ਸੱਪ ਦੇ ਡੰਗ ਦੀ ਸੂਰਤ ਵਿੱਚ ਘਬਰਾਉਣ ਦੀ ਲੋੜ ਨਹੀਂ, ਸਮੇਂ ਸਿਰ ਇਲਾਜ ਨਾਲ ਬਚਾਈ ਜਾ ਸਕਦੀ ਹੈ ਜਾਨ – ਸਿਵਲ ਸਰਜਨ

No need to panic in case of snake bite, timely treatment can save lives - Civil Surgeon
ਰੂਪਨਗਰ, 19 ਸਤੰਬਰ: ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕਟਾਰੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਸਨੇਕ ਬਾਈਟ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਸੱਪ ਦੇ ਡੰਗ ਤੋਂ ਬਚਾਅ, ਤੁਰੰਤ ਮੁੱਢਲੀ ਸਹਾਇਤਾ ਅਤੇ ਸਮੇਂ ਸਿਰ ਇਲਾਜ ਕਰਵਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
 
ਇਸ ਮੌਕੇ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸੱਪ ਦੇ ਡੰਗਣ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ। ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਅਜਿਹੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਲੋੜੀਂਦੀਆਂ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਕਮਿਊਨਿਟੀ ਹੈਲਥ ਸੈਂਟਰਾਂ (ਸੀ.ਐਚ.ਸੀ.) ਅਤੇ ਸਰਕਾਰੀ ਹਸਪਤਾਲਾਂ ਵਿੱਚ ਸੱਪ ਦੇ ਜ਼ਹਿਰ ਨੂੰ ਨਸ਼ਟ ਕਰਨ ਵਾਲਾ ਟੀਕਾ (ਐਂਟੀ-ਸਨੇਕ ਵੈਨਮ) ਉਪਲਬਧ ਹੈ। ਸੱਪ ਦੇ ਡੰਗ ਦੀ ਸੂਰਤ ਵਿੱਚ ਮਰੀਜ਼ ਨੂੰ ਬਿਨਾਂ ਕਿਸੇ ਦੇਰੀ ਦੇ ਹਸਪਤਾਲ ਪਹੁੰਚਾ ਕੇ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ।
 
ਡਾ. ਵਸੁਧਾ ਬੱਤਾ ਨੇ ਕਿਹਾ ਕਿ ਸੱਪ ਦੇ ਡੰਗਣ ਤੋਂ ਬਾਅਦ ਪੀੜਤ ਨੂੰ ਗੈਰ-ਸਿਖਲਾਈ ਪ੍ਰਾਪਤ ਵਿਅਕਤੀਆਂ ਜਾਂ ਗੈਰ-ਵਿਗਿਆਨਕ ਇਲਾਜ ਕਰਨ ਵਾਲਿਆਂ ਕੋਲ ਲਿਜਾਣ ਦੀ ਬਜਾਏ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਜਾਵੇ। ਕਿਸੇ ਵੀ ਡਾਕਟਰੀ ਜਾਣਕਾਰੀ ਜਾਂ ਸਿਹਤ ਸਬੰਧੀ ਸਲਾਹ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
 
ਉਨ੍ਹਾਂ ਦੱਸਿਆ ਕਿ ਸੱਪ ਦੇ ਡੰਗਣ ਦੀ ਸੂਰਤ ਵਿੱਚ ਤੁਰੰਤ ਐਂਬੂਲੈਂਸ ਨੂੰ ਸੂਚਿਤ ਕਰਕੇ ਪੀੜਤ ਨੂੰ ਹਸਪਤਾਲ ਪਹੁੰਚਾਇਆ ਜਾਵੇ। ਪੀੜਤ ਨੂੰ ਹੌਸਲਾ ਦਿੱਤਾ ਜਾਵੇ ਅਤੇ ਡੰਗੇ ਹੋਏ ਅੰਗ ਨੂੰ ਹਿਲਜੁਲ ਤੋਂ ਬਚਾਉਣ ਲਈ ਸਪਲਿੰਟ ਦੀ ਸਹਾਇਤਾ ਨਾਲ ਸਥਿਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸੱਪ ਦੇ ਡੰਗਣ ਦੀ ਸੂਰਤ ਵਿੱਚ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਸਮੇਂ ਸਿਰ ਸਹੀ ਇਲਾਜ ਨਾਲ ਪੀੜਤ ਦੀ ਜਾਨ ਬਚਾਈ ਜਾ ਸਕਦੀ ਹੈ।
 
ਉਨ੍ਹਾਂ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਡੰਗ ਵਾਲੀ ਥਾਂ ਨੂੰ ਨਾ ਕੱਟਿਆ ਜਾਵੇ ਅਤੇ ਨਾ ਹੀ ਮੂੰਹ ਨਾਲ ਜ਼ਹਿਰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ। ਡੰਗ ਵਾਲੀ ਥਾਂ ’ਤੇ ਬਰਫ਼ ਨਾ ਲਗਾਈ ਜਾਵੇ ਅਤੇ ਨਾ ਹੀ ਮਾਲਿਸ਼ ਕੀਤੀ ਜਾਵੇ। ਆਪਣੇ ਆਪ ਕੋਈ ਦਵਾਈ ਨਾ ਲਈ ਜਾਵੇ ਅਤੇ ਨਾ ਹੀ ਡੰਗ ਵਾਲੀ ਥਾਂ ’ਤੇ ਜੜੀ-ਬੂਟੀਆਂ ਜਾਂ ਕੋਈ ਹੋਰ ਪਦਾਰਥ ਲਗਾਇਆ ਜਾਵੇ।
 
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬਾਹਰ ਜਾਂਦੇ ਸਮੇਂ ਬੰਦ ਜੁੱਤੇ ਜਾਂ ਲੰਬੇ ਬੂਟ ਪਹਿਨੇ ਜਾਣ। ਰਾਤ ਸਮੇਂ ਬਾਹਰ ਨਿਕਲਦਿਆਂ ਹਮੇਸ਼ਾ ਟਾਰਚ ਦੀ ਵਰਤੋਂ ਕੀਤੀ ਜਾਵੇ। ਘਰਾਂ ਅਤੇ ਆਲੇ-ਦੁਆਲੇ ਦੇ ਖੇਤਰ ਨੂੰ ਸਾਫ਼-ਸੁਥਰਾ ਰੱਖਿਆ ਜਾਵੇ ਅਤੇ ਜੁੱਤੇ ਪਹਿਨਣ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਝਾੜ ਕੇ ਜਾਂਚ ਲਿਆ ਜਾਵੇ।
 
ਇਸ ਮੌਕੇ ਲਖਬੀਰ ਸਿੰਘ ਸਮੇਤ ਸਿਹਤ ਵਿਭਾਗ ਦਾ ਸਟਾਫ਼ ਹਾਜ਼ਰ ਸੀ। 
ਹੋਰ ਖ਼ਬਰਾਂ :-  ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਪੰਜਾਬੀਆਂ ਨੂੰ ਹਾਰਦਿਕ ਵਧਾਈ

Leave a Reply

Your email address will not be published. Required fields are marked *