ਪੰਜਾਬ ਸਰਕਾਰ ਦੇ ਸੈਰ ਸਪਾਟਾ, ਸਭਿਆਚਾਰਕ ਮਾਮਲੇ ਤੇ ਪੁਰਾਤਤਵ ਵਿਭਾਗ ਵੱਲੋਂ ਅੰਮ੍ਰਿਤਸਰ ਵਿਚ ਪਹਿਲੀ ਵਾਰ ਪੰਜ ਦਿਨ ਚੱਲਣ ਵਾਲਾ ‘ਰੰਗਲਾ ਪੰਜਾਬ’ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿਚ ਪੰਜਾਬ ਦੀ ਹਰ ਉਹ ਵੰਨਗੀ ਪੇਸ਼ ਕੀਤੀ ਜਾਵੇਗੀ, ਜਿਸ ਕਰਕੇ ਪੰਜਾਬ ਤੇ ਪੰਜਾਬੀਅਤ ਦਾ ਨਾਮ ਭਰ ਵਿਚ ਮਸ਼ਹੂਰ ਹੈ। ਇਹ ਜਾਣਕਾਰੀ ਦਿੰਦੇ ਵਿਭਾਗ ਦੇ ਸਕੱਤਰ ਸ੍ਰੀ ਅਮਿਤ ਢਾਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਰਾਜ ਦੀ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਿਤ ਕਰਨ ਉਤੇ ਬਹੁਤ ਜ਼ੋਰ ਦੇ ਰਹੀ ਹੈ, ਕਿਉਂਕਿ ਪੰਜਾਬ ਵਿਚ ਸੈਰ-ਸਪਾਟੇ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨਾਂ ਦੱਸਿਆ ਕਿ ਲਗਾਤਾਰ ਦੋ ਸਾਲਾਂ ਤੋਂ ਵਿਭਾਗ ਅੰਤਰਰਾਸ਼ਟਰੀ ਪੱਧਰ ਉਤੇ ਪੰਜਾਬ ਦੀ ਹਾਜ਼ਰੀ ਲਗਾ ਰਿਹਾ ਹੈ ਅਤੇ ਇਹ ਮੇਲਾ ਸਾਡਾ ਅੰਤਰਰਾਸ਼ਟਰੀ ਪੱਧਰ ਦਾ ਮੇਲਾ ਹੋਵੇਗਾ। ਉਨਾਂ ਕਿਹਾ ਕਿ ਅੰਮ੍ਰਿਤਸਰ ਵਿਚ ਲੱਖਾਂ ਲੋਕ ਰੋਜ਼ਾਨਾ ਆਉਂਦੇ ਹਨ ਅਤੇ ਸਾਡੀ ਕੋਸ਼ਿਸ਼ ਹੈ ਕਿ ਇੰਨਾ ਲੋਕਾਂ ਨੂੰ ਇਕ ਤੋਂ ਵੱਧ ਦਿਨ ਰੱਖ ਕੇ ਰਾਜ ਦੇ ਸਭਿਆਚਾਰ ਨਾਲ ਸਾਂਝ ਪਾਉਣ ਦੀ ਹੈ, ਤਾਂ ਕਿ ਇਸ ਨਾਲ ਸੈਰ ਸਪਾਟੇ ਨਾਲ ਜੁੜੇ ਸਾਧਨਾਂ ਤੇ ਕਾਰੋਬਾਰਾਂ ਨੂੰ ਹੋਰ ਮਜ਼ਬੂਤੀ ਮਿਲੇ। ਸ੍ਰੀ ਢਾਕਾ ਨੇ ਦੱਸਿਆ ਕਿ ਇਸ ਮੇਲੇ ਨੂੰ ਅਸੀਂ ਇੰਨਾ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮੇਲਾ ਅੰਮ੍ਰਿਤਸਰ ਨਾਲ ਇਸ ਕਦਰ ਜੁੜ ਜਾਵੇ ਕਿ ਲੋਕ ਹਰ ਸਾਲ ਇਸ ਮੇਲੇ ਦੀ ਉਡੀਕ ਕਰਨ ਅਤੇ ਇਸ ਨੂੰ ਵੇਖਣ ਲਈ ਦੇਸ਼-ਵਿਦੇਸ਼ਾਂ ਤੋਂ ਵੀ ਆਉਣ।
ਸ੍ਰੀ ਢਾਕਾ ਨੇ ਦੱਸਿਆ ਕਿ ਇਸ ਮੇਲੇ ਵਿਚ ਪੰਜਾਬੀ ਗਾਇਕੀ ਦੇ ਵੱਡੇ ਗਾਇਕ, ਨਾਟਕ ਕਲਾ ਦੇ ਰੰਗ ਬਿਖੇਰਦੇ ਨਾਟਕ, ਡਰਾਮੇ, ਲੋਕ ਕਲਾਵਾਂ ਦੇ ਮੇਲਾ, ਮੈਰਾਥਨ ਦੌੜ, ਪੇਂਟਿੰਗ ਦੇ ਮੁਕਾਬਲਿਆਂ ਤੋਂ ਇਲਾਵਾ ਹਰ ਉਹ ਰੰਗ ਵੇਖਣ ਨੂੰ ਮਿਲੇਗਾ, ਜਿਸ ਕਰਕੇ ਪੰਜਾਬੀ ਜਾਣੇ ਜਾਂਦੇ ਹਨ। ਉਨਾਂ ਦੱਸਿਆ ਕਿ ਇਸ ਲਈ ਅਸੀਂ ਪੰਜਾਬ ਦੇ ਸਾਰੇ ਲਜ਼ੀਲ ਖਾਣਿਆਂ ਦਾ ਇਕੋ ਸਥਾਨ ਉਤੇ ਪ੍ਰਬੰਧ ਕਰਾਂਗੇ। ਇਸ ਦੇ ਨਾਲ-ਨਾਲ ਪੰਜਾਬੀਆਂ ਦੀ ਇਨਸਾਨੀਅਤ ਪ੍ਰਤੀ ਸੇਵਾ ਅਤੇ ਮਹਿਮਾਨ ਨਿਵਾਜ਼ੀ ਵੇਖਣ ਤੇ ਮਾਨਣ ਦਾ ਮੌਕਾ ਵੀ ਇਸ ਮੇਲੇ ਵਿਚ ਮਿਲੇਗਾ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਇਸ ਮੇਲੇ ਨੂੰ ਇੰਨਾ ਵਧੀਆ ਕਰ ਦਿੱਤਾ ਜਾਵੇ ਕਿ ਇਹ ਹਰੇਕ ਸਾਲ ਹੋਣ ਵਾਲਾ ਮੇਲਾ ਹੋ ਜਾਵੇ। ਉਨਾਂ ਦੱਸਿਆ ਕਿ ਇਸ ਲਈ ਅਸੀਂ ਅੰਤਰਰਾਸ਼ਟਰੀ ਪੱਧਰ ਦੀ ਏਜੰਸੀ ਦੀਆਂ ਸੇਵਾਵਾਂ ਲਈਆਂ ਹਨ ਤੇ ਸਾਡੀ ਕੋਸ਼ਿਸ਼ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੇਲੇ ਨਾਲ ਜੋੜਨ ਦੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਨੇ ਸ਼ਹਿਰ ਦੀ ਵਿਰਾਸਤ ਤੇ ਸਭਿਅਤਾ ਨਾਲ ਟੀਮ ਦੀ ਵਾਕਫੀਅਤ ਕਰਵਾਉਂਦੇ ਮੇਲੇ ਲਈ ਜਰੂਰੀ ਸੁਝਾਅ ਵੀ ਟੀਮ ਨਾਲ ਸਾਂਝੇ ਕੀਤੇ। ਉਨਾਂ ਕਿਹਾ ਕਿ ਬਤੌਰ ਜਿਲ੍ਹਾ ਮੁਖੀ ਅਸੀਂ ਸਾਰੇ ਇਸ ਮੇਲੇ ਨੂੰ ਸਫਲ ਕਰਨ ਲਈ ਦਿਨ ਰਾਤ ਤੁਹਾਡੇ ਨਾਲ ਰਹਾਂਗੇ ਤਾਂ ਕਿ ਰੰਗਲਾ ਪੰਜਾਬ ਮੇਲਾ ਕਾਮਯਾਬੀ ਦੇ ਅਸਮਾਨ ਨੂੰ ਚੁੰਮੇ। ਇਸ ਮੌਕੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਨੀਰੂ ਕਤਿਆਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਅਸ਼ੋਕ ਤਲਵਾਰ ਅਤੇ ਸਾਰੇ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।