ਡੇਂਗੂ ਵਿਰੁੱਧ ਜੰਗ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ 20 ਹੌਟਸਪੌਟਾਂ ‘ਚ ਘਰ-ਘਰ ਜਾ ਕੇ ਹੋਵੇਗੀ ਜਾਂਚ: ਆਸ਼ਿਕਾ ਜੈਨ

ਡੇਂਗੂ ਵਿਰੁੱਧ ਜੰਗ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ 20 ਹੌਟਸਪੌਟਾਂ 'ਚ ਘਰ-ਘਰ ਜਾ ਕੇ ਹੋਵੇਗੀ ਜਾਂਚ: ਆਸ਼ਿਕਾ ਜੈਨ

ਹੁਸ਼ਿਆਰਪੁਰ, 24 ਅਗਸਤ: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਜ਼ਿਲ੍ਹੇ ਵਿੱਚ ਡੇਂਗੂ ਦੀ ਰੋਕਥਾਮ ਲਈ ਚਲਾਏ ਜਾ ਰਹੇ ‘ਡੇਂਗੂ ਤੇ ਵਾਰ’ ਅਭਿਆਨ ਦੀ ਸਮੀਖਿਆ ਕਰਦਿਆਂ ਸਬੰਧਤ ਅਧਿਕਾਰੀਆਂ ਅਤੇ ਨਰਸਿੰਗ ਕਾਲਜਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਡੇਂਗੂ ਦੇ 20 ਸ਼ਨਾਖ਼ਤੀ ਹੌਟਸਪੌਟ ਖੇਤਰਾਂ ਵਿੱਚ ਘਰ-ਘਰ ਜਾ ਕੇ ਲਾਰਵੇ ਦੀ ਜਾਂਚ ਦਾ ਅਭਿਆਨ ਪੂਰੀ ਗੰਭੀਰਤਾ ਅਤੇ ਨਿਰੰਤਰਤਾ ਨਾਲ ਚਲਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਇਸ ਅਭਿਆਨ ਦੀ ਸ਼ੁਰੂਆਤ 11 ਅਗਸਤ ਤੋਂ ਕਰ ਦਿੱਤੀ ਗਈ ਹੈ। ਇਸ ਤਹਿਤ 250 ਵਲੰਟੀਅਰਾਂ ਅਤੇ 20 ਲਾਰਵਾ ਚੈਕਰਾਂ ਰਾਹੀਂ ਘਰ-ਘਰ ਜਾ ਕੇ ਜਾਂਚ ਕੀਤੀ ਜਾਣੀ ਹੈ, ਜਦਕਿ ਇਨ੍ਹਾਂ ਗਤੀਵਿਧੀਆਂ ਦੀ ਨਿਗਰਾਨੀ 4 ਗਵਰਨੈਂਸ ਫੈਲੋਜ਼ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸ੍ਰੀ ਗੁਰੂ ਰਾਮ ਦਾਸ ਕਾਲਜ ਆਫ਼ ਨਰਸਿੰਗ, ਮਦਰ ਮੈਰੀ ਕਾਲਜ ਆਫ਼ ਨਰਸਿੰਗ ਅਤੇ ਐਸ.ਟੀ. ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਇਸ ਅਭਿਆਨ ਵਿੱਚ ਭਾਗ ਲਿਆ ਹੈ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਹੁਣ ਤੱਕ ਹੌਟਸਪੌਟ ਖੇਤਰਾਂ ਵਿੱਚ 9,358 ਘਰਾਂ ਦੀ ਜਾਂਚ ਕੀਤੀ ਗਈ ਹੈ ਅਤੇ 176 ਥਾਵਾਂ ’ਤੇ ਡੇਂਗੂ ਦਾ ਲਾਰਵਾ ਪਾਇਆ ਗਿਆ ਹੈ। ਅਭਿਆਨ ਵਿੱਚ ਕੁੱਲ 130 ਵਲੰਟੀਅਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਐਸਜੀਆਰਡੀ ਕਾਲਜ ਦੇ 88, ਮਦਰ ਮੈਰੀ ਕਾਲਜ ਦੇ 28 ਅਤੇ ਐਸ.ਟੀ. ਕਾਲਜ ਦੇ 14 ਵਿਦਿਆਰਥੀ ਸ਼ਾਮਲ ਹਨ। ਹੁਣ ਤੱਕ ਘਰਾਂ ਦਾ ਦੋ ਵਾਰ ਸਰਵੇ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹਫ਼ਤੇ ਦੇ ਦੋ ਦਿਨ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਟੀਮਾਂ ਘਰ-ਘਰ ਜਾ ਕੇ ਸਰਵੇ ਕਰਨਗੀਆਂ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਜਗਦੀਪ ਨੂੰ ਅਭਿਆਨ ਨਾਲ ਸਬੰਧਤ ਅੰਕੜਿਆਂ ਨੂੰ ਪੂਰੀ ਤਰ੍ਹਾਂ ਸਹੀ ਅਤੇ ਪਾਰਦਰਸ਼ੀ ਰੱਖਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਹੁਸ਼ਿਆਰਪੁਰ ਦੇ ਸਾਰੇ ਨਰਸਿੰਗ ਕਾਲਜਾਂ ਨੂੰ ਪ੍ਰਸਤਾਵਿਤ ਡੇਂਗੂ ਡੋਰ-ਟੂ-ਡੋਰ ਐਕਸ਼ਨ ਪਲਾਨ ਲਈ ਆਪਣੇ ਵਿਦਿਆਰਥੀ ਵਲੰਟੀਅਰ ਤੁਰੰਤ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਰਿਆਤ ਕਾਲਜ ਆਫ਼ ਨਰਸਿੰਗ ਅਤੇ ਸਰਕਾਰੀ ਏਐਨਐਮ ਕਾਲਜ ਆਫ਼ ਨਰਸਿੰਗ ਵੱਲੋਂ ਵਲੰਟੀਅਰਾਂ ਦੀ ਟ੍ਰੇਨਿੰਗ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਕਿਸੇ ਵੀ ਕਿਸਮ ਦੀ ਦੇਰੀ ਨਾ ਕੀਤੀ ਜਾਵੇ।
ਮੀਟਿੰਗ ਵਿੱਚ ਕਾਲਜਾਂ ਨੂੰ ਆਪਣੇ ਨੋਡਲ ਅਧਿਕਾਰੀਆਂ ਦੇ ਨਾਲ ਨਿਰਧਾਰਤ ਗਿਣਤੀ ਵਿੱਚ ਵਿਦਿਆਰਥੀ ਵਲੰਟੀਅਰ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਮਦਰ ਮੈਰੀ ਕਾਲਜ ਆਫ਼ ਨਰਸਿੰਗ ਨੂੰ, ਰਿਆਤਤ ਕਾਲਜ ਆਫ਼ ਨਰਸਿੰਗ ਨੂੰ ਤੈਅ ਕੀਤੀ ਗਿਣਤੀ ਅਨੁਸਾਰ ਵਿਦਿਆਰਥੀ (ਹਫ਼ਤੇ ਵਿੱਚ ਦੋ ਦਿਨ 100-100 ਦੇ ਰੋਸਟਰ ਅਨੁਸਾਰ), ਐਸ.ਟੀ. ਕਾਲਜ ਆਫ਼ ਨਰਸਿੰਗ ਅਤੇ ਸ੍ਰੀ ਗੁਰੂ ਰਾਮ ਦਾਸ ਕਾਲਜ ਨੂੰ ਵਿਦਿਆਰਥੀ ਉਪਲਬਧ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਆਸ਼ਿਕਾ ਜੈਨ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਸਿਰਫ਼ ਪ੍ਰਸ਼ਾਸਨ ਦੀ ਨਹੀਂ, ਸਗੋਂ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਡੇਂਗੂ ਦੇ ਲਾਰਵੇ ਦੇ ਸੰਭਾਵਿਤ ਸਥਾਨਾਂ ਨੂੰ ਨਿਯਮਿਤ ਤੌਰ ’ਤੇ ਸਾਫ਼ ਰੱਖਣ।
ਇਸ ਮੌਕੇ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਗੁਰਕੰਵਲ ਸਿੰਘ, ਸਿਵਲ ਸਰਜਨ ਡਾ. ਮਨਦੀਪ ਕਮਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ। 

ਹੋਰ ਖ਼ਬਰਾਂ :-  ‘ਯੁੱਧ ਨਸ਼ਿਆਂ ਵਿਰੁੱਧ’ ਦਾ ਇੱਕ ਸਾਲ - 36,178 ਐਫਆਈਆਰ, 51,648 ਗ੍ਰਿਫਤਾਰੀਆਂ, ਭਗਵੰਤ ਮਾਨ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਹੋਰ ਤੇਜ਼: ਬਲਤੇਜ ਪੰਨੂ

Leave a Reply

Your email address will not be published. Required fields are marked *