ਕੇਜਰੀਵਾਲ ਦੀ ਜ਼ਮਾਨਤ ਤਾਨਾਸ਼ਾਹੀ ਦੇ ਅੰਤ ਦੀ ਸ਼ੁਰੂਆਤ ਹੈ: ਨੀਲ ਗਰਗ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਅੰਤ੍ਰਿਮ ਜ਼ਮਾਨਤ ਮਿਲਣ ‘ਤੇ ਆਪ ਦੇ ਬੁਲਾਰੇ ਅਤੇ ਮੱਧਮ ਉਦਯੋਗ ਦੇ ਚੇਅਰਮੈਨ ਨੀਲ ਗਰਗ ਨੇ ਸੁਪਰੀਮ ਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਦੀ ਜਿੱਤ ਹੈ ਅਤੇ ਇਹ ਤਾਨਾਸ਼ਾਹੀ ਦੇ ਅੰਤ ਦੀ ਸ਼ੁਰੂਆਤ ਵੀ ਹੈ ਅਤੇ ਹੁਣ ਅਸੀਂ ਲੋਕਤੰਤਰ ਨੂੰ ਬਚਾਉਣ ਲਈ ਹੋਰ ਸ਼ਿੱਦਤ ਨਾਲ ਲੜਾਈ ਲੜਾਂਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੋਚ (ਵਿਚਾਰ) ਹਨ ਅਤੇ ਹੁਣ ਅਸੀਂ ਉਨ੍ਹਾਂ ਦੀ ਸੋਚ (ਵਿਚਾਰ) ਨੂੰ ਹੋਰ ਤੇਜ਼ੀ ਨਾਲ ਅੱਗੇ ਲੈਕੇ ਜਾਵਾਂਗੇ।

ਨੀਲ ਗਰਗ ਕਿਹਾ ਕਿ ਸੁਪਰੀਮ ਕੋਰਟ ਤੋਂ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਗੱਲ ਸਾਬਤ ਹੋ ਗਈ ਹੈ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਵਿੱਚ ਆਸ ਦੀ ਕਿਰਨ ਜਾਗ ਪਈ ਹੈ। ਅਰਵਿੰਦ ਕੇਜਰੀਵਾਲ ਜੀ ਦੇ ਬਾਹਰ ਆਉਣ ਨਾਲ ਲੋਕਤੰਤਰ ਹੋਰ ਮਜ਼ਬੂਤ ਹੋਵੇਗਾ ਅਤੇ ਹੁਣ ਪੂਰਾ ਦੇਸ਼ ਇਸ ਲੜਾਈ ਨੂੰ ਇਕੱਠੇ ਲੜੇਗਾ।

ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਤਾਨਾਸ਼ਾਹੀ ਸਰਕਾਰ ਹੈ ਜੋ ਵਿਰੋਧੀ ਧਿਰ, ਲੋਕਤੰਤਰ ਅਤੇ ਸੰਵਿਧਾਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹੁਣ ਇਹ ਤਾਨਾਸ਼ਾਹੀ ਖ਼ਤਮ ਹੋ ਜਾਵੇਗੀ।

‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਇਹ ਸਿਰਫ਼ ਅੰਤਰਿਮ ਜ਼ਮਾਨਤ ਹੀ ਨਹੀਂ ਹੈ, ਇਹ ਲੋਕਤੰਤਰ ਦੀ ਵੱਡੀ ਜਿੱਤ ਹੈ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਲੋਕਤੰਤਰ ਦਾ ਘਾਣ ਕਰਨ ਵਾਲਿਆਂ ਨੂੰ ਮਾਣਯੋਗ ਸੁਪਰੀਮ ਕੋਰਟ ਨੇ ਕਰਾਰਾ ਝਟਕਾ ਦਿੱਤਾ ਹੈ। ਭਾਜਪਾ ਵਾਲੇ ਕ੍ਰਾਂਤੀਕਾਰੀ ਨੇਤਾ ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਣਾ ਚਾਹੁੰਦੇ ਸੀ, ਅੱਜ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਕਰਨ ਲਈ ਜ਼ਮਾਨਤ ਦੇ ਦਿੱਤੀ ਹੈ। ਇਹ ਸਾਡੇ ਲੋਕਤੰਤਰ ਦੀ ਵੱਡੀ ਜਿੱਤ ਹੈ, ਅਸੀਂ ਆਪਣੇ ਲੋਕਤੰਤਰ ਦੀ ਰਾਖੀ ਲਈ ਮਾਣਯੋਗ ਅਦਾਲਤ ਦੇ ਧੰਨਵਾਦੀ ਹਾਂ।

ਹੋਰ ਖ਼ਬਰਾਂ :-  ਲੁਧਿਆਣਾ ਦੇ ਆਤਮ ਨਗਰ ਦੇ ਸਾਬਕਾ ਕਾਂਗਰਸ ਹਲਕਾ ਇੰਚਾਰਜ ਅਤੇ ਭਾਜਪਾ ਦੇ ਮੌਜੂਦਾ ਆਗੂ ਕਮਲਜੀਤ ਸਿੰਘ ਕੜਵਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ

‘ਆਪ’ ਆਗੂ ਨੇ ਕਿਹਾ ਕਿ ਇਹ ਕੋਈ ਛੁਪਿਆ ਹੋਇਆ ਭੇਤ ਨਹੀਂ ਹੈ ਕਿ ਭਾਜਪਾ ਅਤੇ ਨਰਿੰਦਰ ਮੋਦੀ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਤੋਂ ਡਰਦੇ ਹਨ, ਇਸ ਲਈ ਉਨ੍ਹਾਂ ਨੇ ਸਾਨੂੰ ਰੋਕਣ ਲਈ ਸਾਡੀ ਪਾਰਟੀ ਅਤੇ ਇਸ ਦੇ ਆਗੂਆਂ ਵਿਰੁੱਧ ਸਾਜ਼ਿਸ਼ ਰਚੀ ਹੈ। ਜਦੋਂ ਉਹ ਸਾਨੂੰ ਕਿਸੇ ਹੋਰ ਤਰੀਕੇ ਨਾਲ ਡਰਾਉਣ ਵਿੱਚ ਅਸਫਲ ਰਹੇ, ਤਾਂ ਉਨ੍ਹਾਂ ਨੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਅਤੇ ਆਮ ਚੋਣਾਂ ਤੋਂ ਠੀਕ ਪਹਿਲਾਂ ਇੱਕ ਮੌਜੂਦਾ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਫੈਸਲਾ ਸਾਡੇ ਲੋਕਤੰਤਰ ਲਈ ਬਹੁਤ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਉਨ੍ਹਾਂ ਸਾਰੇ ਲੋਕਾਂ ਨੂੰ ਸਕਾਰਾਤਮਿਕ ਮਜ਼ਬੂਤੀ ਮਿਲੇਗੀ ਜੋ ਸਾਡੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਲੜ ਰਹੇ ਹਨ। ਉੱਥੇ ਹੀ ‘ਆਪ’ ਆਗੂ ਅਤੇ ਵਰਕਰ ਮੁੜ ਤੋਂ ਹੋਰ ਵੀ ਜੋਸ਼ ਨਾਲ ਕੰਮ ਕਰਨਗੇ।

Leave a Reply

Your email address will not be published. Required fields are marked *