ਨੰਗਲ 07 ਸਤੰਬਰ: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਫਾਈ ਮੁਹਿੰਮ ਆਪਣੇ ਅੰਤਿਮ ਪੜਾਅ ਵੱਲ ਵੱਧ ਰਹੀ ਹੈ ਅਤੇ ਨਗਰ ਕੌਂਸਲ ਦੇ ਮੁਲਾਜ਼ਮ ਦਿਨ-ਰਾਤ ਮਿਹਨਤ ਕਰਕੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਸਫਾਈ ਸਿਰਫ਼ ਸਰਕਾਰ ਜਾਂ ਨਗਰ ਕੌਂਸਲ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੁਹਿੰਮ ਨੂੰ ਸਫਲ ਬਣਾਉਣ ਲਈ ਆਪਣੇ ਆਲੇ-ਦੁਆਲੇ ਸਫਾਈ ਬਣਾਈ ਰੱਖਣ ਅਤੇ ਕੂੜਾ ਨਿਰਧਾਰਤ ਥਾਵਾਂ ’ਤੇ ਹੀ ਸੁੱਟਣ।
ਹਰਜੋਤ ਸਿੰਘ ਬੈਂਸ ਨੇ ਵਾਰਡ ਨੰਬਰ-10 ਦਾ ਦੌਰਾ ਕਰਦਿਆਂ ਸਫਾਈ ਪ੍ਰਬੰਧਾਂ ਦਾ ਮੌਕੇ ’ਤੇ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਵਾਰਡ ਵਿੱਚ ਸਫਾਈ ਦੌਰਾਨ ਕਰੀਬ 10 ਟਰਾਲੀਆਂ ਕੂੜਾ ਅਤੇ ਹੋਰ ਫ਼ਜ਼ੂਲ ਸਮਾਨ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਫਾਈ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿਸ਼ੇਸ਼ ਸਫਾਈ ਕਰਵਾਈ ਜਾ ਰਹੀ ਹੈ ਅਤੇ ਜਿੱਥੇ ਵੀ ਗੰਦਗੀ ਜਾਂ ਕੂੜੇ ਦੇ ਢੇਰ ਨਜ਼ਰ ਆ ਰਹੇ ਹਨ, ਉਨ੍ਹਾਂ ਨੂੰ ਤੁਰੰਤ ਹਟਾਇਆ ਜਾ ਰਿਹਾ ਹੈ। ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਸਫਾਈ ਪ੍ਰਬੰਧਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦਾ ਸਮਾਨ ਸੜਕਾਂ ਅਤੇ ਜਨਤਕ ਥਾਵਾਂ ’ਤੇ ਨਾ ਰੱਖਣ। ਉਨ੍ਹਾਂ ਕਿਹਾ ਕਿ ਸੜਕਾਂ ਅਤੇ ਫੁੱਟਪਾਥ ਲੋਕਾਂ ਦੀ ਸਹੂਲਤ ਲਈ ਹਨ ਅਤੇ ਇਨ੍ਹਾਂ ’ਤੇ ਸਮਾਨ ਰੱਖਣ ਨਾਲ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਸ਼ਹਿਰ ਦੀ ਸੁੰਦਰਤਾ ਵੀ ਖ਼ਰਾਬ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਸਾਫ਼-ਸੁਥਰਾ ਅਤੇ ਸੁਚੱਜਾ ਹੋਵੇਗਾ ਤਾਂ ਇਸ ਨਾਲ ਕਾਰੋਬਾਰ ਨੂੰ ਵੀ ਹੁਲਾਰਾ ਮਿਲੇਗਾ ਅਤੇ ਲੋਕਾਂ ਲਈ ਬਿਹਤਰ ਮਾਹੌਲ ਪੈਦਾ ਹੋਵੇਗਾ।
ਹਰਜੋਤ ਬੈਂਸ ਨੇ ਲੋਕਾਂ ਨੂੰ ਖ਼ਾਸ ਤੌਰ ’ਤੇ ਅਪੀਲ ਕਰਦਿਆਂ ਕਿਹਾ, “ਕਿਰਪਾ ਕਰਕੇ ਕੂੜਾ ਸੜਕਾਂ ਜਾਂ ਖੁੱਲ੍ਹੀਆਂ ਥਾਵਾਂ ’ਤੇ ਨਾ ਸੁੱਟੋ ਜੀ।” ਉਨ੍ਹਾਂ ਕਿਹਾ ਕਿ ਸਰਕਾਰ ਅਤੇ ਨਗਰ ਕੌਂਸਲ ਵੱਲੋਂ ਸਫਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਪਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਹ ਮੁਹਿੰਮ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਆਪਣੇ ਘਰ, ਦੁਕਾਨ ਅਤੇ ਆਲੇ-ਦੁਆਲੇ ਦੀ ਸਫਾਈ ਦਾ ਧਿਆਨ ਰੱਖੇ ਅਤੇ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਆਪਣਾ ਯੋਗਦਾਨ ਪਾਵੇ।
ਇਸ ਮੌਕੇ ਮੱਛਰਾਂ ਦੀ ਰੋਕਥਾਮ ਲਈ ਫੋਗਿੰਗ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸਫਾਈ ਦੇ ਨਾਲ-ਨਾਲ ਸਿਹਤ ਪੱਖੋਂ ਵੀ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਣ ਮਿਲ ਸਕੇ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਦਿਨ-ਰਾਤ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਫਾਈ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ ਅਤੇ ਵਾਰਡ ਨੰਬਰ 10 ਸਮੇਤ ਪੂਰੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਲੋਕਾਂ ਅਤੇ ਪ੍ਰਸ਼ਾਸਨ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਨਰਿੰਦਰ ਸਿੰਘ, ਅਨੀਤਾ ਬੈਂਸ, ਰਣਜੀਤ ਸਿੰਘ, ਪੂਜਾ ਦੇਵੀ, ਪਰਮਜੀਤ ਸਿੰਘ, ਯੁੱਧਵੀਰ ਸਿੰਘ ਐਕਸੀਅਨ, ਮਦਨ ਲਾਲ ਸੈਨੇਟਰੀ ਇੰਸਪੈਕਟਰ, ਮਲਕੀਤ ਸਿੰਘ ਸੈਨੇਟਰੀ ਇੰਸਪੈਕਟਰ, ਨਿਤਿਨ ਸ਼ਰਮਾ, ਅੰਕੁਸ਼ ਪਾਠਕ, ਦਲਜੀਤ ਸਿੰਘ ਤੇ ਵੱਡੀ ਗਿਣਤੀ ਵਿਚ ਆਪ ਵਰਕਰ ਹਾਜ਼ਰ ਸਨ।
ਸਫਾਈ ਮੁਹਿੰਮ ਨੂੰ ਸਫਲ ਬਣਾਉਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ- ਹਰਜੋਤ ਬੈਂਸ