ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 05-08-2026 ਅੰਗ 790

ਸਲੋਕ ਮਃ ੧

॥ ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥ ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥ ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥ ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥ ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥ ਮਃ ੧ ॥ ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥ ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥੨॥ ਮਃ ੧ ॥ ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥ ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥੩॥ ਮਃ ੧ ॥ ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥ ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥ ਪਉੜੀ ॥ ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥ ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥ ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥ ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥ ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥

ਅਰਥ:-   ਹੇ ਗੁਰੂ! ਤੂੰ ਬਖ਼ਸ਼ਸ਼ ਕਰਨ ਜੋਗਾ ਹੈਂ, ਮੈਨੂੰ ਖ਼ੈਰ ਪਾ (‘ਨਾਮ’ ਦਾ) , ਮੇਰੀ ਹਉਮੈ ਮੇਰਾ ਅਹੰਕਾਰ ਕਾਮ ਤੇ ਕ੍ਰੋਧ ਦੂਰ ਹੋ ਜਾਏ। (ਹੇ ਗੁਰੂ! ਤੇਰੇ ਦਰ ਤੋਂ ਮੈਨੂੰ) ਪ੍ਰਭੂ ਦਾ ਨਾਮ (ਜ਼ਿੰਦਗੀ ਲਈ) ਸਹਾਰਾ ਮਿਲ ਜਾਏ ਤੇ ਮੇਰਾ ਚਸਕਾ ਤੇ ਲੋਭ ਚੰਗੀ ਤਰ੍ਹਾਂ ਸੜ ਜਾਏ। ਪ੍ਰਭੂ ਦਾ ਨਾਮ ਦਿਨ ਰਾਤ ਨਵੇਂ ਤੋਂ ਨਵਾਂ ਹੁੰਦਾ ਹੈ (ਭਾਵ, ਜਿਉਂ ਜਿਉਂ ਜਪੀਏ, ਇਸ ਨਾਲ ਪਿਆਰ ਵਧਦਾ ਹੈ) ‘ਨਾਮ’ ਪਵਿਤ੍ਰ ਹੈ, ਇਹ ਕਦੇ ਮੈਲਾ ਨਹੀਂ ਹੁੰਦਾ (ਤਾਹੀਏਂ) , ਹੇ ਨਾਨਕ! ‘ਨਾਮ’ ਜਪਿਆਂ (ਹਉਮੈ ਦੇ) ਗੇੜ ਤੋਂ ਬਚੀਦਾ ਹੈ। ਹੇ ਪ੍ਰਭੂ! ਇਹ ਸੁਖ ਤੇਰੀ ਮਿਹਰ ਦੀ ਨਜ਼ਰ ਨਾਲ ਮਿਲਦਾ ਹੈ।੧। ਜਿਤਨੀਆਂ ਭੀ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਬੂਹੇ ਤੇ ਖਲੋਤੀਆਂ ਹੋਈਆਂ ਹਨ। ਉਹਨਾਂ ਸਭਨਾਂ ਦਾ ਇੱਕ ਪ੍ਰਭੂ ਹੀ ਰਾਖਾ ਹੈ। ਹੇ ਨਾਨਕ! ਖਸਮ-ਪ੍ਰਭੂ ਦੇ ਪਿਆਰ ਰੰਗ ਵਿਚ ਰੰਗੀਆਂ ਹੋਈਆਂ ਪ੍ਰਭੂ ਦੀਆਂ ਹੀ ਮੋਹਣੀਆਂ ਗੱਲਾਂ (ਇਕ ਦੂਜੀ ਪਾਸੋਂ) ਪੁੱਛਦੀਆਂ ਹਨ।੨। ਸਾਰੀਆਂ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਪਿਆਰ ਵਿਚ ਰੰਗੀਆਂ ਹੋਈਆਂ ਹਨ, (ਉਹਨਾਂ ਸੋਹਾਗਣਾਂ ਦੇ ਸਾਮ੍ਹਣੇ) ਮੈਂ ਮੰਦੇ ਭਾਗਾਂ ਵਾਲੀ ਕਿਸ ਗਿਣਤੀ ਵਿਚ ਹਾਂ? ਮੇਰੇ ਸਰੀਰ ਵਿਚ ਇਤਨੇ ਔਗੁਣ ਹਨ ਕਿ ਖਸਮ ਮੇਰੇ ਵਲ ਧਿਆਨ ਭੀ ਨਹੀਂ ਕਰਦਾ।੩। ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ। (ਹੇ ਪ੍ਰਭੂ!) ਤੂੰ ਸਾਰੀਆਂ ਰਾਤਾਂ ਸੁਹਾਗਣਾਂ ਨੂੰ ਦੇ ਰਿਹਾ ਹੈਂ, ਇਕ ਰਾਤ ਮੈਨੂੰ ਛੁੱਟੜ ਨੂੰ ਭੀ ਦੇਹ।੪। ਹੇ ਪ੍ਰਭੂ! ਮੈਂ ਮੰਗਤਾ ਤੇਰੇ ਬੂਹੇ ਤੇ (ਆ ਕੇ) ਖ਼ੈਰ ਮੰਗਦਾ ਹਾਂ, ਮਿਹਰ ਕਰ ਕੇ ਮੈਨੂੰ ਖ਼ੈਰ ਪਾ; ਮੈਨੂੰ ਗੁਰੂ ਦੇ ਸਨਮੁਖ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈ, ਮੈਂ ਤੇਰਾ ਸੇਵਕ ਤੇਰਾ ਨਾਮ ਪ੍ਰਾਪਤ ਕਰ ਲਵਾਂ; ਤੇਰੀ ਜੋਤਿ ਵਿਚ ਆਪਣੀ ਆਤਮਾ ਟਿਕਾ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਇਕ-ਰਸ ਗੀਤ ਗਾਵਾਂ, ਤੇਰੀ ਜੈ ਜੈਕਾਰ ਦੀ ਬਾਣੀ ਤੇ ਗੁਣ ਮੈਂ ਹਿਰਦੇ ਵਿਚ ਗਾਵਾਂ, ਮੈਂ ਤੇਰੇ ਨਾਲ ਪਿਆਰ ਕਰਾਂ (ਤੇ ਇਸ ਤਰ੍ਹਾਂ ਮੈਨੂੰ ਯਕੀਨ ਬਣੇ ਕਿ) ਜਗਤ ਵਿਚ ਪ੍ਰਭੂ ਆਪ ਹਰ ਥਾਂ ਮੌਜੂਦ ਹੈ।੧੫।

ਹੋਰ ਖ਼ਬਰਾਂ :-  ਸਰਕਾਰੀ ਅਧਿਆਪਕ ਕਸ਼ਮੀਰ ਸਿੰਘ ਗਿੱਲ ਦਾ ਵੋਟਰ ਜਾਗਰੂਕਤਾ ਗੀਤ 'ਵੋਟ ਜ਼ਰੂਰੀ' ਹੋਇਆ ਰਿਲੀਜ਼

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

Leave a Reply

Your email address will not be published. Required fields are marked *