ਹਾਕੀ ਤੇ ਪੰਜਾਬ ਨੂੰ ਇੱਕ-ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ, ਅੰਤਰਰਾਸ਼ਟਰੀ ਟੂਰਨਾਮੈਂਟ ਇਸ ਸਾਂਝ ਦਾ ਜਸ਼ਨ ਮਨਾਉਣ ਦਾ ਸੁਨਹਿਰੀ ਮੌਕਾ: ਬਲਤੇਜ ਪੰਨੂ

Akali Dal is a thing of the past now, its comeback is impossible like dinosaurs: Baltej Pannu

ਚੰਡੀਗੜ੍ਹ, 26 ਅਕਤੂਬਰ/-      77 ਓਲੰਪੀਅਨ ਪੈਦਾ ਕਰਨ ਤੋਂ ਲੈ ਕੇ ਦੇਸ਼ ਦੀਆਂ ਓਲੰਪਿਕ ਮੈਡਲ ਜੇਤੂ ਟੀਮਾਂ ਨੂੰ ਖਿਡਾਰੀ ਦੇਣ ਤੱਕ, ਭਾਰਤੀ ਹਾਕੀ ਵਿੱਚ ਪੰਜਾਬ ਦੇ ਯੋਗਦਾਨ ਨੂੰ ਹੁਣ ਉਦੋਂ ਨਵਾਂ ਮੰਚ ਮਿਲੇਗਾ ਜਦੋਂ ਸੂਬਾ ਇੱਕ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੰਜਾਬੀਆਂ ਨੂੰ ਜਲੰਧਰ ਅਤੇ ਮੋਹਾਲੀ ਵਿੱਚ ਹੋਣ ਵਾਲੇ ਮੈਚਾਂ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ, ਜਿੱਥੇ ਦਰਸ਼ਕਾਂ ਲਈ ਐਂਟਰੀ ਮੁਫ਼ਤ ਹੋਵੇਗੀ, ਅਤੇ  ਭਾਗ ਲੈਣ ਵਾਲੀਆਂ ਸਾਰੀਆਂ 6 ਟੀਮਾਂ ਦਾ ਨਿੱਘਾ ਸਵਾਗਤ ਕਰਨ ਦੀ ਅਪੀਲ ਕੀਤੀ।

ਭਗਵੰਤ ਮਾਨ ਸਰਕਾਰ ਵੱਲੋਂ ਖੇਡਾਂ ‘ਤੇ ਦਿੱਤੇ ਜਾ ਰਹੇ ਵਿਸ਼ੇਸ਼ ਧਿਆਨ ਨੂੰ ਉਜਾਗਰ ਕਰਦਿਆਂ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਨੇ ₹1,700 ਕਰੋੜ ਤੋਂ ਵੱਧ ਦੇ ਖੇਡ ਬਜਟ, ਲਗਭਗ 3,100 ਖੇਡ ਮੈਦਾਨਾਂ ਦੇ ਵਿਕਾਸ ਅਤੇ ਖਿਡਾਰੀਆਂ ਨੂੰ ਐਲਾਨੀ ਗਈ ਇਨਾਮੀ ਰਾਸ਼ੀ ਦੇ ਸਮੇਂ ਸਿਰ ਭੁਗਤਾਨ ਸਮੇਤ ਹੋਰ ਸਹਾਇਤਾ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਹੇਠਲੇ ਪੱਧਰ ‘ਤੇ ਭਾਗੀਦਾਰੀ ਵਿੱਚ ਨਿਵੇਸ਼ ਨਾ ਸਿਰਫ਼ ਪੰਜਾਬ ਦੀ ਖੇਡ ਵਿਰਾਸਤ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੈ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਪ੍ਰਾਪਤੀਆਂ ਵਾਲੇ ਪਾਸੇ ਮੋੜਨ ਵਿੱਚ ਵੀ ਮਦਦਗਾਰ ਹੈ।

ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, “ਪੰਜਾਬ ਆਪਣੇ ਖੇਡ ਇਤਿਹਾਸ ਦੇ ਇੱਕ ਇਤਿਹਾਸਕ ਪਲ ਦਾ ਗਵਾਹ ਬਣਨ ਜਾ ਰਿਹਾ ਹੈ, ਜਿੱਥੇ ਕੱਲ੍ਹ ਤੋਂ ਜਲੰਧਰ ਅਤੇ ਮੋਹਾਲੀ ਵਿਖੇ ਇੱਕ ਵੱਡਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤ, ਬੰਗਲਾਦੇਸ਼, ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਮਲੇਸ਼ੀਆ ਸਮੇਤ ਛੇ ਏਸ਼ੀਆਈ ਟੀਮਾਂ ਇਸ ਟੂਰਨਾਮੈਂਟ ਵਿੱਚ ਭਾਗ ਲੈਣਗੀਆਂ, ਜਿਸ ਨਾਲ ਪੰਜਾਬ ਵਿੱਚ ਅਜਿਹੇ ਪੱਧਰ ‘ਤੇ ਅੰਤਰਰਾਸ਼ਟਰੀ ਹਾਕੀ ਦੇਖਣ ਨੂੰ ਮਿਲੇਗੀ ਜੋ ਸੂਬੇ ਨੇ ਪਹਿਲਾਂ ਕਦੇ ਨਹੀਂ ਦੇਖੀ।”

ਉਨ੍ਹਾਂ ਅੱਗੇ ਕਿਹਾ, “ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਵਿੱਚ ਵੱਡਾ ਯੋਗਦਾਨ ਪਾਉਣ ਵਾਲਾ ਸੂਬਾ ਆਖ਼ਰਕਾਰ ਇਸ ਪੱਧਰ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਮੈਂ ਭਾਰਤੀ ਹਾਕੀ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਮੁਕਾਬਲੇ ਦੀ ਮੇਜ਼ਬਾਨੀ ਲਈ ਪੰਜਾਬ ਦੇ ਮੈਦਾਨਾਂ ਦੀ ਚੋਣ ਕੀਤੀ ਅਤੇ ਸੂਬੇ ਭਰ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਪਰਿਵਾਰਾਂ ਸਮੇਤ ਮੈਚ ਦੇਖਣ ਪਹੁੰਚਣ। ਟੂਰਨਾਮੈਂਟ ਲਈ ਐਂਟਰੀ ਬਿਲਕੁਲ ਮੁਫ਼ਤ ਹੋਵੇਗੀ।”

ਭਾਰਤੀ ਹਾਕੀ ਵਿੱਚ ਪੰਜਾਬ ਦੇ ਬੇਮਿਸਾਲ ਯੋਗਦਾਨ ‘ਤੇ ਚਾਨਣਾ ਪਾਉਂਦਿਆਂ ਬਲਤੇਜ ਪੰਨੂ ਨੇ ਕਿਹਾ, “ਪੰਜਾਬ ਨੇ 1928 ਅੰਸਟਰਡਮ ਓਲੰਪਿਕ ਤੋਂ ਲੈ ਕੇ 2024 ਪੈਰਿਸ ਓਲੰਪਿਕ ਤੱਕ 77 ਹਾਕੀ ਓਲੰਪੀਅਨ ਪੈਦਾ ਕੀਤੇ ਹਨ। ਇਹਨਾਂ ਵਿੱਚੋਂ ਪੰਜਾਬ ਦੇ 48 ਖਿਡਾਰੀਆਂ ਨੇ ਓਲੰਪਿਕ ਮੈਡਲ ਜਿੱਤੇ ਹਨ, ਜੋ ਭਾਰਤ ਦੀ ਹਾਕੀ ਵਿਰਾਸਤ ਵਿੱਚ ਸੂਬੇ ਦੀ ਕੇਂਦਰੀ ਭੂਮਿਕਾ ਨੂੰ ਦਰਸਾਉਂਦਾ ਹੈ।”

ਉਨ੍ਹਾਂ ਜ਼ੋਰ ਦੇ ਕੇ ਕਿਹਾ, “ਭਾਰਤੀ ਹਾਕੀ ਨੇ ਓਲੰਪਿਕ ਵਿੱਚ 8 ਸੋਨ ਮੈਡਲ, 1 ਚਾਂਦੀ ਦਾ ਮੈਡਲ ਅਤੇ 4 ਕਾਂਸੀ ਦੇ ਮੈਡਲ ਜਿੱਤੇ ਹਨ। ਪੰਜਾਬੀ ਖਿਡਾਰੀਆਂ ਨੇ ਓਲੰਪਿਕ ਵਿੱਚ 10 ਵਾਰ ਰਾਸ਼ਟਰੀ ਟੀਮ ਦੀ ਅਗਵਾਈ (ਕਪਤਾਨੀ) ਵੀ ਕੀਤੀ ਹੈ, ਜੋ ਦੇਸ਼ ਦੀਆਂ ਖੇਡ ਪ੍ਰਾਪਤੀਆਂ ਵਿੱਚ ਪੰਜਾਬ ਦੇ ਯੋਗਦਾਨ ਨੂੰ ਹੋਰ ਮਜ਼ਬੂਤ ਕਰਦੀ ਹੈ।”

ਬਲਤੇਜ ਪੰਨੂ ਨੇ ਮਹਾਨ ਹਾਕੀ ਖਿਡਾਰੀਆਂ ਊਧਮ ਸਿੰਘ ਅਤੇ ਬਲਬੀਰ ਸਿੰਘ ਸੀਨੀਅਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ, “ਊਧਮ ਸਿੰਘ ਨੇ ਤਿੰਨ ਓਲੰਪਿਕ ਸੋਨ ਮੈਡਲ ਅਤੇ ਇੱਕ ਚਾਂਦੀ ਦਾ ਮੈਡਲ ਜਿੱਤਿਆ, ਜਦਕਿ ਬਲਬੀਰ ਸਿੰਘ ਸੀਨੀਅਰ ਨੇ ਤਿੰਨ ਓਲੰਪਿਕ ਸੋਨ ਮੈਡਲ ਜਿੱਤੇ। 1952 ਦੀਆਂ ਹੈਲਸਿੰਕੀ ਓਲੰਪਿਕ ਦੇ ਫਾਈਨਲ ਵਿੱਚ ਬਲਬੀਰ ਸਿੰਘ ਸੀਨੀਅਰ ਵੱਲੋਂ ਕੀਤੇ ਗਏ 5 ਗੋਲਾਂ ਦਾ ਸ਼ਾਨਦਾਰ ਰਿਕਾਰਡ ਹਾਕੀ ਇਤਿਹਾਸ ਵਿੱਚ ਅੱਜ ਵੀ ਦਰਜ ਹੈ ਅਤੇ ਇਹ ਗਿਨੀਜ਼ ਵਰਲਡ ਰਿਕਾਰਡਜ਼ ਵਿੱਚ ਵੀ ਸ਼ਾਮਲ ਹੈ।”

ਉਨ੍ਹਾਂ ਯਾਦ ਕਰਵਾਇਆ, “ਭਾਰਤ ਨੇ 2021 ਦੀਆਂ ਟੋਕੀਓ ਓਲੰਪਿਕ ਅਤੇ 2024 ਦੀਆਂ ਪੈਰਿਸ ਓਲੰਪਿਕ ਵਿੱਚ ਕਾਂਸੀ ਦੇ ਮੈਡਲ ਜਿੱਤੇ, ਜਿਸ ਨਾਲ ਓਲੰਪਿਕ ਵਿੱਚ ਲਗਾਤਾਰ ਪੋਡੀਅਮ ‘ਤੇ ਰਹਿਣ ਦਾ 52 ਸਾਲਾਂ ਦਾ ਖੜੋਤ ਖ਼ਤਮ ਹੋਇਆ। ਦੋਵਾਂ ਮੌਕਿਆਂ ‘ਤੇ ਪੰਜਾਬ ਦਾ ਯੋਗਦਾਨ ਮਹੱਤਵਪੂਰਨ ਰਿਹਾ, ਜਿਸ ਵਿੱਚ ਟੋਕੀਓ ਸਕੁਆਡ ਵਿੱਚ ਸੂਬੇ ਦੇ 9 ਅਤੇ ਪੈਰਿਸ ਸਕੁਆਡ ਵਿੱਚ 8 ਖਿਡਾਰੀ ਸ਼ਾਮਲ ਸਨ। ਪੰਜਾਬੀ ਖਿਡਾਰੀਆਂ ਮਨਪ੍ਰੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਕ੍ਰਮਵਾਰ ਟੀਮਾਂ ਦੀ ਕਪਤਾਨੀ ਕੀਤੀ।”

ਬਲਤੇਜ ਪੰਨੂ ਨੇ ਅੱਗੇ ਕਿਹਾ, “ਮੌਜੂਦਾ ਭਾਰਤੀ ਪੁਰਸ਼ ਹਾਕੀ ਟੀਮ ਵਿੱਚ ਪੰਜਾਬ ਦੇ 9 ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਵਿੱਚ ਲੰਮੇ ਸਮੇਂ ਤੋਂ ਕਪਤਾਨ ਹਰਮਨਪ੍ਰੀਤ ਸਿੰਘ ਵੀ ਸ਼ਾਮਲ ਹਨ। ਪੰਜਾਬ ਨੇ ਪ੍ਰਮੁੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਭਾਰਤ ਦੀ ਸਫ਼ਲਤਾ ਵਿੱਚ ਯੋਗਦਾਨ ਪਾਇਆ ਹੈ, ਜਿਸ ਵਿੱਚ 1975 ਦਾ ਪੁਰਸ਼ ਹਾਕੀ ਵਿਸ਼ਵ ਕੱਪ (ਜਿਸ ਦੀ ਕਪਤਾਨੀ ਪੰਜਾਬ ਦੇ ਅਜੀਤਪਾਲ ਸਿੰਘ ਨੇ ਕੀਤੀ ਸੀ) ਅਤੇ 2001 ਅਤੇ 2016 ਦੀਆਂ ਜੂਨੀਅਰ ਹਾਕੀ ਵਿਸ਼ਵ ਕੱਪ ਜਿੱਤਾਂ ਸ਼ਾਮਲ ਹਨ, ਜਿਨ੍ਹਾਂ ਦੀ ਅਗਵਾਈ ਕ੍ਰਮਵਾਰ ਗਗਨ ਅਜੀਤ ਸਿੰਘ ਅਤੇ ਹਰਜੀਤ ਸਿੰਘ ਨੇ ਕੀਤੀ ਸੀ।”

ਹੋਰ ਖ਼ਬਰਾਂ :-  ਭਗਵੰਤ ਮਾਨ ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਨੇ ਲਿਆਂਦੀ ਇਤਿਹਾਸਕ ਤਬਦੀਲੀ, ਦਸਵੀਂ ਜਮਾਤ ਦੇ ਬੋਰਡ ਨਤੀਜਿਆਂ ਵਿੱਚ ਕੁੜੀਆਂ ਨੇ ਪਹਿਲੇ 3 ਵਿੱਚੋਂ 2 ਸਥਾਨ ਕੀਤੇ ਹਾਸਲ

ਬਲਤੇਜ ਪੰਨੂ ਅਨੁਸਾਰ, “ਇਹ ਪ੍ਰਾਪਤੀਆਂ ਸਾਬਤ ਕਰਦੀਆਂ ਹਨ ਕਿ ਹਾਕੀ ਪੰਜਾਬ ਦੇ ਖੇਡ ਸੱਭਿਆਚਾਰ ਵਿੱਚ ਗੂੜ੍ਹੀ ਸਮਾਈ ਹੋਈ ਹੈ। ਸੂਬੇ ਦੇ ਖਿਡਾਰੀਆਂ ਦੀਆਂ ਪੀੜ੍ਹੀਆਂ ਨੇ ਆਧੁਨਿਕ ਸਿੰਥੈਟਿਕ ਪਿੱਚਾਂ ਦੇ ਆਮ ਹੋਣ ਤੋਂ ਬਹੁਤ ਪਹਿਲਾਂ ਹੀ ਪਿੰਡਾਂ ਦੇ ਮੈਦਾਨਾਂ ਅਤੇ ਸਥਾਨਕ ਖੇਡ ਮੈਦਾਨਾਂ ‘ਚ ਸਮਰਪਣ, ਮਿਹਨਤ ਅਤੇ ਅਭਿਆਸ ਨਾਲ ਆਪਣੀ ਪਛਾਣ ਬਣਾਈ ਹੈ।”

ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਖੇਡਾਂ ਵੱਲ ਦਿੱਤੇ ਨਵੇਂ ਧਿਆਨ ਦਾ ਸ਼੍ਰੇਅ ਦਿੰਦਿਆਂ ਬਲਤੇਜ ਪੰਨੂ ਨੇ ਕਿਹਾ, “ਭਗਵੰਤ ਮਾਨ ਸਰਕਾਰ ਨੇ ਖੇਡ ਬੁਨਿਆਦੀ ਢਾਂਚੇ, ਖਿਡਾਰੀਆਂ ਦੀ ਭਲਾਈ ਅਤੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ‘ਤੇ ਨਵੇਂ ਸਿਰਿਓਂ ਧਿਆਨ ਦਿੱਤਾ ਹੈ। ਸਰਕਾਰ ਨੇ ਖੇਡ ਮੈਦਾਨਾਂ ਦੇ ਵਿਕਾਸ, ਖੇਡ ਕਿੱਟਾਂ ਤੱਕ ਪਹੁੰਚ ਅਤੇ ਨੌਜਵਾਨ ਖਿਡਾਰੀਆਂ ਨੂੰ ਸੰਗਠਿਤ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਮੌਕਿਆਂ ਨੂੰ ਪਹਿਲ ਦਿੱਤੀ ਹੈ।”

ਉਨ੍ਹਾਂ ਅੱਗੇ ਦੱਸਿਆ, “ਸੂਬਾ ਸਰਕਾਰ ਨੇ ਆਪਣਾ ਖੇਡ ਬਜਟ ਵਧਾ ਕੇ ₹1,700 ਕਰੋੜ ਤੋਂ ਵੱਧ ਕਰ ਦਿੱਤਾ ਹੈ, ਅਤੇ ਪੰਜਾਬ ਭਰ ਵਿੱਚ ਲਗਭਗ 3,100 ਖੇਡ ਮੈਦਾਨ ਵਿਕਸਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਕਈ ਸੁਵਿਧਾਵਾਂ ਸਥਾਨਕ ਲੋਕਾਂ ਲਈ ਉਪਲਬਧ ਕਰਵਾਈਆਂ ਗਈਆਂ ਹਨ। ਚੱਲ ਰਹੀ ‘ਖੇਡਾਂ ਵਤਨ ਪੰਜਾਬ ਦੀਆਂ’ ਪਹਿਲਕਦਮੀ ਹਰ ਉਮਰ ਵਰਗ ਅਤੇ ਭਾਈਚਾਰਿਆਂ ਵਿੱਚ ਖੇਡਾਂ ‘ਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਹੈ।”

ਬਲਤੇਜ ਪੰਨੂ ਨੇ ਜ਼ੋਰ ਦੇ ਕੇ ਕਿਹਾ, “ਭਗਵੰਤ ਮਾਨ ਸਰਕਾਰ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਉਨ੍ਹਾਂ ਦੀ ਐਲਾਨੀ ਗਈ ਇਨਾਮੀ ਰਾਸ਼ੀ ਤੁਰੰਤ ਦੇ ਕੇ ਸਨਮਾਨਿਤ ਕੀਤਾ ਗਿਆ ਹੈ, ਜਦਕਿ ਪਹਿਲਾਂ ਖਿਡਾਰੀਆਂ ਨੂੰ ਵਾਅਦਾ ਕੀਤੇ ਇਨਾਮ ਪ੍ਰਾਪਤ ਕਰਨ ਲਈ ਸਾਲਾਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਨੂੰ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਚੰਗੀ ਤਿਆਰੀ ਕਰਨ ਲਈ ਵਿੱਤੀ ਸਹਾਇਤਾ ਰਾਹੀਂ ਵੀ ਮਦਦ ਦਿੱਤੀ ਜਾ ਰਹੀ ਹੈ। ਇਹ ਮਾਨ ਸਰਕਾਰ ਦੀ ਇੱਕ ਵਿਲੱਖਣ ਪਹਿਲਕਦਮੀ ਹੈ।”

ਖੇਡਾਂ ਨੂੰ ਨਸ਼ਿਆਂ ਦੀ ਅਲਾਮਤ ਵਿਰੁੱਧ ਪੰਜਾਬ ਦੀਆਂ ਕੋਸ਼ਿਸ਼ਾਂ ਦਾ ਇੱਕ ਮਹੱਤਵਪੂਰਨ ਹਿੱਸਾ ਦੱਸਦਿਆਂ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਨੇ ਕਿਹਾ, “ਸਾਡੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਾਲ ਨੌਜਵਾਨਾਂ ਲਈ ਸਿਹਤਮੰਦ ਅਤੇ ਰਚਨਾਤਮਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਅਰਥਪੂਰਨ ਮੌਕੇ ਵੀ ਹੋਣੇ ਚਾਹੀਦੇ ਹਨ। ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਪ੍ਰਾਪਤੀਆਂ ਵੱਲ ਲੈ ਜਾਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।”

ਬਲਤੇਜ ਪੰਨੂ ਨੇ ਕਿਹਾ, “ਇਹ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਨਾ ਸਿਰਫ਼ ਵਿਸ਼ਵ-ਪੱਧਰੀ ਖੇਡਾਂ ਦਾ ਪ੍ਰਦਰਸ਼ਨ ਕਰੇਗਾ ਸਗੋਂ ਪੰਜਾਬ ਵਿੱਚ ਖਿਡਾਰੀਆਂ ਦੀ ਨਵੀਂ ਪੀੜ੍ਹੀ ਨੂੰ ਵੀ ਪ੍ਰੇਰਿਤ ਕਰੇਗਾ। ਭਾਰਤੀ ਟੀਮ ਦੇ ਪੰਜਾਬੀ ਮੈਂਬਰਾਂ ਲਈ ਆਪਣੇ ਮਾਪਿਆਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਪਿੰਡ ਵਾਸੀਆਂ ਸਾਹਮਣੇ ਆਪਣੀ ਹੀ ਧਰਤੀ ‘ਤੇ ਖੇਡਣਾ ਇੱਕ ਬਹੁਤ ਹੀ ਖਾਸ ਅਨੁਭਵ ਹੋਵੇਗਾ।”

ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, “ਮੈਂ ਪੰਜਾਬੀਆਂ ਨੂੰ ਸਾਰੀਆਂ ਛੇ ਭਾਗ ਲੈਣ ਵਾਲੀਆਂ ਟੀਮਾਂ ਦਾ ਸਵਾਗਤ ਕਰਨ ਅਤੇ ਹਾਕੀ ਪ੍ਰਤੀ ਸੂਬੇ ਦੇ ਪੁਰਾਣੇ ਪਿਆਰ ਨੂੰ ਦਰਸਾਉਣ ਦੀ ਅਪੀਲ ਕਰਦਾ ਹਾਂ। ਪਰਿਵਾਰਾਂ, ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨੂੰ ਜਲੰਧਰ ਅਤੇ ਮੋਹਾਲੀ ਦੇ ਸਟੇਡੀਅਮਾਂ ਵਿੱਚ ਪਹੁੰਚ ਕੇ ਸਟੈਂਡ ਭਰਨੇ ਚਾਹੀਦੇ ਹਨ ਅਤੇ ਟੀਮ ਇੰਡੀਆ ਦਾ ਹੌਸਲਾ ਵਧਾਉਣਾ ਚਾਹੀਦਾ ਹੈ।”

ਬਲਤੇਜ ਪੰਨੂ ਨੇ ਦਾਅਵਾ ਕੀਤਾ, “ਪੰਜਾਬ ਦੀਆਂ ਖੇਡ ਪ੍ਰਾਪਤੀਆਂ ਵੱਡੀ ਪਛਾਣ ਦੀਆਂ ਹੱਕਦਾਰ ਹਨ, ਅਤੇ ਪੰਜਾਬ ਨੂੰ ਨਾ ਸਿਰਫ਼ ਇਸ ਦੀਆਂ ਚੁਣੌਤੀਆਂ ਲਈ ਸਗੋਂ ਇਸ ਦੇ ਨੌਜਵਾਨਾਂ ਦੀ ਪ੍ਰਤਿਭਾ, ਦ੍ਰਿੜ੍ਹਤਾ ਅਤੇ ਉੱਤਮਤਾ ਲਈ ਵੀ ਜਾਣਿਆ ਜਾਣਾ ਚਾਹੀਦਾ ਹੈ। ਮੈਨੂੰ ਭਰੋਸਾ ਹੈ ਕਿ ਖੇਡ ਬੁਨਿਆਦੀ ਢਾਂਚੇ, ਖਿਡਾਰੀਆਂ ਦੀ ਸਹਾਇਤਾ ਅਤੇ ਹੇਠਲੇ ਪੱਧਰ ‘ਤੇ ਭਾਗੀਦਾਰੀ ਵਿੱਚ ਨਿਰੰਤਰ ਨਿਵੇਸ਼ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਅਤੇ ਅੰਤਰਰਾਸ਼ਟਰੀ ਖੇਡਾਂ ਵਿੱਚ ਪੰਜਾਬ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ।”

ਆਪਣੀ ਅਪੀਲ ਦਾ ਅੰਤ ਕਰਦਿਆਂ ਬਲਤੇਜ ਪੰਨੂ ਨੇ ਕਿਹਾ, “ਹਾਕੀ ਅਤੇ ਪੰਜਾਬ ਨੂੰ ਇੱਕ-ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਇਹ ਟੂਰਨਾਮੈਂਟ ਹਰ ਪੰਜਾਬੀ ਲਈ ਉਸ ਸਾਂਝ ਦਾ ਜਸ਼ਨ ਮਨਾਉਣ, ਸਾਡੇ ਖਿਡਾਰੀਆਂ ਦਾ ਹੌਸਲਾ ਵਧਾਉਣ ਅਤੇ ਦੁਨੀਆ ਨੂੰ ਇਹ ਦਿਖਾਉਣ ਦਾ ਮੌਕਾ ਹੈ ਕਿ ਪੰਜਾਬ ਹਾਕੀ ਨੂੰ ਕਿੰਨਾ ਪਿਆਰ ਕਰਦਾ ਹੈ। ਮੈਂ ਆਮ ਜਨਤਾ ਨੂੰ ਇਸ ਸਮਾਗਮ ਨੂੰ ਯਾਦਗਾਰੀ ਤੌਰ ‘ਤੇ ਸਫ਼ਲ ਬਣਾਉਣ ਦੀ ਅਪੀਲ ਕਰਦਾ ਹਾਂ।” 

Leave a Reply

Your email address will not be published. Required fields are marked *