ਡਿਪਟੀ ਕਮਿਸ਼ਨਰ ਵੱਲੋਂ ਟੀ.ਬੀ. ਦੇ ਖਾਤਮੇ ਲਈ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਪੰਚਾਇਤਾਂ ਦਾ ਸਨਮਾਨ

Deputy Commissioner honours Panchayats for their commendable performance in eradicating TB
ਜਲੰਧਰ, 8 ਅਕਤੂਬਰ : ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ ‘ਟੀ.ਬੀ. ਮੁਕਤ ਭਾਰਤ ਅਭਿਆਨ’ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਟੀ.ਬੀ. ਦੇ ਖਾਤਮੇ ਲਈ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਉਣ ਵਾਲੀਆਂ 91 ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ।
 
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ 91 ਟੀ.ਬੀ. ਮੁਕਤ ਪੰਚਾਇਤਾਂ ਨੂੰ ਸਰਟੀਫਿਕੇਟ ਸੌਂਪੇ ਗਏ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਡਾ. ਰਾਜੇਸ਼ ਗਰਗ ਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਰੀਤੂ ਦਾਦਰਾ ਵੀ ਮੌਜੂਦ ਸਨ। 
 
ਅੱਜ ਸਨਮਾਨਿਤ ਹੋਏ 91 ਪਿੰਡਾਂ ਵਿੱਚੋਂ ਇਕ ਪਿੰਡ ਗੋਲਡ, 19 ਸਿਲਵਰ ਅਤੇ 71 ਪਿੰਡ ਬ੍ਰੌਂਜ਼ ਕੈਟਾਗਰੀ ਵਿੱਚ ਸ਼ਾਮਲ ਹਨ। ਬਲਾਕ ਕਾਲਾ ਬੱਕਰਾ ਅਧੀਨ ਆਉਂਦੇ ਪਿੰਡ ‘ਜੱਫਲ ਝੀਂਗੜ’ ਨੂੰ ਸਾਲ 2023, 2024 ਅਤੇ 2025 ਦੌਰਾਨ ਲਗਾਤਾਰ ਤਿੰਨ ਸਾਲ ਟੀ.ਬੀ. ਮੁਕਤ ਰਹਿਣ ’ਤੇ ਗੋਲਡ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਜਦਕਿ 19 ਪਿੰਡਾਂ ਨੂੰ ਲਗਾਤਾਰ ਦੋ ਸਾਲ ਟੀ.ਬੀ. ਮੁਕਤ ਰਹਿਣ ’ਤੇ ਸਿਲਵਰ ਅਤੇ ਪਹਿਲੇ ਸਾਲ ਟੀਬੀ ਮੁਕਤ ਹੋਣ ਦਾ ਟੀਚਾ ਹਾਸਲ ਕਰਨ ’ਤੇ 71 ਪਿੰਡਾਂ ਨੂੰ ਬ੍ਰੌਂਜ਼ ਸਰਟੀਫਿਕੇਟ ਦਿੱਤੇ ਗਏ। 
 
ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਸਨਮਾਨਿਤ ਹੋਈਆਂ ਸਮੂਹ ਪੰਚਾਇਤਾਂ, ਸਰਪੰਚਾਂ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪਿੰਡ ਜੱਫਲ ਝੀਂਗੜ ਵੱਲੋਂ ਗੋਲਡ ਕੈਟਾਗਰੀ ਹਾਸਲ ਕਰਨਾ, ਮਾਣ ਵਾਲੀ ਗੱਲ ਹੈ ਅਤੇ ਬਾਕੀ ਪਿੰਡਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। 
 
ਸਮਾਗਮ ਦੌਰਾਨ ਜ਼ਿਲ੍ਹੇ ਦੇ ਸਾਰੇ 9 ਬਲਾਕਾਂ ਵਿੱਚ ਜੋਸ਼ (ਜੁਆਇੰਟ ਸਕੁਐਡ ਫੋਰ ਹੈਲਥ) ਟੀਮਾਂ ਨੂੰ ਵੀ ਰਸਮੀ ਤੌਰ ‘ਤੇ ਰਵਾਨਾ ਕੀਤਾ ਗਿਆ। ਇਹ ਟੀਮਾਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਟੀ.ਬੀ. ਦੇ ਲੱਛਣਾਂ, ਇਸ ਦੇ ਫੈਲਾਅ ਅਤੇ ਰੋਕਥਾਮ ਬਾਰੇ ਵਿਸ਼ੇਸ਼ ਤੌਰ ‘ਤੇ ਜਾਗਰੂਕ ਕਰਨਗੀਆਂ ਤਾਂ ਜੋ ਕੋਈ ਵੀ ਮਰੀਜ਼ ਇਲਾਜ ਤੋਂ ਵਾਂਝਾ ਨਾ ਰਹੇ। ਹਰੇਕ ਟੀਮ ਵਿੱਚ ਇਕ ਨੋਡਲ ਅਫ਼ਸਰ, 5 ਐਨ.ਸੀ.ਸੀ. ਕੈਡਿਟ, 5 ਮਾਈ ਭਾਰਤ ਵਲੰਟੀਅਰ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ‘ਟੀ.ਬੀ. ਵਿਜੇਤਾਵਾਂ’ ਨੂੰ ਵੀ ਇਸ ਅਭਿਆਨ ਨਾਲ ਜੋੜਿਆ ਗਿਆ ਹੈ। 
 
ਸ਼੍ਰੀ ਵਾਲੀਆ ਨੇ ਜੋਸ਼ ਟੀਮਾਂ ਨੂੰ ਘਰ-ਘਰ ਜਾ ਲੋਕਾਂ ਨੂੰ ਜਾਗਰੂਕ ਕਰਨ ਅਤੇ ਟੀ.ਬੀ. ਖਿਲਾਫ਼ ਅਭਿਆਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। 
 
ਇਸ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ. ਦੀ ਮੁਫ਼ਤ ਜਾਂਚ ਅਤੇ ਪੂਰਾ ਇਲਾਜ ਉਪਲਬਧ ਹੈ। ਉਨ੍ਹਾਂ ਦੱਸਿਆ ਕਿ 91 ਪਿੰਡਾਂ ਨੂੰ ਟੀ.ਬੀ. ਮੁਕਤ ਬਣਾਉਣ ਵਿੱਚ ਸਰਪੰਚਾਂ, ਸਿਹਤ ਕਰਮਚਾਰੀਆਂ ਅਤੇ ਫੀਲਡ ਟੀਮਾਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ। 
 
ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਰੀਤੂ ਦਾਦਰਾ ਨੇ ਦੱਸਿਆ ਕਿ ਟੀ.ਬੀ. ਵਰਗੀ ਬੀਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਮੇਂ ਸਿਰ ਜਾਂਚ ਅਤੇ ਪੂਰਾ ਕੋਰਸ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਖੰਘ ਰਹਿੰਦੀ ਹੈ, ਤਾਂ ਤੁਰੰਤ ਡਾਕਟਰੀ ਜਾਂਚ ਕਰਵਾਈ ਜਾਵੇ। 
 
ਇਸ ਮੌਕੇ ਡਾ. ਰਘੂ ਸੱਭਰਵਾਲ, ਡਾ. ਮੋਹਿਤ ਚੰਦਰ, ਡਾ. ਵਿਵੇਕ ਬਰਮੋਤਰਾ, ਡਾ. ਜੋਤੀ ਬਾਲਾ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਡਿਪਟੀ ਐਮ.ਆਈ.ਆਈ.ਓ. ਰਵਿੰਦਰ ਜੱਸਲ, ਵੱਖ-ਵੱਖ ਪਿੰਡਾਂ ਦੇ ਸਰਪੰਚ, ਟੀ.ਬੀ. ਸਟਾਫ਼ ਅਮਿਤ, ਸੁਨੀਤਾ, ਨੀਲਮ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ/ਕਰਮਚਾਰੀ ਵੀ ਮੌਜੂਦ ਸਨ। 
ਹੋਰ ਖ਼ਬਰਾਂ :-  ਅੰਮ੍ਰਿਤਸਰ ਵਿੱਚ ਤੁਰਕੀ ਅਧਾਰਿਤ ਤਸਕਰ ਵੱਲੋਂ ਸਮਰਥਿਤ ਨਾਰਕੋ-ਹਵਾਲਾ ਕਾਰਟੈਲ ਦਾ ਪਰਦਾਫਾਸ਼

Leave a Reply

Your email address will not be published. Required fields are marked *