ਕੇਂਦਰੀ ਵਿਦਿਆਲਾ ਆਈ.ਆਈ.ਟੀ. ਰੋਪੜ ਵਿਖੇ ਯੋਗਤਾ-ਆਧਾਰਿਤ ਮੁਲਾਂਕਣ ਸਬੰਧੀ ਪੰਜ ਰੋਜ਼ਾ ਖੇਤਰੀ ਸਿਖਲਾਈ ਕੈਂਪ ਆਰੰਭ

ਕੇਂਦਰੀ ਵਿਦਿਆਲਾ ਆਈ.ਆਈ.ਟੀ. ਰੋਪੜ ਵਿਖੇ ਯੋਗਤਾ-ਆਧਾਰਿਤ ਮੁਲਾਂਕਣ ਸਬੰਧੀ ਪੰਜ ਰੋਜ਼ਾ ਖੇਤਰੀ ਸਿਖਲਾਈ ਕੈਂਪ ਆਰੰਭ
ਰੂਪਨਗਰ, 10 ਅਗਸਤ: ਕੇਂਦਰੀ ਵਿਦਿਆਲਾ ਆਈ.ਆਈ.ਟੀ. ਰੋਪੜ ਵਿਖੇ ਸ੍ਰੀ ਅਰਬਿੰਦੋ ਸੋਸਾਇਟੀ ਦੇ ‘ਰੂਪਾਂਤਰ’ ਪ੍ਰੋਗਰਾਮ ਤਹਿਤ ਯੋਗਤਾ-ਆਧਾਰਿਤ ਮੁਲਾਂਕਣ ਵਿਸ਼ੇ ਸਬੰਧੀ ਪੰਜ ਰੋਜ਼ਾ ਖੇਤਰੀ ਸਿਖਲਾਈ ਕੈਂਪ ਆਰੰਭ ਹੋਇਆ। 10 ਤੋਂ 14 ਅਗਸਤ 2026 ਤੱਕ ਚੱਲਣ ਵਾਲੇ ਇਸ ਸਿਖਲਾਈ ਕੈਂਪ ਵਿੱਚ ਚੰਡੀਗੜ੍ਹ ਸੰਭਾਗ ਅਧੀਨ ਵੱਖ-ਵੱਖ ਕੇਂਦਰੀ ਵਿਦਿਆਲਿਆਂ ਤੋਂ ਅਧਿਆਪਕ ਭਾਗ ਲੈ ਰਹੇ ਹਨ।
 
ਇਸ ਸਿਖਲਾਈ ਕੈਂਪ ਦੌਰਾਨ ਸ੍ਰੀ ਅਰਬਿੰਦੋ ਸੋਸਾਇਟੀ ਦੀ ਸਰੋਤ ਮਾਹਿਰ ਸ੍ਰੀਮਤੀ ਸਰਿਤਾ ਰਾਠੌਰ, ਸਹਾਇਕ ਪ੍ਰਬੰਧਕ, ਅਤੇ ਸ੍ਰੀਮਤੀ ਦਿਵਿਆ ਜੈਨ, ਉੱਘੇ ਮੈਂਬਰਾਂ ਵੱਲੋਂ ਅਧਿਆਪਕਾਂ ਨੂੰ ਲੋੜੀਂਦੀ ਸਿਖਲਾਈ ਅਤੇ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ।
 
ਇਸ ਸਿਖਲਾਈ ਕੈਂਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਯੋਗਤਾ-ਆਧਾਰਿਤ ਮੁਲਾਂਕਣ ਦੀਆਂ ਪ੍ਰਭਾਵਸ਼ਾਲੀ ਵਿਧੀਆਂ ਅਤੇ ਤਰੀਕਿਆਂ ਨਾਲ ਜਾਣੂ ਕਰਵਾਉਣਾ ਅਤੇ ਇਨ੍ਹਾਂ ਨੂੰ ਜਮਾਤ-ਕਮਰੇ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਮਰੱਥ ਬਣਾਉਣਾ ਹੈ। ਇਸ ਰਾਹੀਂ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ, ਸਮਝ ਅਤੇ ਪ੍ਰਾਪਤੀਆਂ ਦਾ ਸਹੀ ਢੰਗ ਨਾਲ ਮੁਲਾਂਕਣ ਕਰਨ ਲਈ ਲੋੜੀਂਦੇ ਗਿਆਨ ਅਤੇ ਹੁਨਰ ਪ੍ਰਦਾਨ ਕੀਤੇ ਜਾ ਰਹੇ ਹਨ।
 
ਇਸ ਸਿਖਲਾਈ ਕੈਂਪ ਵਿੱਚ ਵਿਚਾਰ-ਵਟਾਂਦਰੇ, ਸਮੂਹਿਕ ਗਤੀਵਿਧੀਆਂ, ਵਿਹਾਰਕ ਅਭਿਆਸਾਂ ਅਤੇ ਆਪਸੀ ਸਾਂਝ ਰਾਹੀਂ ਅਧਿਆਪਕਾਂ ਦੀ ਪੇਸ਼ੇਵਰ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਅਧਿਆਪਕਾਂ ਨੂੰ ਮੁਲਾਂਕਣ ਦੀਆਂ ਆਧੁਨਿਕ ਵਿਧੀਆਂ ਨੂੰ ਅਪਣਾਉਣ ਅਤੇ ਵਿਦਿਆਰਥੀਆਂ ਦੀਆਂ ਵਿਅਕਤੀਗਤ ਸਿੱਖਣ ਲੋੜਾਂ ਅਨੁਸਾਰ ਉਨ੍ਹਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਸਬੰਧੀ ਵਿਹਾਰਕ ਸਿਖਲਾਈ ਵੀ ਦਿੱਤੀ ਜਾ ਰਹੀ ਹੈ।
 
ਇਹ ਸਿਖਲਾਈ ਕੈਂਪ ਅਧਿਆਪਕਾਂ ਦੀ ਮੁਲਾਂਕਣ ਸਮਰੱਥਾ ਨੂੰ ਨਿਖਾਰਨ ਦੇ ਨਾਲ-ਨਾਲ ਵਿਦਿਆਰਥੀ-ਕੇਂਦਰਿਤ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਸਾਬਤ ਹੋਵੇਗਾ।  
ਹੋਰ ਖ਼ਬਰਾਂ :-  ਪੁਰਾਣੀ ਅੰਮ੍ਰਿਤਸਰ-ਤਰਨਤਾਰਨ ਸੜਕ 69.67 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗੀ ਚਾਰ ਮਾਰਗੀ- ਹਰਭਜਨ ਸਿੰਘ ਈ.ਟੀ.ਓ.

Leave a Reply

Your email address will not be published. Required fields are marked *