1,00,000 ਰੁਪਏ ਰਿਸ਼ਵਤ ਲੈਂਦੇ ਪਨਸਪ ਦੇ ਦੋ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਰਨਾਲਾ ਦਫਤਰ ਵਿਖੇ ਤਾਇਨਾਤ ਪਨਸਪ ਦੇ ਦੋ ਇੰਸਪੈਕਟਰਾਂ ਜਸਪਾਲ ਸਿੰਘ ਅਤੇ ਪ੍ਰਵੀਨ ਕੁਮਾਰ ਨੂੰ 1,00,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਵੇਂ ਮੁਲਜ਼ਮਾਂ ਨੂੰ ਹਰਵਿੰਦਰ ਸਿੰਘ ਵਾਸੀ ਕਸਬਾ ਧਨੌਲਾ, ਜ਼ਿਲ੍ਹਾ ਬਰਨਾਲਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਉਕਤ ਇੰਸਪੈਕਟਰਾਂ ਨੇ 1,00,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ ਅਤੇ ਉਸ ਨੂੰ ਧਮਕੀ ਦਿੱਤੀ ਹੈ ਨਹੀਂ ਤਾਂ ਉਸ ਨੂੰ ਪਿਛਲੇ ਸੀਜ਼ਨ ਦੌਰਾਨ ਟਰੱਕਾਂ ਰਾਹੀਂ ਢੋਆ-ਢੁਆਈ ਦੌਰਾਨ ਕਣਕ ਦੀ ਘਾਟ ਦਿਖਾਉਣ ਦੇ ਬਦਲੇ ਵੱਡੀ ਰਕਮ ਅਦਾ ਕਰਨ ਲਈ ਰਿਕਵਰੀ ਨੋਟਿਸ ਜਾਰੀ ਕਰ ਦਿੱਤਾ ਜਾਵੇਗਾ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਪਨਸਪ ਦੇ ਦੋਵੇਂ ਮੁਲਜ਼ਮ ਇੰਸਪੈਕਟਰਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 1,00,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।
ਹੋਰ ਖ਼ਬਰਾਂ :-  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਨੇ ਦਿੱਤਾ ਅਸਤੀਫ਼ਾ; ਸ਼ੁੱਕਰਵਾਰ ਰਾਤ ਨੂੰ ਪੱਤਰ ਭੇਜਿਆ, ਇਹ ਕਿਹਾ ਅਤੇ ਅਹੁਦਾ ਛੱਡ ਦਿੱਤਾ

Leave a Reply

Your email address will not be published. Required fields are marked *