ਬਰਨਾਲਾ, 15 ਫਰਵਰੀ : ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ ਦਾ 100 ਸਾਲਾ ਬਜ਼ੁਰਗ ਜਗਨ ਸਿੰਘ ਖੁਦ ਨੂੰ ਕਰਮਾਂ ਵਾਲਾ ਦੱਸਦਾ ਹੈ ਜਿਸ ਨੂੰ “ਮੁੱਖ ਮੰਤਰੀ ਤੀਰਥ ਯਾਤਰਾ” ਬਦੌਲਤ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ।
ਬਜ਼ੁਰਗ ਜਗਨ ਸਿੰਘ ਨੇ ਦੱਸਿਆ ਕਿ ਉਸ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਹਰਮੰਦਿਰ ਸਾਹਿਬ ਨਤਮਸਤਕ ਹੋਇਆ ਹੈ। ਉਸ ਨੇ ਕਿਹਾ ਕਿ ਉਹ ਘਰ ਦੀ ਗ਼ਰੀਬੀ ਅਤੇ ਰੁਝੇਵਿਆਂ ਕਰਕੇ ਏਨੀ ਦੂਰ ਜਾਣ ਦੀ ਪਹੁੰਚ ਨਹੀਂ ਰੱਖਦਾ ਸੀ ਤੇ ਹੁਣ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹੈ ਕਿ ਜ਼ਿੰਦਗੀ ਦੇ ਆਖ਼ਰੀ ਪੜਾਅ ‘ਚ ਉਸਨੂੰ ਪਵਿੱਤਰ ਸਥਾਨਾਂ ਦੇ ਦਰਸ਼ਨ ਹੋ ਗਏ। ਜਗਨ ਸਿੰਘ ਦਸੰਬਰ ਮਹੀਨੇ ਵਿੱਚ ਜਥੇ ਨਾਲ ਪਵਿੱਤਰ ਨਗਰੀ ਅੰਮ੍ਰਿਤਸਰ ਗਿਆ ਸੀ। ਉਸ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।
ਇਸ ਤਰ੍ਹਾਂ ਪਿੰਡ ਸੇਖਾ ਦਾ ਬਜ਼ੁਰਗ ਜੋੜਾ ਪਾਲ ਸਿੰਘ (66 ਸਾਲ) ਅਤੇ ਅਮਰਜੀਤ ਕੌਰ (63 ਸਾਲ) ਵੀ ਪਹਿਲੀ ਵਾਰ ਹਰਿਮੰਦਰ ਸਾਹਿਬ ਨਤਮਸਤਕ ਹੋਇਆ। ਓਨ੍ਹਾਂ ਦੱਸਿਆ ਕਿ ਉਹ 9 ਫਰਵਰੀ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਪਵਿੱਤਰ ਨਗਰੀ ਅੰਮ੍ਰਿਤਸਰ ਗਏ ਅਤੇ 11 ਫਰਵਰੀ ਨੂੰ ਵਾਪਸ ਆਏ। ਓਨ੍ਹਾਂ ਦੇ ਆਉਣ-ਜਾਣ, ਰਹਿਣ ਅਤੇ ਖਾਣੇ ਦੀ ਸਾਰੀ ਸਹੂਲਤ ਮੁਫ਼ਤ ਅਤੇ ਬਹੁਤ ਵਧੀਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ੍ਰੀ ਹਰਮੰਦਿਰ ਸਾਹਿਬ, ਦੁਰਗਿਆਣਾ ਮੰਦਿਰ, ਭਗਵਾਨ ਵਾਲਮੀਕਿ ਤੀਰਥ ਸਥਲ, ਜਲਿਆਂਵਾਲਾ ਬਾਗ ਆਦਿ ਸਥਾਨਾਂ ‘ਤੇ ਜਾਣ ਦਾ ਮੌਕਾ ਮਿਲਿਆ।
ਪਿੰਡ ਸੇਖਾ ਜਾਣ ਵਾਲੇ 43 ਸ਼ਰਧਾਲੂਆਂ ‘ਚੋਂ 16 ਸ਼ਰਧਾਲੂਆਂ ਨੇ ਦੱਸਿਆ ਕਿ ਉਹ ਪਹਿਲੀ ਵਾਰ ਹਰਮੰਦਿਰ ਸਾਹਿਬ ਨਤਮਸਤਕ ਹੋਏ ਜਿਨ੍ਹਾਂ ਵਿਚ ਜੋਗਿੰਦਰ ਕੌਰ (71 ਸਾਲ), ਪ੍ਰੀਤਮ ਸਿੰਘ (73 ਸਾਲ) ਅਤੇ ਪਰਗਟ ਰਾਮ (61 ਸਾਲ) ਵੀ ਸ਼ਾਮਲ ਸਨ ਜਿਨ੍ਹਾਂ ਨੇ ਕਿਹਾ ਕਿ ਉਹ ਆਰਥਿਕ ਤੰਗੀ ਕਰਕੇ ਦੂਰ ਜਾਣ ਦੀ ਪਹੁੰਚ ਨਹੀਂ ਰੱਖਦੇ ਸਨ ਪਰ ਇਸ ਮੁਫ਼ਤ ਯੋਜਨਾ ਕਰਕੇ ਉਹ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕੇ ਹਨ।
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਦੂਜੇ ਪੜਾਅ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ 2200 ਤੋਂ ਵੱਧ ਸ਼ਰਧਾਲੂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਚੁੱਕੇ ਹਨ। ਅੱਜ ਪਿੰਡ ਸੰਘੇੜਾ, ਸਹਿਜੜਾ ਤੇ ਭਦੌੜ ਤੋਂ ਬੱਸਾਂ ਰਵਾਨਾ ਹੋਈਆਂ।
ਨਵੰਬਰ 2025 ਤੋਂ ਹੁਣ ਤੱਕ ਹਲਕਾ ਬਰਨਾਲਾ ਦੇ ਪਿੰਡ ਅਮਲਾ ਸਿੰਘ ਵਾਲਾ, ਭੱਦਲਵਢ, ਕਰਮਗੜ੍ਹ, ਸੇਖਾ, ਝਲੂਰ, ਨੰਗਲ, ਠੁੱਲੀਵਾਲ, ਸੰਘੇੜਾ ਤੋਂ ਜਥੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਆਏ ਹਨ।
ਹਲਕਾ ਮਹਿਲ ਕਲਾਂ ਤੋਂ ਵਿਧਾਇਕ ਸ. ਕੁਲਵੰਤ ਸਿੰਘ ਪੰਡੋਰੀ ਨੇ ਪਵਿੱਤਰ ਨਗਰੀ ਦੇ ਦਰਸ਼ਨ ਕਰਕੇ ਆਈਆਂ ਸਹਿਜੜਾ ਦੀਆਂ ਸੰਗਤਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਹਲਕੇ ਦੇ ਪਿੰਡ ਲੋਹਗੜ੍ਹ, ਕੁਤਬਾ, ਹਰਦਾਸਪੁਰਾ, ਬਾਹਮਣੀਆਂ, ਨਿਹਾਲੂਵਾਲ, ਗੰਗੋਹਰ, ਪੰਡੋਰੀ, ਮਹਿਲ ਖੁਰਦ, ਖਿਆਲੀ, ਸਾਹੌਰ, ਸਹਿਜੜਾ ਤੋਂ ਸ਼ਰਧਾਲੂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਪਿੰਡਾਂ ਤੋਂ ਵੀ ਬੱਸਾਂ ਜਾਣਗੀਆਂ।
ਭਦੌੜ ਤੋਂ ਵਿਧਾਇਕ ਸ. ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਹਲਕੇ ਦੇ ਪਿੰਡ ਰਾਮਗੜ੍ਹ, ਮਝੁੱਕੇ, ਤਲਵੰਡੀ, ਭਦੌੜ, ਅਲਕੜਾ, ਜੰਗੀਆਣਾ, ਪੱਤੀ ਮੇਹਰ ਸਿੰਘ, ਖੜਕ ਸਿੰਘ ਵਾਲਾ ਤੋਂ ਸ਼ਰਧਾਲੂ ਇਸ ਸਕੀਮ ਤਹਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਚੁੱਕੇ ਹਨ। ਓਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਬਜ਼ੁਰਗਾਂ ਦੇ ਰਹਿਣ-ਸਹਿਣ ਤੇ ਸਾਂਭ-ਸੰਭਾਲ ਦਾ ਖ਼ਾਸ ਖਿਆਲ ਰੱਖਿਆ ਜਾ ਰਿਹਾ ਹੈ।