ਮਾਲੇਰਕੋਟਲਾ, 6 ਅਗਸਤ:
ਪੰਜਾਬ ਸਰਕਾਰ ਦੀ ਉਦਯੋਗ ਪੱਖੀ ਨੀਤੀ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਤਹਿਤ ਅੱਜ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਦੀ ਪ੍ਰਧਾਨਗੀ ਹੇਠ ਰਾਈਟ ਟੂ ਬਿਜ਼ਨਸ ਐਕਟ ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਉਦਯੋਗਿਕ ਨਿਵੇਸ਼ ਸਬੰਧੀ ਪ੍ਰਾਪਤ ਅਰਜ਼ੀਆਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ ਅਤੇ ਨਿਯਮਾਂ ਅਨੁਸਾਰ ਇੱਕ ਮਹੱਤਵਪੂਰਨ ਪ੍ਰਾਜੈਕਟ ਨੂੰ ‘ਇਨ-ਪ੍ਰਿੰਸੀਪਲ ਅਪ੍ਰੂਵਲ’ ਪ੍ਰਦਾਨ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਨਜ਼ੂਰ ਕੀਤੇ ਗਏ ਇਸ ਪ੍ਰਾਜੈਕਟ ਰਾਹੀਂ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਲਗਭਗ 8.70 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ, ਜਿਸ ਨਾਲ ਨਾ ਸਿਰਫ਼ ਉਦਯੋਗਿਕ ਵਿਕਾਸ ਨੂੰ ਨਵਾਂ ਹੁਲਾਰਾ ਮਿਲੇਗਾ, ਸਗੋਂ ਸਥਾਨਕ ਪੱਧਰ ‘ਤੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਦਯੋਗ ਸਥਾਪਤ ਕਰਨ ਦੇ ਚਾਹਵਾਨ ਨਿਵੇਸ਼ਕਾਂ ਨੂੰ ਪਾਰਦਰਸ਼ੀ, ਸਮੇਂਬੱਧ ਅਤੇ ਸਿੰਗਲ-ਵਿੰਡੋ ਪ੍ਰਣਾਲੀ ਰਾਹੀਂ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ।
ਵਿਰਾਜ ਐਸ. ਤਿੜਕੇ ਨੇ ਕਿਹਾ ਕਿ ਰਾਈਟ ਟੂ ਬਿਜ਼ਨਸ ਐਕਟ ਦਾ ਉਦੇਸ਼ ਉਦਯੋਗ ਸਥਾਪਨਾ ਦੀ ਪ੍ਰਕਿਰਿਆ ਨੂੰ ਸਰਲ, ਪਾਰਦਰਸ਼ੀ ਅਤੇ ਨਿਵੇਸ਼ਕ-ਅਨੁਕੂਲ ਬਣਾਉਣਾ ਹੈ, ਤਾਂ ਜੋ ਨਿਵੇਸ਼ਕਾਂ ਨੂੰ ਬਿਨਾਂ ਕਿਸੇ ਗੈਰ-ਜ਼ਰੂਰੀ ਦੇਰੀ ਦੇ ਆਪਣੇ ਉਦਯੋਗਿਕ ਪ੍ਰਾਜੈਕਟ ਸ਼ੁਰੂ ਕਰਨ ਦਾ ਮੌਕਾ ਮਿਲ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਿਵੇਸ਼ ਸਬੰਧੀ ਪ੍ਰਾਪਤ ਸਾਰੀਆਂ ਅਰਜ਼ੀਆਂ ਦਾ ਨਿਰਧਾਰਤ ਸਮਾਂ-ਸੀਮਾ ਅੰਦਰ ਨਿਪਟਾਰਾ ਯਕੀਨੀ ਬਣਾਇਆ ਜਾਵੇ ਅਤੇ ਨਿਵੇਸ਼ਕਾਂ ਨੂੰ ਹਰ ਸੰਭਵ ਪ੍ਰਸ਼ਾਸਨਿਕ ਸਹਿਯੋਗ ਪ੍ਰਦਾਨ ਕੀਤਾ ਜਾਵੇ । ਇਸ ਮੌਕੇ ਜਨਰਲ ਮੈਨੇਜਰ ਡੀ.ਆਈ.ਸੀ. ਮਲੇਰਕੋਟਲਾ ਮਾਨ ਮਹਿੰਦਰ ਸਿੰਘ, ਫੰਕਸ਼ਨਲ ਮੈਨੇਜਰ ਇੰਜੀ: ਪਰਨੀਤ ਕੌਰ, ਸਹਾਇਕ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਇੰਜੀ. ਗੁਰਮੇਹਰ ਸਿੰਘ, ਫਾਇਰ ਅਫਸਰ ਦਿਲਸ਼ਾਦ ਅਲੀ ਖਾਂ, ਸਹਾਇਕ ਨਗਰ ਯੋਜਨਾਕਾਰ ਗੁਰਸੰਤ ਸਿੰਘ, ਵਣ ਰੇਂਜ ਅਫਸਰ ਦਵਿੰਦਰ ਸਿੰਘ ਤੋਂ ਇਲਾਵਾ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।