ਚੰਡੀਗੜ੍ਹ / ਪ੍ਰਸ਼ਾਸਨਿਕ ਡੈਸਕ:- ਪੰਜਾਬ ਸਰਕਾਰ (Punjab Govt) ਵੱਲੋਂ ਸੂਬੇ ਦੀ ਕਾਨੂੰਨ ਵਿਵਸਥਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਆਈ.ਪੀ.ਐੱਸ. (IPS) ਅਧਿਕਾਰੀ ਗੌਰਵ ਯਾਦਵ ਨੂੰ ਪੰਜਾਬ ਦੇ ਨਿਯਮਤ (Regular) ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਵਜੋਂ ਨਿਯੁਕਤ ਕਰਨ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ।
ਕਈ ਸਮੇਂ ਤੋਂ ਕਾਰਜਕਾਰੀ DGP ਵਜੋਂ ਨਿਭਾ ਰਹੇ ਸਨ ਜ਼ਿੰਮੇਵਾਰੀ
1992 ਬੈਚ ਦੇ ਸੀਨੀਅਰ IPS ਅਧਿਕਾਰੀ ਗੌਰਵ ਯਾਦਵ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਪੁਲਿਸ ਦੇ ਕਾਰਜਕਾਰੀ (Officiating) ਡੀ.ਜੀ.ਪੀ. ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਨਸ਼ਾ ਵਿਰੋਧੀ ਮੁਹਿੰਮ, ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿੱਚ ਕਈ ਵੱਡੀਆਂ ਸਫ਼ਲਤਾਵਾਂ ਹਾਸਲ ਹੋਈਆਂ ਹਨ।
UPSC ਵੱਲੋਂ ਭੇਜੇ ਪੈਨਲ ਤੋਂ ਬਾਅਦ ਲਿਆ ਫੈਸਲਾ
ਸੰਘ ਲੋਕ ਸੇਵਾ ਆਯੋਗ (UPSC) ਵੱਲੋਂ ਪੰਜਾਬ ਦੇ ਸੀਨੀਅਰ IPS ਅਧਿਕਾਰੀਆਂ ਦੇ ਭੇਜੇ ਗਏ ਸ਼ਾਰਟਲਿਸਟ ਪੈਨਲ ‘ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਗੌਰਵ ਯਾਦਵ ਦੇ ਨਾਂ ‘ਤੇ ਆਪਣੀ ਸਹਿਮਤੀ ਜਤਾਈ ਹੈ। ਸਰਕਾਰੀ ਰਸਮੀ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਇਸ ਬਾਰੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।
ਪੁਲਿਸ ਪ੍ਰਸ਼ਾਸਨ ‘ਚ ਨਵੀਂ ਊਰਜਾ ਦੀ ਉਮੀਦ
ਸੂਬੇ ਦੇ ਪੁਲਿਸ ਮੁਖੀ ਵਜੋਂ ਗੌਰਵ ਯਾਦਵ ਦੀ ਨਿਯਮਤ ਨਿਯੁਕਤੀ ਨਾਲ ਪੁਲਿਸ ਵਿਭਾਗ ਵਿੱਚ ਸਥਿਰਤਾ ਆਵੇਗੀ। ਇਸ ਫੈਸਲੇ ਨਾਲ ਸੂਬੇ ਵਿੱਚ ਅਪਰਾਧ ਮੁਕਤ ਮਾਹੌਲ ਸਿਰਜਣ, ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਗੈਂਗਸਟਰਵਾਦ ਨੂੰ ਜੜ੍ਹੋਂ ਖ਼ਤਮ ਕਰਨ ਦੀਆਂ ਮੁਹਿੰਮਾਂ ਨੂੰ ਹੋਰ ਤੇਜ਼ੀ ਮਿਲੇਗੀ।