ਰੂਪਨਗਰ, 1 ਸਤੰਬਰ: ਨਾਇਲਿਟ ਡੀਮਡ ਟੂ ਬੀ ਯੂਨੀਵਰਸਿਟੀ ਰੂਪਨਗਰ ਵੱਲੋਂ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਖੇ ਕਰਵਾਏ ਗਏ ਉਦਘਾਟਨੀ ਅਤੇ ਵਿਦਿਆਰਥੀ-ਪ੍ਰਵੇਸ਼ ਸਮਾਗਮ ਦੌਰਾਨ 12 ਕੈਂਪਸਾਂ ਤੋਂ 2026 ਬੈਚ ਦੇ 1500 ਤੋਂ ਵੱਧ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ ਗਿਆ। ਇਸ ਸਮਾਗਮ ਨਾਲ ਨਵੇਂ ਵਿਦਿਆਰਥੀਆਂ ਦੀ ਅਕਾਦਮਿਕ ਯਾਤਰਾ ਦਾ ਆਗਾਜ਼ ਹੋਇਆ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੀ ਅਗਵਾਈ, ਅਕਾਦਮਿਕ ਢਾਂਚੇ ਅਤੇ ਸੰਸਥਾਗਤ ਪ੍ਰਬੰਧਾਂ ਨਾਲ ਜਾਣੂ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਆਰਥਿਕ ਸਲਾਹਕਾਰ ਡਾ. ਏ. ਪ੍ਰਤਿਭਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਨਾਇਲਿਟ ਡੀਮਡ ਟੂ ਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਅਤੇ ਨਾਇਲਿਟ ਦੇ ਡਾਇਰੈਕਟਰ ਜਨਰਲ ਡਾ. ਐੱਮ. ਐੱਮ. ਤ੍ਰਿਪਾਠੀ, ਕਾਰਜਕਾਰੀ ਨਿਰਦੇਸ਼ਕ ਸ੍ਰੀ ਦੀਪਕ ਵਾਸਨ, ਸੀਨੀਅਰ ਅਧਿਕਾਰੀ, ਅਧਿਆਪਕ ਵਰਗ ਅਤੇ ਨਵੇਂ ਦਾਖ਼ਲ ਹੋਏ ਵਿਦਿਆਰਥੀ ਹਾਜ਼ਰ ਸਨ।
ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਾਰਜਕਾਰੀ ਨਿਰਦੇਸ਼ਕ ਸ੍ਰੀ ਦੀਪਕ ਵਾਸਨ ਨੇ ਵਿਦਿਆਰਥੀਆਂ ਲਈ ਸਹਾਇਕ ਅਤੇ ਉਤਸ਼ਾਹਜਨਕ ਅਕਾਦਮਿਕ ਮਾਹੌਲ ਸਿਰਜਣ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸੁਕਤਾ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਵਿਸ਼ਾਲ ਦ੍ਰਿਸ਼ਟੀਕੋਣ ਨਾਲ ਆਪਣੀ ਅਕਾਦਮਿਕ ਯਾਤਰਾ ਸ਼ੁਰੂ ਕਰਨ ਅਤੇ ਸਿੱਖਣ ਦੇ ਹਰ ਮੌਕੇ ਦਾ ਭਰਪੂਰ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।
ਰਜਿਸਟਰਾਰ ਡਾ. ਮਨੀਸ਼ ਅਰੋੜਾ ਨੇ ਯੂਨੀਵਰਸਿਟੀ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਇਸ ਦੇ ਸੰਗਠਨਾਤਮਕ ਢਾਂਚੇ ਅਤੇ ਵੱਖ-ਵੱਖ ਕੈਂਪਸਾਂ ਵਿੱਚ ਚਲਾਏ ਜਾ ਰਹੇ ਅਕਾਦਮਿਕ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਇਆ।
ਨਾਇਲਿਟ ਦੇ ਕਾਰਜਕਾਰੀ ਨਿਰਦੇਸ਼ਕ ਡਾ. ਨਿਤਿਨ ਕੁਮਾਰ ਪੁਰੀ ਨੇ ਨਵੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਇਲਿਟ ਨਾਲ ਜੁੜ ਕੇ ਉਨ੍ਹਾਂ ਨੇ ਸਹੀ ਸੰਸਥਾ ਅਤੇ ਸਹੀ ਮੌਕੇ ਦੀ ਚੋਣ ਕੀਤੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਟੀਚਾ ਨਿਰਧਾਰਤ ਕਰਕੇ ਉਸ ’ਤੇ ਕੇਂਦਰਿਤ ਰਹਿਣ ਅਤੇ ਨਿਰੰਤਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, “ਹਰ ਰੋਜ਼ ਦੀ ਥੋੜ੍ਹੀ ਜਿਹੀ ਤਰੱਕੀ ਵੱਡੇ ਨਤੀਜਿਆਂ ਵੱਲ ਲੈ ਜਾਂਦੀ ਹੈ।”
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਆਰਥਿਕ ਸਲਾਹਕਾਰ ਡਾ. ਏ. ਪ੍ਰਤਿਭਾ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀਕੰਡਕਟਰ ਅਤੇ ਸਾਈਬਰ ਸੁਰੱਖਿਆ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਦੀ ਵਧ ਰਹੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਨਿਰੰਤਰ ਸਿੱਖਣ, ਆਲੋਚਨਾਤਮਕ ਸੋਚ ਵਿਕਸਿਤ ਕਰਨ, ਬਦਲਦੇ ਤਕਨਾਲੋਜੀਕਲ ਮਾਹੌਲ ਅਨੁਸਾਰ ਆਪਣੇ ਆਪ ਨੂੰ ਢਾਲਣ ਅਤੇ ਤਕਨਾਲੋਜੀ ਦੀ ਜ਼ਿੰਮੇਵਾਰ ਤੇ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੋਜੈਕਟਾਂ, ਨਵੀਨਤਾ ਅਤੇ ਉਦਯੋਗ-ਕੇਂਦਰਿਤ ਸਿੱਖਿਆ ਵਿੱਚ ਸਰਗਰਮੀ ਨਾਲ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਨੂੰ ਤਕਨੀਕੀ ਤੌਰ ’ਤੇ ਸਮਰੱਥ, ਨਵੀਨਤਾਕਾਰੀ ਅਤੇ ਜ਼ਿੰਮੇਵਾਰ ਪੇਸ਼ੇਵਰਾਂ ਦੀ ਨਵੀਂ ਪੀੜ੍ਹੀ ਦੀ ਲੋੜ ਹੈ, ਜੋ ‘ਵਿਕਸਿਤ ਭਾਰਤ-2047’ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਆਪਣਾ ਯੋਗਦਾਨ ਪਾ ਸਕੇ।
ਨਵੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਪ-ਕੁਲਪਤੀ ਅਤੇ ਨਾਇਲਿਟ ਦੇ ਡਾਇਰੈਕਟਰ ਜਨਰਲ ਡਾ. ਐੱਮ. ਐੱਮ. ਤ੍ਰਿਪਾਠੀ ਨੇ ਉਨ੍ਹਾਂ ਨੂੰ ਦਲੇਰੀ ਨਾਲ ਅੱਗੇ ਵਧਣ, ਆਪਣੀਆਂ ਸਮਰੱਥਾਵਾਂ ’ਤੇ ਵਿਸ਼ਵਾਸ ਰੱਖਣ ਅਤੇ ਦੇਸ਼ ਦੀਆਂ ਚੁਣੌਤੀਆਂ ਦੇ ਨਵੇਂ ਹੱਲ ਵਿਕਸਿਤ ਕਰਨ ਨੂੰ ਆਪਣਾ ਟੀਚਾ ਬਣਾਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਦੱਸਿਆ ਕਿ ਨਾਇਲਿਟ ਨੇ ਥੋੜ੍ਹੇ ਸਮੇਂ ਵਿੱਚ ਤਕਨਾਲੋਜੀ ਅਤੇ ਸਿੱਖਿਆ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਵਿਦਿਆਰਥੀਆਂ ਵਿੱਚ ਨਵੀਨਤਾ ਅਤੇ ਉਦਯਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਵੱਲੋਂ ਵੱਖ-ਵੱਖ ਨੀਤੀਆਂ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਯੂਨੀਵਰਸਿਟੀ ਦੇ ਵਧ ਰਹੇ ਅੰਤਰਰਾਸ਼ਟਰੀ ਅਤੇ ਉਦਯੋਗਿਕ ਸਬੰਧਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਸਿੰਘਾਪੁਰ ਵਿੱਚ ਸੈਮੀਕੰਡਕਟਰ ਇੰਟਰਨਸ਼ਿਪ, ਵਿਦੇਸ਼ਾਂ ਵਿੱਚ ਵਿਦਿਆਰਥੀਆਂ ਲਈ ਮੌਕੇ ਅਤੇ ਉਦਯੋਗਾਂ ਵੱਲੋਂ ਸੰਚਾਲਿਤ ਚੋਣਵੇਂ ਪਾਠਕ੍ਰਮ ਸ਼ਾਮਲ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਨਵੀਨਤਾਕਾਰੀ, ਉਦਯਮੀ ਅਤੇ ਰਾਸ਼ਟਰ-ਨਿਰਮਾਤਾ ਬਣਨ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਐਨਾਲੌਗ ਅਤੇ ਮਿਕਸਡ-ਸਿਗਨਲ ਪ੍ਰਯੋਗਸ਼ਾਲਾ ਅਤੇ ਸਾਈਬਰ ਫੋਰੈਂਸਿਕਸ ਪ੍ਰਯੋਗਸ਼ਾਲਾ ਦਾ ਵੀ ਉਦਘਾਟਨ ਕੀਤਾ ਗਿਆ। ਇਨ੍ਹਾਂ ਦਾ ਉਦਘਾਟਨ ਕ੍ਰਮਵਾਰ ਡਾ. ਐੱਮ. ਐੱਮ. ਤ੍ਰਿਪਾਠੀ ਅਤੇ ਡਾ. ਏ. ਪ੍ਰਤਿਭਾ ਵੱਲੋਂ ਕੀਤਾ ਗਿਆ।
ਵਿਦਿਆਰਥੀ-ਪ੍ਰਵੇਸ਼ ਪ੍ਰੋਗਰਾਮ ਦੌਰਾਨ ਨਵੇਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀਆਂ ਅਕਾਦਮਿਕ ਅਤੇ ਪ੍ਰਸ਼ਾਸਨਿਕ ਪ੍ਰਣਾਲੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਤਹਿਤ ਪ੍ਰੀਖਿਆ ਪ੍ਰਕਿਰਿਆ ਅਤੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ, ਯੂਨੀਵਰਸਿਟੀ ਦੇ ਨਿਯਮ ਅਤੇ ਆਰਡੀਨੈਂਸ, ਈ.ਆਰ.ਪੀ. ਅਤੇ ਵਿਦਿਆਰਥੀ ਰਜਿਸਟ੍ਰੇਸ਼ਨ, ਪਾਠਕ੍ਰਮ ਅਤੇ ਯੂਨੀਵਰਸਿਟੀ ਦੀਆਂ ਈ-ਮੇਲ ਸੇਵਾਵਾਂ ਤੋਂ ਇਲਾਵਾ ਅਕਾਦਮਿਕ ਪ੍ਰਕਿਰਿਆਵਾਂ ਅਤੇ ਸਮੀਖਿਆਵਾਂ ਸਬੰਧੀ ਵਿਸ਼ੇਸ਼ ਸੈਸ਼ਨ ਕਰਵਾਏ ਗਏ।
ਇਨ੍ਹਾਂ ਸੈਸ਼ਨਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਅਕਾਦਮਿਕ ਯਾਤਰਾ ਦੀ ਸ਼ੁਰੂਆਤ ਤੋਂ ਹੀ ਯੂਨੀਵਰਸਿਟੀ ਦੀਆਂ ਅਕਾਦਮਿਕ ਲੋੜਾਂ, ਸੰਸਥਾਗਤ ਪ੍ਰਕਿਰਿਆਵਾਂ ਅਤੇ ਡਿਜ਼ੀਟਲ ਮੰਚਾਂ ਬਾਰੇ ਸਪੱਸ਼ਟ ਜਾਣਕਾਰੀ ਪ੍ਰਦਾਨ ਕਰਨਾ ਸੀ।
ਸਮਾਗਮ ਦੇ ਅੰਤ ਵਿੱਚ ਵੱਖ-ਵੱਖ ਡੈਲੀਗੇਟਾਂ ਦਾ ਸਨਮਾਨ ਕੀਤਾ ਗਿਆ ਅਤੇ ਐਸੋਸੀਏਟ ਡੀਨ (ਅਕਾਦਮਿਕ) ਸ੍ਰੀਮਤੀ ਅਨੀਤਾ ਬੁੱਧੀਰਾਜਾ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।
12 ਕੈਂਪਸਾਂ ਤੋਂ 1500 ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਸ਼ੁਰੂ ਹੋਇਆ ਇਹ ਨਵਾਂ ਅਕਾਦਮਿਕ ਸੈਸ਼ਨ ਨਾਇਲਿਟ ਡੀਮਡ ਟੂ ਬੀ ਯੂਨੀਵਰਸਿਟੀ ਦੇ ਜੀਵੰਤ, ਨਵੀਨਤਾਕਾਰੀ ਅਤੇ ਤਕਨਾਲੋਜੀ-ਆਧਾਰਿਤ ਅਕਾਦਮਿਕ ਭਾਈਚਾਰੇ ਦੇ ਨਿਰਮਾਣ ਦੇ ਉਦੇਸ਼ ਨੂੰ ਹੋਰ ਮਜ਼ਬੂਤ ਕਰਦਾ ਹੈ। ਯੂਨੀਵਰਸਿਟੀ ਵਿਦਿਆਰਥੀਆਂ ਦੇ ਵਿਚਾਰਾਂ, ਪ੍ਰਤਿਭਾ ਅਤੇ ਆਕਾਂਖਿਆਵਾਂ ਨੂੰ ਸਾਰਥਕ ਅਕਾਦਮਿਕ, ਪੇਸ਼ੇਵਰ ਅਤੇ ਸਮਾਜਿਕ ਯੋਗਦਾਨ ਵਿੱਚ ਬਦਲਣ ਲਈ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਪ੍ਰਦਾਨ ਕਰਨ ਲਈ ਵਚਨਬੱਧ ਹੈ।