ਚੰਡੀਗੜ੍ਹ, 8 ਸਤੰਬਰ: ਲੋਕਾਂ ਦੇ ਭਰਵੇਂ ਹੁੰਗਾਰੇ ਅਤੇ 83 ਫੀਸਦੀ ਤੋਂ ਵੱਧ ਨਾਗਰਿਕ ਸ਼ਿਕਾਇਤਾਂ ਦੇ ਨਿਪਟਾਰੇ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਦੱਸਿਆ ਕਿ ਸੂਬਾ ਪੱਧਰੀ ‘ਸਫ਼ਾਈ ਮੁਹਿੰਮ 2.0’ ਨੂੰ 12 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਾਰੀਆਂ 166 ਸ਼ਹਿਰੀ ਸਥਾਨਕ ਇਕਾਈਆਂ ਵਿੱਚ ਨਾਗਰਿਕ ਭਾਗੀਦਾਰੀ ਨੂੰ ਸੰਸਥਾਗਤ ਬਣਾਉਣ ਲਈ ਚਾਰ ‘ਮੈਗਾ ਸ਼ਨੀਵਾਰ ਸਫਾਈ ਮੁਹਿੰਮਾਂ’ ਦਾ ਵੀ ਐਲਾਨ ਕੀਤਾ।
ਇਹ ਵਿਸ਼ੇਸ਼ ਮੁਹਿੰਮ 29 ਅਗਸਤ ਨੂੰ ਸ਼ੁਰੂ ਕੀਤੀ ਗਈ ਸੀ ਅਤੇ ਇਸ ਦੌਰਾਨ 14 ਨਗਰ ਨਿਗਮਾਂ ਅਤੇ 152 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਸਮੇਤ ਸਾਰੀਆਂ 166 ਸ਼ਹਿਰੀ ਸਥਾਨਕ ਇਕਾਈਆਂ ਨੂੰ ਕਵਰ ਕੀਤਾ ਗਿਆ।
ਅੱਜ ਇੱਥੇ ਐਮ.ਸੀ. ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਮੁਹਿੰਮ ਤਹਿਤ ‘ਐਮ-ਸੇਵਾ’ ਐਪ ਰਾਹੀਂ ਹੁਣ ਤੱਕ 6459 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 5407 (83% ਤੋਂ ਵੱਧ) ਦਾ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ,‘‘ ਆਖਰੀ ਦਿਨ ਤੱਕ ਨਾਗਰਿਕਾਂ ਦੀ ਭਰਵੀਂ ਭਾਗੀਦਾਰੀ ਅਤੇ ਐਮ-ਸੇਵਾ ਐਪ ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਇਸ ਮੁਹਿੰਮ ਨੂੰ 12 ਸਤੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ।’’
ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ, ‘‘ਪੰਜਾਬ ਗੁਰੂਆਂ, ਸੰਤਾਂ ਅਤੇ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ ਅਤੇ ਇਸਨੂੰ ਸਾਫ਼ ਰੱਖਣਾ ਸਾਡਾ ਸਾਰਿਆਂ ਦਾ ਸਮੂਹਿਕ ਫਰਜ਼ ਹੈ। ਇਸ ਮੁਹਿੰਮ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਦੀ ਸਰਗਰਮ ਭਾਗੀਦਾਰੀ ਤੋਂ ਬਿਨਾਂ ਸਵੱਛਤਾ ਅਤੇ ਸਫ਼ਾਈ ਅਸੰਭਵ ਹੈ। ਅਸੀਂ ਸਿਰਫ਼ ਕੂੜੇ ਦਾ ਨਿਪਟਾਰਾ ਹੀ ਨਹੀਂ ਕਰ ਰਹੇ ਬਲਕਿ ਸ਼ਹਿਰੀ ਪੰਜਾਬ ਦੇ ਭਵਿੱਖ ਨੂੰ ਨਵਾਂ ਆਕਾਰ ਦੇ ਰਹੇ ਹਾਂ।’’
ਉਨ੍ਹਾਂ ਕਿਹਾ ਕਿ ਸਰਕਾਰ ਹੁਣ ਇਸ ਚੱਲ ਰਹੀ ਮੁਹਿੰਮ ਤੋਂ ਇਲਾਵਾ ਨਾਗਰਿਕਾਂ ਦੀ ਭਾਗੀਦਾਰੀ ਨੂੰ ਸੰਸਥਾਗਤ ਬਣਾਉਣ ’ਤੇ ਧਿਆਨ ਕੇਂਦਰਿਤ ਕਰੇਗੀ। ਉਨ੍ਹਾਂ ਅੱਗੇ ਕਿਹਾ ਇਸ ਉਦੇਸ਼ ਲਈ 12 ਸਤੰਬਰ ਤੋਂ ਅਗਲੇ ਚਾਰ ਸ਼ਨੀਵਾਰ ਗੈਰ-ਸਰਕਾਰੀ ਸੰਗਠਨਾਂ, ਮਾਰਕੀਟ ਐਸੋਸੀਏਸ਼ਨਾਂ, ਯੂਥ ਕਲੱਬਾਂ, ਧਾਰਮਿਕ ਸੰਗਠਨਾਂ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਚੱਲਣ ਵਾਲੀਆਂ ਚਾਰ ‘ਮੈਗਾ ਸਫਾਈ ਮੁਹਿੰਮਾਂ’ ਦਾ ਆਯੋਜਨ ਕੀਤਾ ਜਾਵੇਗਾ। ਮੰਤਰੀ ਨੇ ਕਿਹਾ, ‘‘ਅਸੀਂ ਸਾਰੇ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ਨੀਵਾਰ ਸਵੇਰੇ ਸਿਰਫ਼ ਦੋ ਤੋਂ ਤਿੰਨ ਘੰਟੇ ਕੱਢਣ ਅਤੇ ਸਾਡੇ ਪਾਰਕਾਂ, ਬਾਜ਼ਾਰਾਂ ਅਤੇ ਆਂਢ-ਗੁਆਂਢ ਦੀ ਸਫਾਈ ਵਿੱਚ ਸਾਡੇ ਨਾਲ ਸ਼ਾਮਲ ਹੋਣ।’’
ਮੰਤਰੀ ਨੇ ਅੱਗੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਨੇ ਕੂੜਾ-ਕਰਕਟ ਦੇ ਵੱਡੇ ਢੇਰਾਂ (ਜੀਵੀਪੀਜ਼) ’ਤੇ ਦੁਬਾਰਾ ਕੂੜਾ ਜਮ੍ਹਾਂ ਹੋਣ ਤੋਂ ਰੋਕਣ ਲਈ ਸਾਰੇ ਸ਼ਹਿਰਾਂ ਵਿੱਚ ਵੱਡੇ ਪੱਧਰ ’ਤੇ ਘਰੋ-ਘਰੀ ਜਾ ਕੇ ਕੂੜਾ ਇਕੱਠਾ ਕਰਨ ਸਬੰਧੀ ਪ੍ਰਣਾਲੀ ਸ਼ੁਰੂ ਕੀਤੀ ਹੈ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਕੁਲੈਕਸ਼ਨ ਵੈਨ ਦੇ ਆਉਣ ਤੱਕ ਆਪਣਾ ਕੂੜਾ ਘਰ ਵਿੱਚ ਸੰਭਾਲ ਕੇ ਰੱਖਿਆ ਜਾਵੇ ਅਤੇ ਚੇਤਾਵਨੀ ਦਿੱਤੀ ਕਿ ਜਾਗਰੂਕਤਾ ਪੜਾਅ ਤੋਂ ਬਾਅਦ ਜਨਤਕ ਥਾਵਾਂ ’ਤੇ ਕੂੜਾ ਸੁੱਟਣ ’ਤੇ ਸਖ਼ਤ ਜੁਰਮਾਨੇ ਕੀਤੇ ਜਾਣਗੇ।
ਉਨ੍ਹਾਂ ਜੋਰ ਦਿੰਦਿਆਂ ਕਿਹਾ ,‘‘ਮੈਂ ਪਿਛਲੇ 10 ਦਿਨਾਂ ਵਿੱਚ ਨਿੱਜੀ ਤੌਰ ’ਤੇ ਕੁਰਾਲੀ, ਖਰੜ ਅਤੇ ਨੰਗਲ ਵਰਗੇ ਕਸਬਿਆਂ ਦਾ ਦੌਰਾ ਕੀਤਾ ਹੈ, ਰੋਜ਼ਾਨਾ ਦੋ- ਤੋਂ ਤਿੰਨ ਘੰਟੇ ਇਲਾਕੇ ਵਿੱਚ ਬਿਤਾਏ ਹਨ ਅਤੇ ਦੇਖਿਆ ਹੈ ਕਿ ਸਾਡੇ ਸਫਾਈ ਸੇਵਕ ਕਿੰਨੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਪਰ ਨਾਗਰਿਕਾਂ ਦੇ ਸਹਿਯੋਗ ਤੋਂ ਬਿਨਾਂ ਵਧੀਆ ਤੋਂ ਵਧੀਆ ਯਤਨ ਵੀ ਅਸਫਲ ਰਹਿ ਜਾਂਦੇ ਹਨ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਨਾਗਰਿਕ ਸੂਝ ਤੋਂ ਬਿਨਾਂ ਜਾਪਾਨ ਵਰਗੇ ਸਾਫ਼-ਸੁਥਰੇ ਸ਼ਹਿਰ ਨਹੀਂ ਬਣਾ ਸਕਦੇ। ’’
ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁਹਿੰਮ ਦੌਰਾਨ ਅਣਥੱਕ ਯਤਨਾਂ ਲਈ ਵਿਧਾਇਕਾਂ, ਡਿਪਟੀ ਕਮਿਸ਼ਨਰਾਂ, ਨਗਰ ਨਿਗਮ ਕਮਿਸ਼ਨਰਾਂ, ਕੌਂਸਲਰਾਂ ਅਤੇ ਸੈਨੀਟੇਸ਼ਨ ਸਟਾਫ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁਹਿੰਮ ਦੇ ਸਮਾਪਤ ਹੋਣ ਉਪਰੰਤ ਸਥਾਈ ਤੌਰ ’ਤੇ ਖ਼ਤਮ ਕੀਤੇ ਗਏ ਕੂੜੇ ਦੇ ਵੱਡੇ ਢੇਰਾਂ (ਜੀ.ਵੀ.ਪੀ.) ਦੀਆਂ ਤਸਵੀਰਾਂ ਸਬੂਤਾਂ ਵਜੋਂ ਇੱਕ ਵਿਸਤ੍ਰਿਤ ਡੇਟਾ ਵਿਸ਼ਲੇਸ਼ਣ ਦੇ ਨਾਲ ਪੇਸ਼ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ,‘‘ਇਹ ਸਿਰਫ਼ ਸ਼ੁਰੂਆਤ ਹੈ। ਸਾਡੇ ਬਜ਼ੁਰਗਾਂ ਦੇ ਆਸ਼ੀਰਵਾਦ ਅਤੇ ਸਾਡੇ ਨੌਜਵਾਨਾਂ ਦੀ ਊਰਜਾ ਨਾਲ, ਪੰਜਾਬ ਸ਼ਹਿਰੀ ਸੈਨੀਟੇਸ਼ਨ ਵਿੱਚ ਇੱਕ ਨਵਾਂ ਮਾਪਦੰਡ ਸਥਾਪਤ ਕਰੇਗਾ।’’