ਆਪ ਆਗੂਆਂ ਨੇ ਅੰਮ੍ਰਿਤਸਰ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਦਿਖਾਏ ਕਾਲੇ ਝੰਡੇ

ਪੰਜਾਬ ਦੇ ਹੱਕੀ ਫੰਡ ਰੋਕਣ ਤੋਂ ਬਾਅਦ ਭਾਜਪਾ ਕਿਸ ਮੂੰਹ ਨਾਲ ਪੰਜਾਬ ਆ ਰਹੀ ਹੈ? ਜੀਵਨ ਜੋਤ ਕੌਰ

ਕਾਨੂੰਨ ਵਿਵਸਥਾ ਵਿੱਚ ਪੰਜਾਬ ਹਰਿਆਣਾ ਨਾਲੋਂ ਬਿਹਤਰ, ਸਾਨੂੰ ਭਾਸ਼ਣ ਦੇਣ ਤੋਂ ਪਹਿਲਾਂ, ਹਰਿਆਣਾ ਨੂੰ ਆਤਮ-ਮੰਥਨ ਕਰਨਾ ਚਾਹੀਦਾ ਹੈ: ਨੀਲ ਗਰਗ

ਪੰਜਾਬ ਦੇ ਲੋਕ ਭਾਜਪਾ ਦੇ ਝੂਠੇ ਪ੍ਰਚਾਰ ਨਾਲ ਗੁਮਰਾਹ ਨਹੀਂ ਹੋਣਗੇ: ਜੀਵਨ ਜੋਤ ਕੌਰ

ਹਰਿਆਣਾ ਦੇ ਮੁੱਖ ਮੰਤਰੀ ਨੂੰ ਪੰਜਾਬ ਵਿੱਚ ਸਿਆਸੀ ਲਾਹਾ ਲੈਣ ਦੀ ਬਜਾਏ ਆਪਣੇ ਰਾਜ ਵੱਲ ਧਿਆਨ ਦੇਣਾ ਚਾਹੀਦਾ ਹੈ: ਨੀਲ ਗਰਗ

ਅੰਮ੍ਰਿਤਸਰ, 21 ਫਰਵਰੀ 2026

ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਅਤੇ ਵਿਧਾਇਕਾਂ ਨੇ ਸ਼ਨੀਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਅੰਮ੍ਰਿਤਸਰ ਦੌਰੇ ਦੌਰਾਨ ਉਨ੍ਹਾਂ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ। ਕਾਲੀਆਂ ਝੰਡੀਆਂ ਲਹਿਰਾਉਂਦੇ ਹੋਏ ਅਤੇ ਸਿਰਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ‘ਆਪ’ ਆਗੂਆਂ ਨੇ ਉਨ੍ਹਾਂ ਦੀ ਆਮਦ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਭਾਜਪਾ ਨੇ ਲਗਾਤਾਰ ਪੰਜਾਬ ਵਿਰੋਧੀ ਸਟੈਂਡ ਅਪਣਾਇਆ ਹੈ।

ਨਾਇਬ ਸਿੰਘ ਸੈਣੀ ਅੰਮ੍ਰਿਤਸਰ ਦੀ ਦਾਣਾ ਮੰਡੀ ਵਿਖੇ ਇੱਕ ਰੈਲੀ ਵਿੱਚ ਸ਼ਾਮਲ ਹੋਣ ਅਤੇ ਸੈਣੀ ਭਾਈਚਾਰੇ ਦੇ ਇੱਕ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ ਸਨ। ਹਾਲਾਂਕਿ, ਰੈਲੀ ਵਾਲੀ ਥਾਂ ਦੇ ਬਾਹਰ ਸਥਾਨਕ ‘ਆਪ’ ਵਿਧਾਇਕਾਂ ਅਤੇ ਆਗੂਆਂ ਨੇ ਉਨ੍ਹਾਂ ਦੇ ਕਾਫਲੇ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਪ੍ਰਤੀ ਭਾਜਪਾ ਦੇ ਵਿਤਕਰੇ ਭਰੇ ਰਵੱਈਏ ‘ਤੇ ਨਾਰਾਜ਼ਗੀ ਜ਼ਾਹਰ ਕੀਤੀ।

ਵਿਧਾਇਕ ਜੀਵਨ ਜੋਤ ਕੌਰ, ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਵਿਧਾਇਕ ਡਾ. ਅਜੇ ਗੁਪਤਾ, ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਪ੍ਰਭਬੀਰ ਸਿੰਘ ਬਰਾੜ, ਲੋਕ ਸਭਾ ਇੰਚਾਰਜ ਜਸਕਰਨ ਬਦੇਸ਼ਾ, ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਗੁਰਪ੍ਰਤਾਪ ਸਿੰਘ ਸੰਧੂ, ਡਾ. ਇੰਦਰਪਾਲ, ਗੁਰਦਰਸ਼ਨ ਸਿੰਘ ਗੋਲਡੀ, ਅਰਵਿੰਦਰ ਸਿੰਘ ਭੱਟੀ, ਵਰੁਣ ਰਾਣਾ, ਸਤਨਾਮ ਸਿੰਘ ਮਠਾਰੂ, ਮਨਦੀਪ ਮੋਂਗਾ, ਬਲਬੀਰ ਬੋਪਾਰਾਏ, ਵਿਸਾਖਾ ਸਿੰਘ, ਰਮਨ ਕੁਮਾਰ, ਬੌਬੀ ਬਾਵਾ, ਵਿਕਰਮਜੀਤ ਵਿੱਕੀ, ਬਲਜੀਤ ਸਿੰਘ ਰਿੰਕੂ, ਸੁਖਚੈਨ ਸਿੰਘ ਤਲਵੰਡੀ, ਰਾਜਬੀਰ ਸਿੰਘ, ਲਵਪ੍ਰੀਤ ਸਿੰਘ, ਲਖਬੀਰ ਸਿੰਘ, ਦਲਜੀਤ ਸਿੰਘ, ਗੁਰਪ੍ਰੀਤ ਕਟਾਰੀਆ, ਗੌਰਵ ਅਗਰਵਾਲ, ਸਤਪਾਲ ਸੋਖੀ, ਕਾਮਨਾ ਆਨੰਦ, ਸਰਬਜੀਤ ਬੱਲ ਅਤੇ ਅਸ਼ੋਕ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਸਮਾਗਮ ਵਾਲੀ ਥਾਂ ਦੇ ਬਾਹਰ ਇਕੱਠੇ ਹੋਏ।

‘ਆਪ’ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੇਂਡੂ ਵਿਕਾਸ, ਸਿਹਤ, ਸਿੱਖਿਆ ਅਤੇ ਹੋਰ ਖੇਤਰਾਂ ਨਾਲ ਸਬੰਧਤ ਪੰਜਾਬ ਦੇ ਹੱਕੀ ਫੰਡਾਂ ਨੂੰ ਵਾਰ-ਵਾਰ ਰੋਕਿਆ ਹੈ, ਜਦਕਿ ਨਾਲ ਹੀ ਸਿਆਸੀ ਦੌਰਿਆਂ ਅਤੇ ਬਿਆਨਬਾਜ਼ੀ ਰਾਹੀਂ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪ੍ਰਦਰਸ਼ਨ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਜੀਵਨ ਜੋਤ ਕੌਰ ਨੇ ਕਿਹਾ ਕਿ।ਅਸੀਂ ਅੱਜ ਇਸ ਲਈ ਵਿਰੋਧ ਕਰ ਰਹੇ ਹਾਂ ਕਿਉਂਕਿ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਭਾਜਪਾ ਕਿਸ ਮੂੰਹ ਨਾਲ ਪੰਜਾਬ ਆ ਰਹੀ ਹੈ? ਉਹ ਇੱਥੋਂ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ? ਜਨਤਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਭਾਜਪਾ ਨੇ ਪੰਜਾਬ ਦੇ ਹੱਕੀ ਫੰਡ ਰੋਕੇ ਹੋਏ ਹਨ, ਚਾਹੇ ਉਹ ਸਿਹਤ, ਸਿੱਖਿਆ ਜਾਂ ਵਿਕਾਸ ਲਈ ਹੋਣ। ਪੰਜਾਬੀ ਭਾਜਪਾ ਦੇ ਕਿਸਾਨ ਵਿਰੋਧੀ, ਵਪਾਰ ਵਿਰੋਧੀ ਅਤੇ ਸਿੱਖਿਆ ਵਿਰੋਧੀ ਚਿਹਰੇ ਤੋਂ ਚੰਗੀ ਤਰ੍ਹਾਂ ਜਾਣੂ ਹਨ।

ਹੋਰ ਖ਼ਬਰਾਂ :-  BCCI ਨੇ ਯਸ਼ਸਵੀ ਜੈਸਵਾਲ ਦੀ ਵਿਵਾਦਤ ਬਰਖਾਸਤਗੀ 'ਤੇ ਪ੍ਰਤੀਕਿਰਿਆ ਦਿੱਤੀ ਜਿਸ ਨਾਲ ਭਾਰਤ ਨੂੰ ਆਸਟ੍ਰੇਲੀਆ ਦੇ ਖਿਲਾਫ MCG ਟੈਸਟ ਦਾ ਨੁਕਸਾਨ ਹੋਇਆ, ਕਿਹਾ 'ਤੀਜੇ ਅੰਪਾਇਰ ਨੂੰ...'

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਭੋਲੇ ਨਹੀਂ ਹਨ। ਉਹ ਸਮਝਦੇ ਹਨ ਕਿ ਭਾਜਪਾ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਕੰਮ ਕੀਤਾ ਹੈ। ਅੱਜ ਦਾ ਪ੍ਰਦਰਸ਼ਨ ਇੱਕ ਸਪੱਸ਼ਟ ਸੰਦੇਸ਼ ਹੈ ਕਿ ਪੰਜਾਬ ਦੇ ਲੋਕ ਝੂਠੇ ਪ੍ਰਚਾਰ ਨਾਲ ਗੁਮਰਾਹ ਨਹੀਂ ਹੋਣਗੇ।

‘ਆਪ’ ਆਗੂ ਨੀਲ ਗਰਗ ਨੇ ਵੀ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਨੂੰ ਪੰਜਾਬ ਵਿੱਚ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਦਾ ਪੂਰਾ ਅਧਿਕਾਰ ਹੈ, ਪਰ ਇਹ ਨਾ ਭੁੱਲੋ ਕਿ ਤੁਸੀਂ ਹਰਿਆਣਾ ਦੇ ਮੁੱਖ ਮੰਤਰੀ ਹੋ। ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਬੇਬੁਨਿਆਦ ਸਵਾਲ ਉਠਾ ਕੇ ਲੋਕਾਂ ਨੂੰ ਗੁਮਰਾਹ ਨਾ ਕਰੋ।

ਅੰਕੜਿਆਂ ਦਾ ਹਵਾਲਾ ਦਿੰਦਿਆਂ ਨੀਲ ਗਰਗ ਨੇ ਕਿਹਾ, “ਕੇਂਦਰੀ ਏਜੰਸੀਆਂ ਦੀਆਂ ਰਿਪੋਰਟਾਂ ਸਪੱਸ਼ਟ ਤੌਰ ‘ਤੇ ਦਰਸਾਉਂਦੀਆਂ ਹਨ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਨਾਲੋਂ ਬਿਹਤਰ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਪੰਜਾਬ ਦੇਸ਼ ਵਿੱਚ ਦੂਜੇ ਨੰਬਰ ‘ਤੇ ਹੈ, ਜਦਕਿ ਅਪਰਾਧ ਦਰ ਵਿੱਚ ਇਹ ਹਰਿਆਣਾ ਨਾਲੋਂ ਕਿਤੇ ਹੇਠਾਂ ਹੈ। ਹਰਿਆਣਾ ਵਿੱਚ 2023 ਵਿੱਚ 1,000 ਤੋਂ ਵੱਧ ਕਤਲ ਹੋਏ ਅਤੇ 2024 ਵਿੱਚ 900 ਤੋਂ ਵੱਧ। ਉੱਥੇ ਔਰਤਾਂ ਅਤੇ ਦਲਿਤਾਂ ‘ਤੇ ਅੱਤਿਆਚਾਰ ਕਾਫੀ ਜ਼ਿਆਦਾ ਹਨ। ਪੰਜਾਬ ਨੂੰ ਲੈਕਚਰ ਦੇਣ ਤੋਂ ਪਹਿਲਾਂ ਹਰਿਆਣਾ ਸਰਕਾਰ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।

ਉਨ੍ਹਾਂ ਨੇ ਕਿਸਾਨਾਂ ਦੇ ਕਰਜ਼ੇ ਬਾਰੇ ਭਾਜਪਾ ਦੇ ਦਾਅਵਿਆਂ ਦਾ ਜਵਾਬ ਦਿੰਦਿਆਂ ਕਿਹਾ ਕਿ।ਪੰਜਾਬ ਦੇ ਕਿਸਾਨਾਂ ‘ਤੇ ਕਰਜ਼ੇ ਦਾ ਬੋਝ ਉਸ ਸਮੇਂ ਦੌਰਾਨ ਕਾਫੀ ਵਧਿਆ ਜਦੋਂ ਇੱਥੇ ਭਾਜਪਾ ਸੱਤਾ ਵਿੱਚ ਸੀ। ਇਸ ਤੋਂ ਇਲਾਵਾ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਦੇ ਪੱਧਰ ਵਿੱਚ ਕੋਈ ਵੱਡਾ ਅੰਤਰ ਨਹੀਂ ਹੈ। ਝੂਠੇ ਬਿਆਨ ਤੱਥਾਂ ਨੂੰ ਨਹੀਂ ਬਦਲ ਸਕਦੇ।

ਆਪਣੀ ਗੱਲ ਖਤਮ ਕਰਦਿਆਂ ਨੀਲ ਗਰਗ ਨੇ ਕਿਹਾ ਕਿ ਪੰਜਾਬ ਵਿੱਚ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਨ ਦੀ ਬਜਾਏ, ਹਰਿਆਣਾ ਦੇ ਮੁੱਖ ਮੰਤਰੀ ਨੂੰ ਪਹਿਲਾਂ ਉਨ੍ਹਾਂ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣਿਆ ਹੈ ਅਤੇ ਹਰਿਆਣਾ ਦੀ ਸਥਿਤੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *