ਚੰਡੀਗੜ੍ਹ 22 ਸਤੰਬਰ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਮੰਗਲਵਾਰ ਨੂੰ ਬਹਿਰੀਨ ਦੀ ਇੱਕ ਔਰਤ ਵੱਲੋਂ ਅਕਾਲੀ ਨੇਤਾ ਅਮਰਜੀਤ ਸਿੰਘ ਚਾਵਲਾ ਅਤੇ ਹੋਰਾਂ ਵਿਰੁੱਧ ਲਗਾਏ ਗਏ ਗੰਭੀਰ ਦੋਸ਼ਾਂ ‘ਤੇ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐਸਜੀਪੀਸੀ ਲੀਡਰਸ਼ਿਪ, ਸੀਨੀਅਰ ਅਕਾਲੀ ਨੇਤਾਵਾਂ, ਕਾਂਗਰਸ ਨੇਤਾਵਾਂ ਅਤੇ ਭਾਜਪਾ ਨੇਤਾਵਾਂ ਦੀ ਲਗਾਤਾਰ ਚੁੱਪ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਅਕਾਲੀ ਨੇਤਾ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ, ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ, ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਦੇ ਸੀਨੀਅਰ ਨੇਤਾਵਾਂ ਦੀ ਚੁੱਪ ‘ਤੇ ਵੀ ਪ੍ਰਸ਼ਨ ਚੁੱਕੇ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, “ਬਹਿਰੀਨ ਤੋਂ ਆਈ ਇੱਕ ਔਰਤ ਦੀ ਸ਼ਿਕਾਇਤ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਇਹ ਮੁੱਦਾ ਹੁਣ ਕਈ ਦਿਨਾਂ ਤੋਂ ਚੱਲ ਰਿਹਾ ਹੈ। ਅਮਰਜੀਤ ਸਿੰਘ ਚਾਵਲਾ ਨੇ ਐਸਜੀਪੀਸੀ ਮੈਂਬਰਸ਼ਿਪ ਅਤੇ ਹੋਰ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਸਵਾਲ ਇਹ ਹੈ ਕਿ ਕੀ ਐਸਜੀਪੀਸੀ ਤੋਂ ਉਨ੍ਹਾਂ ਦਾ ਅਸਤੀਫਾ ਅਸਲ ਵਿੱਚ ਪ੍ਰਵਾਨ ਕੀਤਾ ਗਿਆ ਹੈ? ਅਮਰਜੀਤ ਸਿੰਘ ਚਾਵਲਾ ਖਿਲਾਫ ਆਨੰਦਪੁਰ ਸਾਹਿਬ ਥਾਣੇ ‘ਚ ਜਬਰ-ਜਨਾਹ, ਗੈਰ-ਕਾਨੂੰਨੀ ਢੰਗ ਨਾਲ ਬੰਧਕ ਬਣਾਉਣ ਅਤੇ ਅਪਰਾਧਿਕ ਧਮਕੀਆਂ ਦੇਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।”
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਸਿੱਧਾ ਸਵਾਲ ਚੁੱਕਦਿਆਂ ਬਲਤੇਜ ਪੰਨੂ ਨੇ ਕਿਹਾ, “ਸੁਖਬੀਰ ਸਿੰਘ ਬਾਦਲ ਅਜੇ ਵੀ ਚੁੱਪ ਕਿਉਂ ਹਨ? ਅਕਾਲੀ ਦਲ ਦੇ ਮੁੱਖ ਸਰਪ੍ਰਸਤ ਅੱਗੇ ਆ ਕੇ ਇਸ ਮੁੱਦੇ ‘ਤੇ ਕੁੱਝ ਬੋਲ ਕਿਉਂ ਨਹੀਂ ਰਹੇ?”
ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਸਵਾਲ ਚੁੱਕਦਿਆਂ ਬਲਤੇਜ ਪੰਨੂ ਨੇ ਪੁੱਛਿਆ ਕਿ ਐਸਜੀਪੀਸੀ ਨੇ ਉਸ ਤਤਪਰਤਾ ਨਾਲ ਕਾਰਵਾਈ ਕਿਉਂ ਨਹੀਂ ਕੀਤੀ ਜੋ ਅਜਿਹੇ ਮਾਮਲਿਆਂ ਵਿੱਚ ਜ਼ਰੂਰੀ ਮੰਨੀ ਜਾਂਦੀ ਹੈ। ਉਨ੍ਹਾਂ ਨੇ ਤਰਕ ਦਿੱਤਾ”ਕੇਸ ਵਿੱਚ ਨਾਮਜ਼ਦ ਵਿਅਕਤੀਆਂ ਬਾਰੇ ਸੰਗਤ ਨੂੰ ਜਾਣਕਾਰੀ ਦੇਣ ਵਾਲੇ ਬੋਰਡ ਗੁਰਦੁਆਰਿਆਂ ਦੇ ਬਾਹਰ ਕਿਉਂ ਨਹੀਂ ਲਗਾਏ ਗਏ? ਜੇਕਰ ਇਹ ਸੰਗਤ ਨੂੰ ਜਾਗਰੂਕ ਕਰਨ ਲਈ ਇੱਕ ਪ੍ਰਥਾ ਹੈ, ਤਾਂ ਇਸ ਨੂੰ ਲਾਗੂ ਕਰਨ ਵਿੱਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ,”
ਬਲਤੇਜ ਪੰਨੂ ਨੇ ਹਰਸਿਮਰਤ ਕੌਰ ਬਾਦਲ ‘ਤੇ ਵੀ ਸਵਾਲ ਚੁੱਕੇ ਅਤੇ ਪੁੱਛਿਆ ਕਿ ਪਹਿਲਾਂ ਪ੍ਰਦਰਸ਼ਨਾਂ ਦੌਰਾਨ ਔਰਤਾਂ ਨੂੰ ਨਾਲ ਲੈ ਕੇ ਜਾਣ ਵਾਲੀ ਹਰਸਿਮਰਤ ਹੁਣ ਕਿੱਥੇ ਹੈ? ਉਨ੍ਹਾਂ ਪੁੱਛਿਆ “ਉਹ ਔਰਤ ਸੁਰੱਖਿਆ ਦੀ ਮੰਗ ਨੂੰ ਲੈ ਕੇ ਵੱਖ-ਵੱਖ ਅਕਾਲੀ ਨੇਤਾਵਾਂ ਕੋਲ ਪਹੁੰਚੀ ਸੀ। ਉਸ ਨੂੰ ਸੁਰੱਖਿਆ ਦੇਣ ਦੀ ਬਜਾਏ ਐਫਆਈਆਰ ਦਰਜ ਕਰਵਾਉਣ ਲਈ ਕਿਉਂ ਕਿਹਾ ਗਿਆ? ਹਰਸਿਮਰਤ ਕੌਰ ਬਾਦਲ ਕਿੱਥੇ ਹਨ? ਉਹ ਔਰਤਾਂ ਨੂੰ ਨਾਲ ਲੈ ਕੇ ਅਮਰਜੀਤ ਸਿੰਘ ਚਾਵਲਾ ਅਤੇ ਮਲਕੀਤ ਸਿੰਘ ਦੇ ਘਰਾਂ ਦਾ ਘੇਰਾਓ ਕਦੋਂ ਕਰਨਗੇ? ਕੀ ਉਹ ਅਜਿਹਾ ਕਰਨਗੇ ਜਾਂ ਨਹੀਂ?”
ਬਲਤੇਜ ਪੰਨੂ ਨੇ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਦੇ ਵਤੀਰੇ ‘ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਜਿੱਥੇ ਜ਼ਿਆਦਾਤਰ ਬਾਦਲ ਲੀਡਰਸ਼ਿਪ ਚੁੱਪ ਹੈ, ਉੱਥੇ ਹੀ ਵਿਰਸਾ ਸਿੰਘ ਵਲਟੋਹਾ ਇਸ ਮਾਮਲੇ ‘ਚ ਸਾਹਮਣੇ ਆ ਕੇ ਔਰਤ ਬਾਰੇ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ “ਵਿਰਸਾ ਸਿੰਘ ਵਲਟੋਹਾ ਨੇ ਜਨਤਕ ਤੌਰ ‘ਤੇ ਅਮਰਜੀਤ ਸਿੰਘ ਚਾਵਲਾ ਦਾ ਬਚਾਅ ਕੀਤਾ ਸੀ ਅਤੇ ਬਹਿਰੀਨ ਦੀ ਔਰਤ ਨੂੰ ਪੰਜਾਬ ਲਿਆਉਣ ਵਿੱਚ ਆਪਣੀ ਭੂਮਿਕਾ ਬਾਰੇ ਉੱਠੇ ਸਵਾਲਾਂ ਨੂੰ ਖਾਰਜ ਕਰ ਦਿੱਤਾ ਸੀ। ਵਿਰਸਾ ਸਿੰਘ ਵਲਟੋਹਾ ਉਸ ਔਰਤ ਅਤੇ ਉਸਦੇ ਅਤੀਤ ਬਾਰੇ ਇੰਨਾ ਕੁਝ ਕਿਵੇਂ ਜਾਣਦੇ ਸਨ?”
ਬਲਤੇਜ ਪੰਨੂ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੋਂ ਵੀ ਜਵਾਬ ਮੰਗਿਆ ਕਿ ਅਕਾਲੀ ਲੀਡਰਸ਼ਿਪ ਇਸ ਗੱਲ ਦਾ ਜਵਾਬ ਦੇਵੇ ਕਿ ਔਰਤ ਪੰਜਾਬ ਕਿਵੇਂ ਆਈ ਅਤੇ ਮਹੀਨਿਆਂ ਬੱਧੀ ਸਰਾਏ ਵਿੱਚ ਕਿਵੇਂ ਰਹੀ।
ਕਾਂਗਰਸ ਵੱਲ ਰੁਖ਼ ਕਰਦਿਆਂ ਬਲਤੇਜ ਪੰਨੂ ਨੇ ਸਵਾਲ ਕੀਤਾ ਕਿ ਰਾਜਨੀਤਿਕ ਮੁੱਦਿਆਂ ‘ਤੇ ਅਕਸਰ ਬੋਲਣ ਵਾਲੇ ਨੇਤਾ ਇਸ ਮਾਮਲੇ ‘ਤੇ ਚੁੱਪ ਕਿਉਂ ਹਨ।
ਖਾਸ ਤੌਰ ‘ਤੇ ਸੁਖਪਾਲ ਸਿੰਘ ਖਹਿਰਾ ‘ਤੇ ਸਵਾਲ ਚੁੱਕਦਿਆਂ ਬਲਤੇਜ ਪੰਨੂ ਨੇ ਕਿਹਾ, “ਸੁਖਪਾਲ ਸਿੰਘ ਖਹਿਰਾ ਰੋਜ਼ਾਨਾ ਸਵੇਰੇ 6 ਵਜੇ ਉੱਠ ਕੇ ਸਰਕਾਰ ਨੂੰ ਗਾਲ੍ਹਾਂ ਕੱਢਣ, ਭਗਵੰਤ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬੁਰਾ-ਭਲਾ ਬੋਲਣ ਲੱਗ ਜਾਂਦੇ ਹਨ। ਸੁਖਪਾਲ ਖਹਿਰਾ ਦੀ ਟੀਮ ਹੁਣ ਕਿੱਥੇ ਗਈ? ਇੰਨੇ ਦਿਨ ਬੀਤ ਚੁੱਕੇ ਹਨ ਪਰ ਉਨ੍ਹਾਂ ਨੇ ਇਸ ਮੁੱਦੇ ‘ਤੇ ਇੱਕ ਵੀ ਸ਼ਬਦ ਨਹੀਂ ਬੋਲਿਆ।”
ਬਲਤੇਜ ਪੰਨੂ ਨੇ ਬਿਕਰਮ ਮਜੀਠੀਆ ‘ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਹਰ ਮੁੱਦੇ ਦੀ ਜਾਣਕਾਰੀ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਇਸ ਮਾਮਲੇ ‘ਚ ਚੁੱਪ ਕਿਉਂ ਹਨ। ਉਨ੍ਹਾਂ ਪੁੱਛਿਆ “ਬਿਕਰਮ ਮਜੀਠੀਆ ਕਿੱਥੇ ਹਨ? ਇੱਕ ਔਰਤ ਨਾਲ ਜੁੜੇ ਇਸ ਮਾਮਲੇ ਵਿੱਚ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਕੀ ਹੋਇਆ?”
ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਵੀ ਸਵਾਲ ਚੁੱਕੇ ਅਤੇ ਪੁੱਛਿਆ ਕਿ ਕੀ ਪੰਜਾਬ ‘ਚ ਵਾਪਰੀ ਅਤੇ ਇੱਕ ਔਰਤ ਨਾਲ ਜੁੜੀ ਇਹ ਘਟਨਾ ਉਨ੍ਹਾਂ ਲਈ ਬੋਲਣ ਜਿੰਨੀ ਗੰਭੀਰ ਨਹੀਂ ਹੈ? ਕੀ ਇਹ ਪੰਜਾਬ ਨਾਲ ਜੁੜਿਆ ਮੁੱਦਾ ਨਹੀਂ ਹੈ? ਕੀ ਇਹ ਘਟਨਾ ਪੰਜਾਬ ਵਿੱਚ ਨਹੀਂ ਵਾਪਰੀ? ਛੇ ਮਹੀਨਿਆਂ ਤੱਕ ਉਸ ਨਾਲ ਜੋ ਹੋਇਆ, ਕੀ ਉਹ ਗੰਭੀਰ ਮਾਮਲਾ ਨਹੀਂ ਹੈ?
ਬਲਤੇਜ ਪੰਨੂ ਨੇ ਭਾਜਪਾ ਲੀਡਰਸ਼ਿਪ ਦੀ ਚੁੱਪ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਪੁੱਛਿਆ ਕਿ ਇਸ ਵੇਲੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਕੱਢ ਰਹੇ ਭਾਜਪਾ ਨੇਤਾਵਾਂ ਨੇ ਇਸ ਮਾਮਲੇ ‘ਤੇ ਕੋਈ ਬਿਆਨ ਕਿਉਂ ਨਹੀਂ ਦਿੱਤਾ? ਉਨ੍ਹਾਂ ਨੇ ਖਾਸ ਤੌਰ ‘ਤੇ ਸੁਨੀਲ ਜਾਖੜ, ਮਨਪ੍ਰੀਤ ਸਿੰਘ ਬਾਦਲ ਅਤੇ ਭਾਜਪਾ ਦੇ ਹੋਰ ਸੀਨੀਅਰ ਨੇਤਾਵਾਂ ਤੋਂ ਸਵਾਲ ਕੀਤਾ। ਉਨ੍ਹਾਂ ਪੁਛਿਆ “ਕੀ ਤੁਸੀਂ ਇਸ ਮੁੱਦੇ ‘ਤੇ ਕਿਸੇ ਮੁੱਖ ਭਾਜਪਾ ਨੇਤਾ ਦਾ ਕੋਈ ਬਿਆਨ ਸੁਣਿਆ ਹੈ? ਭਾਜਪਾ ਚੁੱਪ ਕਿਉਂ ਹੈ? ਕੀ ਅਕਾਲੀ-ਭਾਜਪਾ ਵਿੱਚ ਪਹਿਲਾਂ ਹੀ ਕੋਈ ਸਮਝੌਤਾ ਹੋ ਚੁੱਕਾ ਹੈ, ਜਿਸ ਕਰਕੇ ਭਾਜਪਾ ਚੁੱਪ ਬੈਠੀ ਹੈ?”
ਬਲਤੇਜ ਪੰਨੂ ਨੇ ਕਿਹਾ, “ਬਾਦਲ ਪਰਿਵਾਰ ਦੀ ਚੁੱਪ ਉਨ੍ਹਾਂ ਦੇ ਸਿਆਸੀ ਨਜ਼ਰੀਏ ਤੋਂ ਸਮਝ ਆਉਂਦੀ ਹੈ, ਪਰ ਕਾਂਗਰਸ ਅਤੇ ਭਾਜਪਾ ਸਮੇਤ ਵਿਰੋਧੀ ਪਾਰਟੀਆਂ ਚੁੱਪ ਕਿਉਂ ਹਨ?”
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਤੇ ਦੁਨੀਆ ਭਰ ਦਾ ਪੰਜਾਬੀ ਤੇ ਸਿੱਖ ਭਾਈਚਾਰਾ ਤੱਕ ਰਿਹਾ ਹੈ ਕਿ ਇਹਨਾਂ ਨੇਤਾਵਾਂ ਦੀਆਂ ਆਵਾਜ਼ਾਂ ਕਿੱਥੇ ਗੁਆਚ ਗਈਆਂ ਹਨ। ਉਨ੍ਹਾਂ ਪੁੱਛਿਆ “ਕੀ ਉਨ੍ਹਾਂ ਦੀਆਂ ਆਵਾਜ਼ਾਂ ਸਿਰਫ਼ ਮੁੱਖ ਮੰਤਰੀ ‘ਤੇ ਹਮਲਾ ਕਰਨ ਲਈ ਹੀ ਹਨ? ਕੀ ਉਨ੍ਹਾਂ ਦੀਆਂ ਆਵਾਜ਼ਾਂ ਸਿਰਫ਼ ਸੀਐਮ ਭਗਵੰਤ ਸਿੰਘ ਮਾਨ ਦੇ ਪਰਿਵਾਰ ‘ਤੇ ਨਿਸ਼ਾਨਾ ਸਾਧਣ ਲਈ ਹੀ ਹਨ? ਅਸੀਂ ਰੋਜ਼ਾਨਾ ਮਾਨ ਸਾਹਿਬ ਵਿਰੁੱਧ ਉਨ੍ਹਾਂ ਦੀਆਂ ਪੋਸਟਾਂ ਅਤੇ ਬਿਆਨ ਦੇਖਦੇ ਤੇ ਪੜ੍ਹਦੇ ਹਾਂ। ਪਰ ਕੀ ਇਹ ਮਾਮਲਾ ਇੰਨਾ ਗੰਭੀਰ ਨਹੀਂ ਹੈ ਕਿ ਉਹ ਇਸ ‘ਤੇ ਬੋਲ ਵੀ ਸਕਣ?”
ਬਲਤੇਜ ਪੰਨੂ ਨੇ ਕਿਹਾ ਕਿ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਸਿਰਫ਼ ਅੱਖਾਂ ਬੰਦ ਕਰਕੇ ਇਹ ਨਾਟਕ ਨਹੀਂ ਕਰ ਸਕਦੀ ਕਿ ਇਹ ਮੁੱਦਾ ਮੌਜੂਦ ਹੀ ਨਹੀਂ ਹੈ। ਉਨ੍ਹਾਂ ਅੱਗੇ ਕਿਹਾ “ਉਹ ਮੰਨਦੇ ਹਨ ਕਿ ਜੇਕਰ ਉਨ੍ਹਾਂ ਨੇ ਇਸ ਮੁੱਦੇ ਨੂੰ ਨਹੀਂ ਦੇਖਿਆ ਜਾਂ ਇਸ ਬਾਰੇ ਕੁੱਝ ਨਹੀਂ ਕਿਹਾ, ਤਾਂ ਇਹ ਮੁੱਦਾ ਖ਼ਤਮ ਹੋ ਜਾਵੇਗਾ,”
ਬਲਤੇਜ ਪੰਨੂ ਨੇ ਮੰਗ ਕੀਤੀ ਕਿ ਜਦੋਂ ਵੀ ਇਹ ਨੇਤਾ ਪ੍ਰੈਸ ਕਾਨਫਰੰਸਾਂ ਵਿੱਚ ਆਉਣ, ਪੱਤਰਕਾਰਾਂ ਨੂੰ ਉਨ੍ਹਾਂ ਤੋਂ ਸਿੱਧੇ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਇਸ ਮੁੱਦੇ ‘ਤੇ ਉਨ੍ਹਾਂ ਦਾ ਪੱਖ ਮੰਗਣਾ ਚਾਹੀਦਾ ਹੈ। ਉਨ੍ਹਾਂ ਕਿਹਾ “ਉਨ੍ਹਾਂ ਨੂੰ ਫੋਨ ਕਰੋ ਅਤੇ ਪੁੱਛੋ ਕਿ ਉਨ੍ਹਾਂ ਦਾ ਕੀ ਕਹਿਣਾ ਹੈ ਅਤੇ ਉਹ ਕਦੋਂ ਸਾਹਮਣੇ ਆ ਕੇ ਬੋਲਣਗੇ,”
ਬਲਤੇਜ ਪੰਨੂ ਨੇ ਕਿਹਾ ਕਿ ਇਹ ਸਵਾਲ ਉਦੋਂ ਤੱਕ ਉੱਠਦੇ ਰਹਿਣਗੇ ਜਦੋਂ ਤੱਕ ਸੁਖਬੀਰ ਸਿੰਘ ਬਾਦਲ, ਹਰਜਿੰਦਰ ਸਿੰਘ ਧਾਮੀ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਸੁਖਪਾਲ ਸਿੰਘ ਖਹਿਰਾ, ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਨੇਤਾ ਸਾਹਮਣੇ ਆ ਕੇ ਇਨ੍ਹਾਂ ਦੇ ਜਵਾਬ ਨਹੀਂ ਦਿੰਦੇ।