*ਚੰਡੀਗੜ੍ਹ, 3 ਸਤੰਬਰ:* ਸਕੂਲ ਸਿੱਖਿਆ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹੁਣ ਆਪਣਾ ਧਿਆਨ ਤਕਨੀਕੀ ਸਿੱਖਿਆ ਵੱਲ ਕੇਂਦਰਤ ਕੀਤਾ ਜਾ ਰਿਹਾ ਹੈ ਜਿਸ ਤਹਿਤ ਸਰਕਾਰੀ ਪੌਲੀਟੈਕਨਿਕਾਂ ਅਤੇ ਆਈ.ਟੀ.ਆਈਜ਼ ਨੂੰ ਉਦਯੋਗਾਂ ਦੇ ਅਨੁਕੂਲ, ਇਨੋਵੇਸ਼ਨ ਅਧਾਰਤ ਅਤੇ ਰੁਜ਼ਗਾਰ ਮੁਖੀ ਸੰਸਥਾਵਾਂ ਵਿੱਚ ਬਦਲਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ (ਪੀ.ਐਸ.ਬੀ.ਟੀ.ਈ.ਆਈ.ਟੀ) ਵੱਲੋਂ ਅੱਜ ਖੇਤਰੀ ਉਦਯੋਗ-ਅਕਾਦਮਿਕ ਸੰਮੇਲਨ ਕਰਵਾਇਆ ਗਿਆ, ਜਿਸ ਤਹਿਤ ਤਕਨੀਕੀ ਸਿੱਖਿਆ ਨੂੰ ਉਦਯੋਗ ਦੀਆਂ ਅਸਲ ਜ਼ਰੂਰਤਾਂ ਨਾਲ ਜੋੜਨ ਲਈ ਪ੍ਰਮੁੱਖ ਕੰਪਨੀਆਂ ਅਤੇ ਉਦਯੋਗਪਤੀਆਂ ਨੂੰ ਇਕ ਮੰਚ ‘ਤੇ ਲਿਆਂਦਾ ਗਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸੰਮੇਲਨ ਪੰਜਾਬ ਦੀਆਂ ਸਰਕਾਰੀ ਪੌਲੀਟੈਕਨਿਕਾਂ ਅਤੇ ਆਈ.ਟੀ.ਆਈਜ਼ ਵਿੱਚ ਕੀਤੇ ਜਾ ਰਹੇ ਵਿਆਪਕ ਸੁਧਾਰ ਦਾ ਹਿੱਸਾ ਹੈ, ਜਿਸਦਾ ਉਦੇਸ਼ ਅਕਾਦਮਿਕ ਸਮਰੱਥਾਵਾਂ ਅਤੇ ਰੁਜ਼ਗਾਰ ਲਈ ਲੋੜੀਂਦੇ ਹੁਨਰਾਂ ਦਰਮਿਆਨ ਪਾੜੇ ਨੂੰ ਪੂਰਨਾ ਹੈ। ਉਨ੍ਹਾਂ ਕਿਹਾ, “ਦਹਾਕਿਆਂ ਤੋਂ ਸਾਡੀ ਉਚੇਰੀ ਅਤੇ ਤਕਨੀਕੀ ਸਿੱਖਿਆ ਪ੍ਰਣਾਲੀ ਅਜਿਹੇ ਡਿਗਰੀ ਧਾਰਕ ਪੈਦਾ ਕਰ ਰਹੀ ਸੀ ਜੋ ਕਿਤਾਬੀ ਗਿਆਨ ਹਾਸਲ ਕਰਦੇ ਸਨ ਪਰ ਕੋਈ ਹੁਨਰ ਨਹੀਂ ਸਿੱਖਦੇ ਸਨ, ਜੋ ਡਿਗਰੀ ਪ੍ਰਾਪਤ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਾ ਕਾਰਨ ਬਣਦੀ ਸੀ। ਭਾਰਤ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਜਿਨ੍ਹਾਂ ਕੋਲ ਹੁਨਰ ਹੈ ਉਨ੍ਹਾਂ ਕੋਲ ਸਰਟੀਫਿਕੇਟ ਨਹੀਂ ਹੈ ਅਤੇ ਜਿਨ੍ਹਾਂ ਕੋਲ ਸਰਟੀਫਿਕੇਟ ਹੈ ਉਨ੍ਹਾਂ ਕੋਲ ਹੁਨਰ ਨਹੀਂ ਹੈ। ਪੰਜਾਬ ਵਿੱਚ ਅਸੀਂ ਉਸ ਚੱਕਰ ਨੂੰ ਤੋੜ ਰਹੇ ਹਾਂ। ਅਸੀਂ ਸਿਰਫ਼ ਲੈਬਾਂ ਨਹੀਂ ਬਣਾ ਰਹੇ ਹਾਂ, ਅਸੀਂ ਕਲਾਸਰੂਮ ਅਤੇ ਉਦਯੋਗਾਂ ਵਿਚਕਾਰ ਇੱਕ ਕੜੀ ਸਿਰਜ ਰਹੇ ਹਾਂ।”
ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਅਸੀਂ ਦੇਸ਼ ਵਿੱਚ 27ਵੇਂ ਸਥਾਨ ਤੋਂ ਤੀਜੇ ਸਥਾਨ ‘ਤੇ ਆ ਗਏ ਹਾਂ ਅਤੇ ਸਾਡਾ ਟੀਚਾ ਪੰਜਾਬ ਨੂੰ ਤਕਨੀਕੀ ਸਿੱਖਿਆ ਵਿੱਚ ਨੰਬਰ 1 ਸੂਬਾ ਬਣਾਉਣਾ ਹੈ ਅਤੇ ਕੋਈ ਵੀ ਵਿਦਿਆਰਥੀ ਆਪਣੇ ਅਦਾਰਿਆਂ ਵਿੱਚੋਂ ਬਿਨ੍ਹਾਂ ਰੁਜ਼ਗਾਰ ਨਹੀਂ ਜਾਣਾ ਚਾਹੀਦਾ।”
ਸਿੱਖਿਆ ਮੰਤਰੀ ਨੇ ਕਿਹਾ, “ਆਈ. ਟੀ. ਆਈਜ਼ ਅਤੇ ਪੌਲੀਟੈਕਨਿਕਾਂ ਨੂੰ ਰੁਜ਼ਗਾਰ ਮੁਖੀ ਸੰਸਥਾਵਾਂ ਵਿੱਚ ਬਦਲਿਆ ਜਾ ਰਿਹਾ ਹੈ, ਜਿੱਥੇ ਵਿਦਿਆਰਥੀ ਸਿਰਫ਼ ਪੁਰਾਣੀਆਂ ਕਿਤਾਬਾਂ ਤੋਂ ਹੀ ਨਹੀਂ, ਸਗੋਂ ਉਨ੍ਹਾਂ ਮਸ਼ੀਨਾਂ ਅਤੇ ਤਕਨਾਲੋਜੀਆਂ ਤੋਂ ਸਿੱਖਣਗੇ ਜਿਨ੍ਹਾਂ ਦੀ ਵਰਤੋਂ ਉਹ ਆਪਣੇ ਪੇਸ਼ੇਵਰ ਜੀਵਨ ਵਿੱਚ ਕਰਨਗੇ। ਪਾਠਕ੍ਰਮ ਵਿੱਚ ਉਦਯੋਗ ਦੀ ਭਾਗੀਦਾਰੀ ਇਹ ਯਕੀਨੀ ਬਣਾਏਗੀ ਕਿ ਵਿਦਿਆਰਥੀ ਜੋ ਸਿੱਖਦੇ ਹਨ ਉਹ ਕੰਮ ਸਬੰਧੀ ਤੇਜ਼ੀ ਨਾਲ ਬਦਲਦੀਆਂ ਜ਼ਰੂਰਤਾਂ ਦੇ ਅਨੁਕੂਲ ਰਹੇ।”
ਉਦਯੋਗਪਤੀਆਂ ਨੂੰ ਇਸ ਬਦਲਾਅ ਦਾ ਗਵਾਹ ਅਤੇ ਭਾਈਵਾਲੀ ਬਣਨ ਦਾ ਸੱਦਾ ਦਿੰਦਿਆਂ, ਉਨ੍ਹਾਂ ਕਿਹਾ ਕਿ ਉਦਯੋਗ ਅਤੇ ਵਿਦਿਅਕ ਸੰਸਥਾਵਾਂ ਵਿਚਕਾਰ ਭਾਈਵਾਲੀ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਨਵੀਆਂ ਉੱਚਾਈਆਂ ਤੱਕ ਲੈਜਾਣ ਵਾਲੇ ਹੁਨਰਮੰਦ ਕਾਰਜਬਲ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ, “ਜਦੋਂ ਤੁਸੀਂ ਪੰਜਾਬ ਦੀ ਤਕਨੀਕੀ ਸਿੱਖਿਆ ਵਿੱਚ ਨਿਵੇਸ਼ ਕਰਦੇ ਹੋ, ਤਾਂ ਤੁਸੀਂ ਸਿਰਫ਼ ਆਪਣਾ ਕਾਰੋਬਾਰ ਨਹੀਂ ਬਣਾ ਰਹੇ ਹੋ, ਤੁਸੀਂ ਭਾਰਤ ਦੇ ਭਵਿੱਖ ਦਾ ਨਿਰਮਾਣ ਕਰ ਰਹੇ ਹੋ। ਮੇਕ ਇਨ ਇੰਡੀਆ ਸੱਚਮੁੱਚ ਉਦੋਂ ਸਫਲ ਹੋਵੇਗਾ ਜਦੋਂ ਅਸੀਂ ਇਸ ਨੂੰ ਪੰਜਾਬ ਵਿੱਚ ਬਣਾਵਾਂਗੇ ਜਿਸ ਦੀ ਅਗਵਾਈ ਹੁਨਰਮੰਦ ਨੌਜਵਾਨ ਕਰਨਗੇ।”
ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਸਿੱਖਿਆ ਕ੍ਰਾਂਤੀ ਦਾ ਹਿੱਸਾ ਹੈ, ਜੋ ਕਿ ਸਕੂਲਾਂ, ਪੌਲੀਟੈਕਨਿਕਸ ਅਤੇ ਆਈਟੀਆਈਜ਼ ਵਿੱਚ ਵਿਸ਼ਵ ਪੱਧਰੀ ਸਿਖਲਾਈ ਈਕੋਸਿਸਟਮ ਸਿਰਜਣ ਪ੍ਰਤੀ ਸੂਬਾ ਸਰਕਾਰ ਦੇ ਵਿਆਪਕ ਸੁਧਾਰ ਏਜੰਡੇ ਦਾ ਹਿੱਸਾ ਹੈ। ਉਨ੍ਹਾਂ ਕਿਹਾ, “ਨੀਤੀ ਆਯੋਗ ਵੱਲੋਂ 2026-27 ਲਈ ਜਾਰੀ ਕਲਾਸਰੂਮ ਸਿਖਲਾਈ ਦੇ ਨਤੀਜਿਆਂ ਮੁਤਾਬਕ ਪੰਜਾਬ ਬਿਹਤਰ ਕਾਰਗੁਜ਼ਾਰੀ ਵਾਲਿਆਂ ਸੂਬਿਆਂ ਵਿੱਚ ਸ਼ੁਮਾਰ ਹੋ ਗਿਆ ਹੈ ਅਤੇ ਭਾਰਤ ਸਰਕਾਰ ਦੇ ਪਰਾਖ ਰਾਸ਼ਟਰੀ ਸਰਵੇਖਣ 2024 ਵਿੱਚ ਪੰਜਾਬ ਨੇ ਕੇਰਲਾ ਨੂੰ ਪਛਾੜ ਕੇ ਦੇਸ਼ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।”
ਸਿੱਖਿਆ ਮੰਤਰੀ ਨੇ ਕਿਹਾ, “ਭਗਵੰਤ ਮਾਨ ਸਰਕਾਰ ਹੁਣ ਤਕਨੀਕੀ ਸਿੱਖਿਆ ਲਈ ਉਸੇ ਸੁਧਾਰ-ਮੁਖੀ ਪਹੁੰਚ ਦਾ ਵਿਸਥਾਰ ਕਰ ਰਹੀ ਹੈ ਜਿਸ ਤਹਿਤ ਸਕੂਲ ਸਿੱਖਿਆ ਵਿੱਚ ਇਸ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਹੈ। ਇਸ ਦਾ ਉਦੇਸ਼ ਵਿਸ਼ਵ ਪੱਧਰ ‘ਤੇ ਮੁਕਾਬਲੇ ਵਾਲੀਆਂ ਸੰਸਥਾਵਾਂ ਬਣਾਉਣ ਅਤੇ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰਨਾ ਹੈ। ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਲਈ ਪੂਰੇ ਸਮੈਸਟਰ ਦੀ ਇੰਟਰਨਸ਼ਿਪ ਲਾਜ਼ਮੀ ਕਰ ਦਿੱਤੀ ਗਈ ਹੈ, ਜਦੋਂ ਕਿ 40 ਘੰਟਿਆਂ ਤੋਂ ਵੱਧ ਸਾਲਾਨਾ ਫੈਕਲਟੀ ਸਿਖਲਾਈ ਲਾਜ਼ਮੀ ਕੀਤੀ ਗਈ ਹੈ।”
ਉਨ੍ਹਾਂ ਦੱਸਿਆ, “ਪੌਲੀਟੈਕਨਿਕਾਂ ਨੂੰ ਸੈਂਟਰ ਆਫ਼ ਐਕਸੀਲੈਂਸ, ਆਧੁਨਿਕ ਮਸ਼ੀਨਰੀ ਅਤੇ ਇਨੋਵੇਸ਼ਨ ਲੈਬਾਂ ਰਾਹੀਂ ਅਪਗ੍ਰੇਡ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਆਈਆਈਐਮ ਅਹਿਮਦਾਬਾਦ ਅਤੇ ਆਈਆਈਐਮ ਅੰਮ੍ਰਿਤਸਰ ਵਿਖੇ ਸਿਖਲਾਈ ਦਿੱਤੀ ਜਾ ਰਹੀ ਹੈ, ਜਦੋਂ ਕਿ ਆਈਆਈਟੀ ਰੋਪੜ, ਆਈਆਈਐਸਈਆਰ ਅਤੇ ਐਨਆਈਐਫਟੀ ਵਿਖੇ ਫੈਕਲਟੀ ਵਿਕਾਸ ਪ੍ਰੋਗਰਾਮ ਚਲਾਏ ਜਾ ਰਹੇ ਹਨ। ਟਾਟਾ ਸਟੀਲ ਵਰਗੀਆਂ ਸੰਸਥਾਵਾਂ ਵਿੱਚ ਉਦਯੋਗਿਕ ਤਜ਼ਰਬੇ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਰਕਾਰੀ ਸੰਸਥਾਵਾਂ ਦੀ ਅਗਵਾਈ ਆਤਮਵਿਸ਼ਵਾਸੀ ਅਤੇ ਭਵਿੱਖ ਲਈ ਤਿਆਰ ਆਗੂਆਂ ਵੱਲੋਂ ਕੀਤੀ ਜਾਵੇ।”
ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਖੂਨੀਮਾਜਰਾ, ਬਠਿੰਡਾ, ਫਿਰੋਜ਼ਪੁਰ, ਬਡਬਰ ਅਤੇ ਤਲਵਾੜਾ ਵਿਖੇ ਅੱਜ ਪੰਜ ਸਰਕਾਰੀ ਪੌਲੀਟੈਕਨਿਕਾਂ ਵਿੱਚ ਅਤਿ-ਆਧੁਨਿਕ ਇਨੋਵੇਸ਼ਨ ਲੈਬਾਂ ਦਾ ਉਦਘਾਟਨ ਕੀਤਾ ਗਿਆ। ਅਜੋਕੇ ਉਦਯੋਗਾਂ ਮੁਤਾਬਿਕ ਤਿਆਰ ਕੀਤੀਆਂ ਇਨ੍ਹਾਂ ਲੈਬਾਂ ਵਿੱਚ ਵਿਦਿਆਰਥੀਆਂ ਨੂੰ ਸਿੱਖਣ, ਪ੍ਰੋਟੋਟਾਈਪਿੰਗ ਅਤੇ ਅਸਲ-ਸਮੇਂ ’ਤੇ ਸਮੱਸਿਆ-ਹੱਲ ਕਰਨ ਦਾ ਮੌਕਾ ਮਿਲੇਗਾ। ਹਰਜੋਤ ਸਿੰਘ ਬੈਂਸ ਨੇ ਕਿਹਾ, “ਇਹ ਇਨੋਵੇਸ਼ਨ ਲੈਬਾਂ ਨਾ ਸਿਰਫ਼ ਸਾਡੇ ਪੌਲੀਟੈਕਨਿਕਾਂ ਨੂੰ ਗਤੀਸ਼ੀਲ ਨਵੀਨਤਾ ਕੇਂਦਰਾਂ ਵਿੱਚ ਬਦਲਣਗੀਆਂ ਸਗੋਂ ਪੰਜਾਬ ਦੇ ਉਦਯੋਗਿਕ ਭਵਿੱਖ ਦੀ ਨੁਹਾਰ ਬਦਲਣ ਲਈ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਤਕਨਾਲੋਜੀ ਨਾਲ ਵੀ ਲੈਸ ਕਰਨਗੀਆਂ।
ਨਿਰੰਤਰ ਉਦਯੋਗਿਕ ਸ਼ਮੂਲੀਅਤ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ,“ਸਾਡਾ ਟੀਚਾ ਸਪੱਸ਼ਟ ਹੈ। ਹਰੇਕ ਸਰਕਾਰੀ ਪੌਲੀਟੈਕਨਿਕ ਅਤੇ ਆਈ.ਟੀ.ਆਈ. ਸਹੀ ਅਰਥਾਂ ਵਿੱਚ ਉਦਯੋਗ ਜਗਤ ਨਾਲ ਜੋੜਿਆ ਜਾਵੇ। ਨਿਯਮਤ ਗੱਲਬਾਤ, ਮਾਹਿਰਾਂ ਦੀ ਸ਼ਮੂਲੀਅਤ, ਉਦਯੋਗਿਕ ਦੌਰੇ , ਲਾਈਵ ਪ੍ਰੋਜੈਕਟਾਂ ਰਾਹੀਂ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਡੇ ਵਿਦਿਆਰਥੀ ਰੁਜ਼ਗਾਰ, ਉੱਦਮਤਾ ਅਤੇ ਆਧੁਨਿਕ ਅਰਥਵਿਵਸਥਾ ਦੀਆਂ ਮੰਗਾਂ ਨਜਿੱਠਣ ਦੇ ਸਮਰੱਥ ਬਣਨ।’’
ਮੰਤਰੀ ਨੇ ਅੱਗੇ ਕਿਹਾ ਕਿ ਤਕਨੀਕੀ ਸੰਸਥਾਵਾਂ ਨੂੰ ਆਲਮੀ ਪੱਧਰ ’ਤੇ ਮੁਕਾਬਲਾ ਦੇ ਸਮਰੱਥ ਬਣਾਉਣ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਅਰਥਵਿਵਸਥਾ ਦੀਆਂ ਮੰਗਾਂ ਲਈ ਤਿਆਰ ਕਰਨ ਲਈ ਉਦਯੋਗ ਜਗਤ ਨਾਲ ਨਿਰੰਤਰ ਰਾਬਤਾ ਅਤੇ ਸ਼ਮੂਲੀਅਤ ਬੇਹੱਦ ਜ਼ਰੂਰੀ ਹੋਵੇਗੀ।
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਕਿਹਾ ਕਿ ਪੰਜਾਬ ਦੀ ਤਕਨੀਕੀ ਸਿੱਖਿਆ ਪ੍ਰਣਾਲੀ ਤੇਜ਼ੀ ਨਾਲ ਰਵਾਇਤੀ ਮਾਡਲਾਂ ਤੋਂ ਅਗਾਂਹੀ ਜਾ ਰਹੀ ਹੈ ਅਤੇ ਭਵਿੱਖ ਲਈ ਢੁਕਵੀਆਂ ਤਕਨਾਲੋਜੀਆਂ ਅਤੇ ਅਭਿਆਸਾਂ ਨੂੰ ਅਪਣਾ ਰਹੀ ਹੈ। ਵਿਕਾਸ ਪ੍ਰਤਾਪ ਨੇ ਕਿਹਾ, “ਪੰਜਾਬ ਦੀ ਤਕਨੀਕੀ ਸਿੱਖਿਆ ਹੁਣ ਰਵਾਇਤੀ ਨਹੀਂ ਰਹੀ ਸਗੋਂ ਸਮੇਂ ਦੀ ਹਾਣੀ ਬਣ ਰਹੀ ਹੈ । ਅੱਜ ਅਸੀਂ 34 ਪ੍ਰਿੰਟਰਾਂ ਅਤੇ ਆਧੁਨਿਕ ਮਸ਼ੀਨਰੀ ਨਾਲ ਪੰਜ ਇਨੋਵੇਸ਼ਨ ਲੈਬਾਂ ਦਾ ਉਦਘਾਟਨ ਕੀਤਾ ਹੈ ਤਾਂ ਜੋ ਸਾਡੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਤਕਨਾਲੋਜੀਆਂ ਬਾਰੇ ਸਿਖਲਾਈ ਦਿੱਤੀ ਜਾ ਸਕੇ।’’
ਵਿਕਾਸ ਪ੍ਰਤਾਪ ਨੇ ਕਿਹਾ ਕਿ ਇੰਡਸਟਰੀ-ਅਕਾਦਮੀਆ ਕਨਕਲੇਵ ਰਾਹੀਂ ਸੂਬੇ ਦੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਅਤੇ ਉਦਯੋਗਾਂ ਵਿਚਕਾਰ ਇੱਕ ਨਿਰੰਤਰ ਸਾਂਝੇਦਾਰੀ ਦੀ ਸ਼ੁਰੂਆਤ ਹੋਈ ਹੈ । ਉਨ੍ਹਾਂ ਕਿਹਾ,“ਇਹ ਸੰਮੇਲਨ ਇੱਕ ਵਾਰ ਦੀ ਸੰਵਾਦ ਨਹੀਂ ਬਲਕਿ ਇੱਕ ਨਿਰੰਤਰ ਸਾਂਝੇਦਾਰੀ ਦੀ ਸ਼ੁਰੂਆਤ ਹੈ ਅਤੇ ਇਸ ਦੌਰਾਨ ਹਰ ਵਾਜਿਬ ਸੁਝਾਅ ’ਤੇ ਅਮਲ ਕੀਤਾ ਜਾਵੇਗਾ।”
ਵਿਕਾਸ ਪ੍ਰਤਾਪ ਨੇ ਅੱਗੇ ਕਿਹਾ,“ਅਸੀਂ ਲਗਾਤਾਰ ਨਵੀਨਤਾ, ਅਪਗ੍ਰੇਡਸ਼ਨ ਅਤੇ ਤੁਹਾਡੇ ਨਾਲ ਸਲਾਹ-ਮਸ਼ਵਰਾ ਕਰਦੇ ਰਹਾਂਗੇ ਕਿਉਂਕਿ ਅਸਲ ਤਬਦੀਲੀ ਉਦੋਂ ਹੀ ਸੰਭਵ ਹੈ ਜਦੋਂ ਕਲਾਸਰੂਮ ਤੇ ਫੈਕਟਰੀ ਵਿਚਲਾ ਪਾੜਾ ਖ਼ਤਮ ਹੋ ਜਾਵੇ ।’’
ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ, ਪ੍ਰੋ. (ਡਾ.) ਸੰਦੀਪ ਕਾਂਸਲ ਨੇ ਤਕਨੀਕੀ ਸਿੱਖਿਆ ਨੂੰ ਵਧੇਰੇ ਢੁਕਵੀਂ, ਵਿਹਾਰਕ ਅਤੇ ਉਦਯੋਗਿਕ ਲੋੜਾਂ ਦੇ ਨਾਲ ਨੇੜਿਓਂ ਜੋੜਨ ਲਈ ਬੋਰਡ ਦੀ ਵਚਨਬੱਧਤਾ ਦੁਹਰਾਈ।
ਪ੍ਰੋ. (ਡਾ.) ਸੰਦੀਪ ਕਾਂਸਲ ਨੇ ਕਿਹਾ ਕਿ ਇਸ ਸੰਮੇਲਨ ਨੇ ਸਰਕਾਰੀ ਪੌਲੀਟੈਕਨਿਕਾਂ ਅਤੇ ਉਦਯੋਗ ਦੇ ਨੁਮਾਇੰਦਿਆਂ ਨੂੰ ਸਾਂਝੇਦਾਰੀ ਦੇ ਖੇਤਰਾਂ ਦੀ ਪਛਾਣ ਕਰਨ, ਖਾਸ ਕਰਕੇ ਇੰਟਰਨਸ਼ਿਪ, ਪਲੇਸਮੈਂਟ, ਪਾਠਕ੍ਰਮ ਇਨਪੁਟ, ਲੈਬਾਰਟਰੀ ਅਪਗ੍ਰੇਡੇਸ਼ਨ ਅਤੇ ਮਾਹਰ-ਅਗਵਾਈ ਸਿਖਲਾਈ ਪਹਿਲਕਦਮੀਆਂ ਵਿੱਚ ਲਈ ਇੱਕ ਸਾਂਝਾ ਮੰਚ ਪ੍ਰਦਾਨ ਕੀਤਾ।
ਪ੍ਰੋਫੈਸਰ (ਡਾ.) ਸੰਦੀਪ ਕਾਂਸਲ ਨੇ ਕਿਹਾ, ‘‘ ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੰਮੇਲਨ ਵਿੱਚ ਹੋਏ ਵਿਚਾਰ-ਵਟਾਂਦਰਿਆਂ ਰਾਹੀਂ ਉਦਯੋਗਾਂ ਅਤੇ ਸਾਡੀਆਂ ਤਕਨੀਕੀ ਸੰਸਥਾਵਾਂ ਦਰਮਿਆਨ ਲਾਹੇਵੰਦ, ਕਾਰਜਸ਼ੀਲ, ਲੰਬੇ ਸਮੇਂ ਦੀ ਭਾਈਵਾਲੀ ਸਥਾਪਤ ਹੋਵੇ।’’
ਪ੍ਰੋ. (ਡਾ.) ਸੰਦੀਪ ਕਾਂਸਲ ਨੇ ਕਿਹਾ ਕਿ ਸੰਮੇਲਨ ਵਿੱਚ ਇੰਟਰਨਸ਼ਿਪ ਅਤੇ ਪਲੇਸਮੈਂਟ ਈਕੋਸਿਸਟਮ ਨੂੰ ਮਜ਼ਬੂਤ ਕਰਨ, ਉੱਭਰ ਰਹੇ ਹੁਨਰਾਂ ਅਤੇ ਪਾਠਕ੍ਰਮ ਦੀਆਂ ਜ਼ਰੂਰਤਾਂ ਦੀ ਪਛਾਣ ਕਰਨ, ਲੈਬਾਂ ਅਤੇ ਵਰਕਸ਼ਾਪਾਂ ਨੂੰ ਆਧੁਨਿਕ ਉਦਯੋਗ ਅਭਿਆਸਾਂ ਨਾਲ ਜੋੜਨ ਅਤੇ ਵਿਦਿਆਰਥੀ ਸਿਖਲਾਈ ਅਤੇ ਫੈਕਲਟੀ ਵਿਕਾਸ ਵਿੱਚ ਉਦਯੋਗ ਮਾਹਰਾਂ ਲਈ ਢਾਂਚਾਗਤ ਭੂਮਿਕਾਵਾਂ ਬਣਾਉਣ ’ਤੇ ਅਧਾਰਤ ਵਿਚਾਰ ਚਰਚਾਵਾਂ ਵੀ ਕੀਤੀਆਂ ਗਈਆਂ ।
ਸੰਮੇਲਨ ਵਿੱਚ ਨਿਰਮਾਣ, ਆਟੋਮੋਟਿਵ ਅਤੇ ਆਟੋ ਕੰਪੋਨੈਂਟਸ, ਫਾਰਮਾਸਿਊਟੀਕਲ, ਨਵਿਆਉਣਯੋਗ ਊਰਜਾ, ਇਲੈਕਟ੍ਰਾਨਿਕਸ, ਸੂਚਨਾ ਤਕਨਾਲੋਜੀ, ਸਟੀਲ ਅਤੇ ਇੰਜੀਨੀਅਰਿੰਗ ਖੇਤਰਾਂ ਦੇ ਪ੍ਰਮੁੱਖ ਉਦਯੋਗਿਕ ਸੰਗਠਨਾਂ ਅਤੇ ਮਾਲਕਾਂ ਦੀ ਭਾਗੀਦਾਰੀ ਦੇਖੀ ਗਈ। ਜ਼ਿਕਰਯੋਗ ਹੈ ਕਿ ਗੋਦਰੇਜ ਐਂਡ ਬੋਇਸ ਮੈਨੂਫੈਕਚਰਿੰਗ ਕੰਪਨੀ ਲਿਮਟਿਡ, ਹਾਰਟੇਕ ਪਾਵਰ, ਟਾਇਨਰ ਆਰਥੋਟਿਕਸ ਪ੍ਰਾਈਵੇਟ ਲਿਮਟਿਡ, ਗਿਲਾਰਡ ਇਲੈਕਟ੍ਰਾਨਿਕਸ ਪ੍ਰਾਈਵੇਟ ਲਿਮਟਿਡ, ਟਾਟਾ ਇਲੈਕਟ੍ਰਾਨਿਕਸ, ਚੀਮਾ ਬਾਇਲਰਜ਼, ਹੈਲਾ ਇੰਡੀਆ ਲਾਈਟਿੰਗ, ਅਕਜ਼ੋ ਨੋਬਲ/ਜੇਐਸਡਬਲਿਯੂ ਡਿਊੁਲਕਸ ਅਤੇ ਹੋਰ ਕੰਪਨੀਆਂ ਦੇ ਨੁਮਾਇੰਦਿਆਂ ਨੇ ਵਿਚਾਰ-ਵਟਾਂਦਰੇ ਵਿੱਚ ਸ਼ਿਕਰਤ ਕੀਤੀ।
ਸੰਮੇਲਨ ਵਿੱਚ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਅਨੁਰਾਗ ਕੁੰਡੂ, ਤਕਨੀਕੀ ਸਿੱਖਿਆ ਦੇ ਡਾਇਰੈਕਟਰ ਮੋਨੀਸ਼ ਕੁਮਾਰ, ਡਾਇਰੈਕਟਰ (ਅਕਾਦਮਿਕ), ਪੀਐਸਬੀਟੀਈਆਈਟੀ, ਡਾ. ਭਰਤ ਨਰੇਸ਼ ਬਾਂਸਲ ਅਤੇ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਵਿੱਚ ਸ਼ਾਮਲ ਹੋਏ।