ਰੂਪਨਗਰ, 5 ਅਗਸਤ: ਜ਼ਿਲ੍ਹਾ ਰੂਪਨਗਰ ਵਿੱਚ ਅਪਰਾਧਿਕ ਗਤੀਵਿਧੀਆਂ ਅਤੇ ਗੈਰ-ਸਮਾਜਿਕ ਤੱਤਾਂ ਉੱਤੇ ਨਕੇਲ ਕੱਸਣ ਲਈ ਪੁਲਿਸ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸੇ ਕੜੀ ਤਹਿਤ ਐੱਸ ਐੱਸ ਪੀ ਸ੍ਰੀ ਮਨਿੰਦਰ ਸਿੰਘ ਅਤੇ ਐਸ ਪੀ ਸ੍ਰੀ ਅਰਵਿੰਦ ਮੀਨਾ ਦੀਆਂ ਹਿਦਾਇਤਾਂ ਅਨੁਸਾਰ ਟਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਕਰਦਿਆਂ 42 ਵਾਹਨਾਂ ਦੇ ਚਲਾਨ ਕੀਤੇ ਗਏ।
ਇਸ ਮੁਹਿੰਮ ਦੌਰਾਨ ਖ਼ਾਸ ਤੌਰ ‘ਤੇ ਬਿਨ੍ਹਾਂ ਨੰਬਰ ਪਲੇਟ ਵਾਲੇ ਵਾਹਨਾਂ, ਟ੍ਰਿਪਲ ਰਾਈਡਿੰਗ ਕਰਨ ਵਾਲੇ ਦੋਪਹੀਆ ਵਾਹਨ ਸਵਾਰਾਂ ਅਤੇ ਗਲਤ ਢੰਗ ਨਾਲ ਪਾਰਕ ਕੀਤੇ ਵਾਹਨਾਂ ਨੂੰ ਕਾਬੂ ਕੀਤਾ ਗਿਆ। ਟਰੈਫਿਕ ਨਿਯਮਾਂ ਦੀ ਅਣਦੇਖੀ ਕਰਕੇ ਸੜਕ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸਰਬਜੀਤ ਸਿੰਘ ਅਤੇ ਅਸਿਸਟੈਂਟ ਸਬ ਇੰਸਪੈਕਟਰ ਅਜੇ ਕੁਮਾਰ ਅਤੇ ਦੀਦਾਰ ਸਿੰਘ ਨੇ ਦੱਸਿਆ ਕਿ ਰੂਪਨਗਰ ਪੁਲਿਸ ਵੱਲੋਂ ਸ਼ਰਾਰਤੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਅਨਸਰਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਅਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਹੋਰ ਦੱਸਿਆ ਕਿ ਟ੍ਰਿਪਲ ਰਾਈਡਿੰਗ, ਬਿਨ੍ਹਾਂ ਨੰਬਰ ਪਲੇਟ ਅਤੇ ਗਲਤ ਪਾਰਕਿੰਗ ਵਰਗੀਆਂ ਉਲੰਘਣਾਵਾਂ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹਨ, ਸਗੋਂ ਇਹ ਹਾਦਸਿਆਂ ਦਾ ਵੱਡਾ ਕਾਰਨ ਵੀ ਬਣਦੀਆਂ ਹਨ। ਇਸ ਲਈ ਟਰੈਫਿਕ ਪੁਲਿਸ ਵੱਲੋਂ ਅਜਿਹੀਆਂ ਉਲੰਘਣਾਵਾਂ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਵੀ ਸਖ਼ਤੀ ਨਾਲ ਕਾਰਵਾਈ ਜਾਰੀ ਰਹੇਗੀ।
ਜ਼ਿਲ੍ਹਾ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਆਪਣੇ ਵਾਹਨਾਂ ‘ਤੇ ਨੰਬਰ ਪਲੇਟ ਲਗਵਾਉਣ ਅਤੇ ਸੜਕਾਂ ‘ਤੇ ਜ਼ਿੰਮੇਵਾਰੀ ਨਾਲ ਵਾਹਨ ਚਲਾਉਣ। ਉਨ੍ਹਾਂ ਕਿਹਾ ਕਿ ਸੁਰੱਖਿਅਤ ਯਾਤਰਾ ਲਈ ਸਾਰਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਅਤੇ ਨਿਯਮਾਂ ਦੀ ਪਾਲਣਾ ਕਰਕੇ ਹੀ ਹਾਦਸਿਆਂ ਨੂੰ ਘਟਾਇਆ ਜਾ ਸਕਦਾ ਹੈ।