ਸਰਹੱਦ ਪਾਰੋਂ ਚੱਲ ਰਹੇ ਸਪਲਾਈ ਨੈੱਟਵਰਕ ਨਾਲ ਜੁੜੇ ਸੱਤ ਵਿਅਕਤੀ 10 ਪਿਸਤੌਲਾਂ, 1 ਕਿਲੋ ਹੈਰੋਇਨ, ਇੱਕ ਡਰੋਨ ਸਮੇਤ ਗ੍ਰਿਫ਼ਤਾਰ

Punjab Police Logo

ਚੰਡੀਗੜ੍ਹ/ਅੰਮ੍ਰਿਤਸਰ, 10 ਅਗਸਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੱਤ ਵਿਅਕਤੀਆਂ ਨੂੰ 10 ਗੈਰ-ਕਾਨੂੰਨੀ ਪਿਸਤੌਲਾਂ, 1.054 ਕਿਲੋਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਸਪਲਾਈ ਨਾਲ ਸਬੰਧਤ ਦੋ ਵੱਡੇ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਦੀਪ ਸਿੰਘ ਉਰਫ਼ ਭੁੱਲਰ (28) ਵਾਸੀ ਪਿੰਡ ਰਾਜੋਕੇ, ਤਰਨਤਾਰਨ ਅਤੇ ਮੌਜੂਦਾ ਪਤਾ ਗੁਮਟਾਲਾ, ਅੰਮ੍ਰਿਤਸਰ; ਹੁਸਨਪ੍ਰੀਤ ਸਿੰਘ (21) ਵਾਸੀ ਪਿੰਡ ਮਹਿਦੀਪੁਰ ਅਤੇ ਮੌਜੂਦਾ ਪਤਾ ਪਿੰਡ ਢੋਲਣ, ਤਰਨ ਤਾਰਨ; ਅਹਿਮਦ ਰਾਜਾ (21) ਵਾਸੀ ਸੁਲਤਾਨਵਿੰਡ ਰੋਡ, ਅੰਮ੍ਰਿਤਸਰ; ਜਗਸੀਰ ਸਿੰਘ ਉਰਫ਼ ਬੌਬੀ (26) ਵਾਸੀ ਮੁਹੱਲਾ ਤਕਸ਼ਤਰੀ, ਤਰਨ ਤਾਰਨ; ਨਵੀਦੀਪ ਸਿੰਘ (20) ਵਾਸੀ ਅਟਾਰੀ, ਅੰਮ੍ਰਿਤਸਰ ਦਿਹਾਤੀ; ਅਨਮੋਲਦੀਪ ਸਿੰਘ (19) ਵਾਸੀ ਰੋੜਾਂਵਾਲੀ, ਅੰਮ੍ਰਿਤਸਰ ਦਿਹਾਤੀ ਅਤੇ ਮਨਜਿੰਦਰ ਸਿੰਘ ਉਰਫ਼ ਮੰਗਾ (37) ਵਾਸੀ ਫਤਿਹਪੁਰ, ਅੰਮ੍ਰਿਤਸਰ ਵਜੋਂ ਹੋਈ ਹੈ।

ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਇੱਕ .30 ਬੋਰ ਜ਼ਿਗਾਨਾ (ਤੁਰਕੀ ਦੇ ਬਣੇ ਹੋਏ), ਇੱਕ 9 ਐਮਐਮ ਗਲੋਕ (ਆਸਟ੍ਰੀਆ ਵਿੱਚ ਬਣਿਆ), ਇੱਕ 9 ਐਮਐਮ ਪੀਐਕਸ5, ਦੋ .30 ਬੋਰ ਦੇ ਪਿਸਤੌਲ (ਚੀਨ ਦੇ ਬਣੇ ਹੋਏ), ਦੋ .30 ਬੋਰ ਸਟਾਰ ਮਾਰਕ, ਇੱਕ .30 ਬੋਰ, ਇੱਕ ਗਲੋਕ 9 ਐਮਐਮ ਅਤੇ ਇੱਕ .30 ਬੋਰ ਪੀਐਕਸ3 ਸਮੇਤ ਪੰਜ ਜ਼ਿੰਦਾ ਕਾਰਤੂਸ ਸ਼ਾਮਲ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਦੇਸ਼ੀ ਤਸਕਰਾਂ ਜੋ ਅੰਤਰਰਾਸ਼ਟਰੀ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਅਤੇ ਹੈਰੋਇਨ ਦੀ ਸਪਲਾਈ ਵਿੱਚ ਸਹਾਇਤਾ ਕਰ ਰਹੇ ਸਨ, ਦੇ ਸੰਪਰਕ ਵਿੱਚ ਸਨ।

ਡੀਜੀਪੀ ਨੇ ਦੱਸਿਆ ਕਿ ਇਸ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ, ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ।

ਕਮਿਸ਼ਨਰ ਆਫ ਪੁਲਿਸ (ਸੀਪੀ) ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਭਰੋਸੇਯੋਗ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, ਪੁਲਿਸ ਟੀਮਾਂ ਨੇ ਸ਼ੁਰੂ ਵਿੱਚ ਦੋਸ਼ੀ ਕੁਲਦੀਪ ਉਰਫ ਭੁੱਲਰ ਅਤੇ ਹੁਸਨਪ੍ਰੀਤ ਸਿੰਘ ਨੂੰ ਦੋ ਪਿਸਤੌਲਾਂ ਅਤੇ ਦੋ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ।

ਹੋਰ ਖ਼ਬਰਾਂ :-  ਸੁਨਾਮ 'ਚ ਸ਼ਹੀਦ ਊਧਮ ਸਿੰਘ ਦੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਪੰਜਾਬ ਦਾ ਪਹਿਲਾ 7ਡੀ ਆਡੀਟੋਰੀਅਮ ਬਣੇਗਾ

ਉਨ੍ਹਾਂ ਦੱਸਿਆ ਕਿ ਲਗਾਤਾਰ ਪੁੱਛਗਿੱਛ ਅਤੇ ਹੋਰ ਜਾਂਚ ਦੌਰਾਨ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਈ ਨੈੱਟਵਰਕ ਵਿੱਚ ਸ਼ਾਮਲ ਆਪਣੇ ਸਾਥੀਆਂ ਬਾਰੇ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੇ ਖੁਲਾਸਿਆਂ ਦੇ ਅਧਾਰ ‘ਤੇ ਕਾਰਵਾਈ ਕਰਦਿਆਂ, ਪੁਲਿਸ ਟੀਮਾਂ ਨੇ ਅਹਿਮਦ ਰਾਜਾ ਅਤੇ ਜਗਸੀਰ ਉਰਫ਼ ਬੌਬੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਪੰਜ ਹੋਰ ਗ਼ੈਰ-ਕਾਨੂੰਨੀ ਪਿਸਤੌਲਾਂ ਸਮੇਤ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ।

ਸੀਪੀ ਨੇ ਦੱਸਿਆ ਕਿ ਇਹ ਹਥਿਆਰ ਪੁਰਾਣੀ ਦੁਸ਼ਮਣੀ ਦੇ ਚਲਦਿਆਂ ਵਿਰੋਧੀ ਗਿਰੋਹ ਦੇ ਮੈਂਬਰ ਨੂੰ ਨਿਸ਼ਾਨਾ ਬਣਾਉਣ ਲਈ ਵਰਤੇ ਜਾਣੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਅਹਿਮਦ ਰਾਜਾ ਪਹਿਲਾਂ ਵੀ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ ਅਤੇ ਉਸ ਵਿਰੁੱਧ ਕਤਲ, ਅਸਲਾ ਐਕਟ ਅਤੇ ਚੋਰੀ ਨਾਲ ਸਬੰਧਤ ਕਈ ਮਾਮਲੇ ਦਰਜ ਹਨ।

ਇੱਕ ਹੋਰ ਆਪਰੇਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ, ਸੀਪੀ ਹਰਮਨਬੀਰ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਸ਼ੁਰੂ ਵਿੱਚ ਮੁਲਜ਼ਮ ਨਵੀਦੀਪ ਸਿੰਘ ਅਤੇ ਅਨਮੋਲਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1.054 ਕਿਲੋ ਹੈਰੋਇਨ ਬਰਾਮਦ ਕੀਤੀ।

ਸੀਪੀ ਨੇ ਦੱਸਿਆ ਕਿ ਅਗਲੇਰੀ ਜਾਂਚ ਅਤੇ ਨਿਰੰਤਰ ਪੁੱਛਗਿੱਛ ਦੌਰਾਨ, ਪੁਲਿਸ ਨੇ ਤਿੰਨ ਆਧੁਨਿਕ ਪਿਸਤੌਲ ਅਤੇ ਸਰਹੱਦ ਪਾਰੋਂ ਖੇਪ ਭੇਜਣ ਲਈ ਵਰਤਿਆ ਜਾਣਾ ਵਾਲਾ ਇੱਕ ਡਰੋਨ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਇੱਕ ਹੋਰ ਮੁਲਜ਼ਮ ਮਨਜਿੰਦਰ ਸਿੰਘ ਉਰਫ ਮੰਗਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ, ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਜਿਹਨਾਂ ਵਿੱਚੋਂ ਪਹਿਲਾਂ ਕੇਸ ਐਫਆਈਆਰ ਨੰਬਰ 142 ਮਿਤੀ 03.08.2026 ਨੂੰ ਅਸਲਾ ਐਕਟ ਦੀ ਧਾਰਾ 25(6,7,8) ਅਧੀਨ ਥਾਣਾ ਛਾਉਣੀ ਵਿਖੇ ਅਤੇ ਦੂਜਾ ਕੇਸ ਐਫਆਈਆਰ ਨੰਬਰ 134 ਮਿਤੀ 05.08.2026 ਨੂੰ ਐਨਡੀਪੀਐਸ ਐਕਟ ਦੀ ਧਾਰਾ 21-ਬੀ, 21-ਸੀ ਅਤੇ 29, ਅਸਲਾ ਐਕਟ ਦੀ ਧਾਰਾ 25(8) ਅਤੇ ਏਅਰਕ੍ਰਾਫਟ ਐਕਟ ਦੀ ਧਾਰਾ 10, 11 ਅਤੇ 12 ਅਧੀਨ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਡੀ-ਡਿਵੀਜ਼ਨ ਵਿਖੇ ਦਰਜ ਕੀਤਾ ਗਿਆ ਹੈ।  

Leave a Reply

Your email address will not be published. Required fields are marked *