ਬਰਨਾਲਾ, 17 ਮਈ : ਜ਼ਿਲ੍ਹਾ ਬਰਨਾਲਾ ਵਿੱਚ ਨਗਰ ਨਿਗਮ ਬਰਨਾਲਾ ਅਤੇ ਨਗਰ ਕੌਂਸਲ ਤਪਾ, ਨਗਰ ਕੌਂਸਲ ਭਦੌੜ, ਨਗਰ ਕੌਂਸਲ ਧਨੌਲਾ ਲਈ ਚੋਣਾਂ ਦਾ ਅਮਲ ਨੇਪਰੇ ਚੜ੍ਹਾਉਣ ਲਈ ਤਾਇਨਾਤ ਚੋਣ ਅਮਲੇ ਦੀ ਅੱਜ ਪਹਿਲੀ ਰਿਹਰਸਲ ਹੋਈ।
ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਨਿਗਮ ਅਤੇ ਕੌਂਸਲਾਂ ਦੇ 91 ਵਾਰਡਾਂ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਟਰੇਨਿੰਗ ਟੀਮਾਂ ਵੱਲੋਂ ਪੋਲਿੰਗ ਸਟਾਫ਼ ਦੀਆਂ ਜ਼ਿੰਮੇਵਾਰੀਆਂ, ਲੋੜੀਂਦੇ ਦਸਤਾਵੇਜ਼, ਪੋਲਿੰਗ ਪ੍ਰਬੰਧਾਂ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਗਰ ਨਿਗਮ ਬਰਨਾਲਾ ਦੇ 50 ਵਾਰਡਾਂ ਲਈ 98 ਪੋਲਿੰਗ ਬੂਥਾਂ, ਨਗਰ ਕੌਂਸਲ ਧਨੌਲਾ, ਤਪਾ ਅਤੇ ਭਦੌੜ ਲਈ ਕ੍ਰਮਵਾਰ 13,15 ਅਤੇ 13 ਵਾਰਡ ਹਨ ਤੇ ਕ੍ਰਮਵਾਰ 21 ਬੂਥਾਂ,18 ਬੂਥਾਂ ਅਤੇ 16 ਪੋਲਿੰਗ ਬੂਥਾਂ ‘ਤੇ ਵੋਟਾਂ ਪੈਣੀਆਂ ਹਨ।
ਨਗਰ ਨਿਗਮ ਬਰਨਾਲਾ ਲਈ ਅੱਜ ਰਿਟਰਨਿੰਗ ਅਫ਼ਸਰ ਸਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਦੀ ਅਗਵਾਈ ਹੇਠ ਸੈਕਰੇਡ ਹਾਰਟ ਕੌਨਵੈਂਟ ਸਕੂਲ ਰਾਏਕੋਟ ਰੋਡ ਬਰਨਾਲਾ ਵਿਖੇ ਰਿਹਰਸਲ ਕਰਵਾਈ ਗਈ। ਨਗਰ ਕੌਂਸਲ ਧਨੌਲਾ ਲਈ ਰਿਟਰਨਿੰਗ ਅਫ਼ਸਰ ਸਹਿਤ ਐੱਸ ਡੀ ਐਮ ਬਰਨਾਲਾ ਡਾ. ਅਜੀਤਪਾਲ ਸਿੰਘ ਚਹਿਲ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਧਨੌਲਾ, ਨਗਰ ਕੌਂਸਲ ਭਦੌੜ ਲਈ ਰਿਟਰਨਿੰਗ ਅਫ਼ਸਰ ਸਹਿਤ ਐੱਸ ਡੀ ਐਮ ਮਹਿਲ ਕਲਾਂ ਕ੍ਰਿਤਿਕਾ ਗੋਇਲ ਦੀ ਅਗਵਾਈ ਹੇਠ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਭਦੌੜ ਅਤੇ ਨਗਰ ਕੌਂਸਲ ਤਪਾ ਲਈ ਰਿਟਰਨਿੰਗ ਅਫ਼ਸਰ ਸਹਿਤ ਐੱਸ ਡੀ ਐਮ ਤਪਾ ਆਯੂਸ਼ ਗੋਇਲ ਦੀ ਅਗਵਾਈ ਹੇਠ ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਹੋਈ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਵੋਟਾਂ ਮਿਤੀ 26 ਮਈ ਦਿਨ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਪੈਣਗੀਆਂ ਅਤੇ ਪੋਲ ਹੋਈਆਂ ਵੋਟਾਂ ਦੀ ਗਿਣਤੀ ਮਿਤੀ 29 ਮਈ ਦਿਨ ਸ਼ੁੱਕਰਵਾਰ ਨੂੰ ਇਸ ਉਦੇਸ਼ ਲਈ ਸਥਾਪਿਤ ਕੀਤੇ ਗਿਣਤੀ ਕੇਂਦਰਾਂ ‘ਤੇ ਹੋਵੇਗੀ।