ਸੰਗਰੂਰ, 8 ਅਗਸਤ:
ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦੀ ਸੈਂਸਸ ਬ੍ਰਾਂਚ ਵੱਲੋਂ ਡਿਸਟਰਿਕ ਸੈਂਸਸ ਹੈਂਡਬੁੱਕ ਦੀ ਤਿਆਰੀ ਸਬੰਧੀ ਜ਼ਿਲ੍ਹੇ ਦੇ ਸਮੂਹ ਪਟਵਾਰੀਆਂ ਨੂੰ ਤਿੰਨ ਰੋਜ਼ਾ ਟ੍ਰੇਨਿੰਗ ਦਿੱਤੀ ਗਈ।
ਇਸ ਟ੍ਰੇਨਿੰਗ ਦੌਰਾਨ ਦਫ਼ਤਰ ਡਾਇਰੈਕਟਰ ਸੈਂਸਸ ਆਪਰੇਸ਼ਨਜ਼, ਪੰਜਾਬ ਵੱਲੋਂ ਸ੍ਰੀ ਵਿਵੇਕ ਸਿੰਘ ਅਤੇ ਸ੍ਰੀ ਸਰਦੁਲ ਗਰਗ ਨੇ ਸਮੂਹ ਪਟਵਾਰੀਆਂ ਨੂੰ ਸੈਂਸਸ ਹੈਂਡਬੁੱਕ ਦੀ ਤਿਆਰੀ ਸਬੰਧੀ ਲੋੜੀਂਦੀ ਜਾਣਕਾਰੀ ਅਤੇ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ। ਇਸ ਦੌਰਾਨ ਹੈਂਡਬੁੱਕ ਤਿਆਰ ਕਰਨ ਲਈ ਲੋੜੀਂਦੇ ਅੰਕੜਿਆਂ ਅਤੇ ਜਾਣਕਾਰੀ ਨੂੰ ਇਕੱਤਰ ਕਰਨ, ਦਰਜ ਕਰਨ ਅਤੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਕੰਮ ਕਰਨ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।
ਸੈਂਸਸ ਹੈਂਡਬੁੱਕ ਨਾਲ ਸਬੰਧਤ ਕੰਮ 10 ਅਗਸਤ 2026 ਤੋਂ 8 ਸਤੰਬਰ 2026 ਤਕ ਮੁਕੰਮਲ ਕੀਤਾ ਜਾਣਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ (ਜ) ਸ਼੍ਰੀ ਅੰਕੁਰ ਮਹਿੰਦਰੂ ਅਤੇ ਸਹਾਇਕ ਕਮਿਸ਼ਨਰ (ਜ) ਸ਼੍ਰੀ ਰਾਜਬੀਰ ਸਿੰਘ ਵੱਲੋਂ ਹਦਾਇਤ ਕੀਤੀ ਗਈ ਕਿ ਟ੍ਰੇਨਿੰਗ ਦੌਰਾਨ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਸੈਂਸਸ ਹੈਂਡਬੁੱਕ ਨਾਲ ਸਬੰਧਤ ਕੰਮ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਮੁਕੰਮਲ ਕੀਤਾ ਜਾਵੇ।
ਅਧਿਕਾਰੀਆਂ ਵੱਲੋਂ ਪਟਵਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਸੈਂਸਸ ਹੈਂਡਬੁੱਕ ਦੀ ਤਿਆਰੀ ਦੌਰਾਨ ਅੰਕੜਿਆਂ ਦੀ ਸ਼ੁੱਧਤਾ ਅਤੇ ਭਰੋਸੇਯੋਗਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਸਬੰਧਤ ਰਿਕਾਰਡ ਦੀ ਪੜਤਾਲ ਉਪਰੰਤ ਹੀ ਲੋੜੀਂਦੀ ਜਾਣਕਾਰੀ ਦਰਜ ਕੀਤੀ ਜਾਵੇ।
ਟ੍ਰੇਨਿੰਗ ਦੌਰਾਨ ਜ਼ਿਲ੍ਹਾ ਸੈਂਸਸ ਦਫ਼ਤਰ ਦੇ ਸ੍ਰੀ ਗਣੇਸ਼ ਕੁਮਾਰ, ਸ੍ਰੀ ਜਗਦੀਸ਼ ਸ਼ਰਮਾ, ਸ੍ਰੀ ਕੁਲਦੀਪ ਕੌਸ਼ਲ, ਸ੍ਰੀ ਸਰਬਜੀਤ ਸਿੰਘ, ਸ੍ਰੀ ਕਮਲਦੀਪ ਅਤੇ ਸ੍ਰੀ ਪਰਮਿੰਦਰ ਕੁਮਾਰ ਵੱਲੋਂ ਵੀ ਭਾਗ ਲਿਆ ਗਿਆ।
ਸੈਂਸਸ ਬ੍ਰਾਂਚ ਵੱਲੋਂ ਦੱਸਿਆ ਗਿਆ ਕਿ ਹੈਂਡਬੁੱਕ ਦੀ ਤਿਆਰੀ ਸਬੰਧੀ ਕੰਮ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਮੁਕੰਮਲ ਕਰਨ ਲਈ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਲਗਾਤਾਰ ਤਾਲਮੇਲ ਬਣਾਈ ਰੱਖਿਆ ਜਾਵੇਗਾ।