ਜਲੰਧਰ, 18 ਅਗਸਤ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਸਰਬ ਸਾਂਝੀਵਾਲਤਾ, ਮਨੁੱਖੀ ਬਰਾਬਰੀ, ਸਮਾਜਿਕ ਨਿਆਂ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਹੈ, ਜਿਸ ਨੂੰ ਆਪਣੇ ਜੀਵਨ ਵਿੱਚ ਅਪਣਾਉਂਦਿਆਂ ਸਾਨੂੰ ਸਭ ਨੂੰ ਆਦਰਸ਼ ਸਮਾਜ ਦੀ ਸਿਰਜਣਾ ਵਿੱਚ ਸਰਗਰਮ ਯੋਗਦਾਨ ਪਾਉਣਾ ਚਾਹੀਦਾ ਹੈ।
ਕੈਬਨਿਟ ਮੰਤਰੀ ਮੋਹਿੰਦਰ ਭਗਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਸਥਾਨਕ ਡੀ.ਏ.ਵੀ. ਯੂਨੀਵਰਸਿਟੀ ਵਿਖੇ ‘ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਸਮਾਜਿਕ ਸਮਾਨਤਾ’ ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ।
ਆਪਣੇ ਸੰਬੋਧਨ ਦੌਰਾਨ ਬਾਗਬਾਨੀ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਅਜਿਹੇ ਸਮਾਜ ਦਾ ਸੰਕਲਪ ਦਿੱਤਾ ਹੈ, ਜਿਸ ਵਿੱਚ ਕਿਸੇ ਕਿਸਮ ਦਾ ਵਿਤਕਰਾ, ਸ਼ੋਸ਼ਣ ਅਤੇ ਅਸਮਾਨਤਾ ਨਾ ਹੋਵੇ, ਅਜਿਹਾ ਸਮਾਜ ਜੋ ਬਰਾਬਰੀ, ਨਿਆਂ, ਦਿਆ ਅਤੇ ਆਪਸੀ ਸਨਮਾਨ ’ਤੇ ਆਧਾਰਿਤ ਹੋਵੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਮਹਾਨ ਸਿੱਖਿਆਵਾਂ ਨੇ ਮਨੁੱਖਤਾ ਨੂੰ ਸੱਚਾ ਰਾਹ ਦਿਖਾਇਆ ਅਤੇ ਉਨ੍ਹਾਂ ਦਾ ਬਰਾਬਰੀ ਵਾਲੇ ਸਮਾਜ ਦਾ ਸੰਕਲਪ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।
ਸ਼੍ਰੀ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਵੱਖ-ਵੱਖ ਸਮਾਗਮ ਉਲੀਕੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੇ ਹਿੱਸੇ ਵਜੋਂ ਡੇਰਾ ਸੱਚਖੰਡ ਬੱਲਾਂ ਨੇੜੇ ਨੌਗਜ਼ਾ ਫਰੀਦਪੁਰਾ ਵਿਖੇ 10.4 ਏਕੜ ਰਕਬੇ ਵਿੱਚ 37 ਕਰੋੜ ਦੀ ਲਾਗਤ ਨਾਲ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਤਹਿਤ ਸੂਬਾ ਸਰਕਾਰ ਵੱਲੋਂ ਜਿਥੇ ਵਿੱਦਿਅਕ ਸੰਸਥਾਵਾਂ ਵਿੱਚ ਸੈਮੀਨਾਰ ਕਰਵਾ ਕੇ ਨੌਜਵਾਨ ਪੀੜ੍ਹੀ ਨੂੰ ਗੁਰੂ ਜੀ ਦੇ ਜੀਵਨ, ਫਲਸਫੇ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਉਥੇ ਵੱਖ-ਵੱਖ ਥਾਵਾਂ ’ਤੇ ਕੀਰਤਨ ਦਰਬਾਰ ਵੀ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਮੋਬਾਇਲ ਵੈਨਾਂ ਰਾਹੀਂ ਸੂਬੇ ਦੇ ਪਿੰਡਾਂ ਵਿੱਚ ਗੁਰੂ ਜੀ ਦੇ ਜੀਵਨ ਤੇ ਸਿੱਖਿਆਵਾਂ ’ਤੇ ਆਧਾਰਿਤ ਵਿਸ਼ੇਸ਼ ਡਾਕੂਮੈਂਟਰੀ ਵੀ ਦਿਖਾਈ ਜਾ ਰਹੀ ਹੈ।
ਵਿਦਿਆਰਥੀਆਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦਾ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਗੁਰੂ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਮਨੁੱਖਤਾ ਦੀ ਭਲਾਈ ਲਈ ਵਧ-ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ।
ਡੇਰਾ ਸੰਤ ਪ੍ਰੀਤਮ ਦਾਸ ਜੀ ਬਾਬੇ ਜੋੜੇ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਭੈਣ ਸੰਤੋਸ਼ ਜੀ ਨੇ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਅਧਿਐਨ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਗੁਰੂ ਜੀ ਦੇ ਉਪਦੇਸ਼ਾਂ ਦੀ ਸਮਕਾਲੀ ਪ੍ਰਸੰਗਿਕਤਾ ਨੂੰ ਸਮਝਣ ’ਤੇ ਜ਼ੋਰ ਦਿੱਤਾ।
ਡੇਰਾ ਸੰਤ ਪ੍ਰੀਤਮ ਦਾਸ ਜੀ ਬਾਬੇ ਜੋੜੇ ਰਾਏਪੁਰ-ਰਸੂਲਪੁਰ ਤੋਂ ਸੰਤ ਨਿਰਮਲ ਦਾਸ ਜੀ ਨੇ ਸੰਬੋਧਨ ਕਰਦਿਆਂ ਗੁਰੂ ਜੀ ਦੇ ਸਮਾਨਤਾ, ਕਿਰਤ, ਭਾਈਚਾਰੇ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ’ਤੇ ਚਾਨਣਾ ਪਾਇਆ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਮਹਾਨ ਸਿੱਖਿਆਵਾਂ ਅਤੇ ਉਪਦੇਸ਼ਾਂ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਸੰਤ ਪ੍ਰਦੀਪ ਦਾਸ ਜੀ, ਡੇਰਾ ਕਠਾਰ ਨੇ ਨੌਜਵਾਨਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਦੀਵੀਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਸਮਾਜਿਕ ਸਦਭਾਵਨਾ ਅਤੇ ਸਮਾਨਤਾ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ।
ਸ੍ਰੀ ਗੁਰੂ ਨਾਨਕ ਦੇਵ ਯੁਨੀਵਰਸਿਟੀ ਤੋਂ ਪੁੱਜੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਮਨਜਿੰਦਰ ਸਿੰਘ ਨੇ ਮੁੱਖ ਭਾਸ਼ਣ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਸਮਾਜਿਕ ਬਰਾਬਰੀ ਦੀ ਵਿਸਥਾਰਪੂਰਵਕ ਵਿਆਖਿਆ ਕੀਤੀ। ਉਨ੍ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦੀ ਆਧੁਨਿਕ ਸਮਾਜ ਵਿੱਚ ਡੂੰਘੀ ਪ੍ਰਸੰਗਿਕਤਾ ’ਤੇ ਚਾਨਣਾ ਪਾਇਆ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨੋਜ ਕੁਮਾਰ ਵੱਲੋਂ ਮੁੱਖ ਮਹਿਮਾਨ ਤੇ ਹੋਰਨਾਂ ਮਹਿਮਾਨਾਂ ਦਾ ਸੈਮੀਨਾਰ ਵਿੱਚ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ।
ਇਸ ਦੌਰਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਿਤ ਕਰਵਾਏ ਗਏ ਲੇਖ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਅਖੀਰ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਐਸ.ਕੇ. ਅਰੋੜਾ ਵੱਲੋਂ ਮੁੱਖ ਮਹਿਮਾਨ ਤੇ ਹੋਰਨਾਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ. ਸ਼ਾਇਰੀ ਮਲਹੋਤਰਾ, ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਵੀ ਮੌਜੂਦ ਸਨ।