ਦੀ ਰੌਣਕ ਹੋਰ ਵੀ ਵਧੀ ਹੈ।

ਇਸ ਮੌਕੇ ਤੀਆਂ ਦੇ ਰਵਾਇਤੀ ਰੰਗ, ਗਿੱਧਾ, ਬੋਲੀਆਂ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਤਾਜ਼ਾ ਕੀਤਾ। 

Leave a Reply

Your email address will not be published. Required fields are marked *