ਗੁਰਦਾਸਪੁਰ, 28 ਅਕਤੂਬਰ – ਸ਼ਰਨਜੀਤ ਸਿੰਘ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵੱਲੋਂ ਵਿਜੀਲੈਂਸ ਅਵੇਅਰਨੈੱਸ ਵੀਕ-2026 ਦੇ ਸਬੰਧ ਵਿੱਚ ਆਮ ਜਨਤਾ ਨੂੰ ਭ੍ਰਿਸ਼ਟਾਚਾਰ ਦੇ ਖ਼ਾਤਮੇ, ਇਮਾਨਦਾਰੀ, ਪਾਰਦਰਸ਼ਤਾ ਅਤੇ ਜਵਾਬਦੇਹੀ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਜਿਸ ਦੇ ਚੱਲਦਿਆਂ ਅੱਜ ਆਰ.ਟੀ. ਏ ਦਫਤਰ ਗੁਰਦਾਸਪੁਰ ਵਿਖੇ ਵਿਜੀਲੈਂਸ ਅਵੇਅਰਨੈੱਸ ਵੀਕ-2026 ਦੇ ਸਬੰਧ ਵਿੱਚ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਆਰ ਟੀ ਏ ਰੋਬਨਜੀਤ ਕੌਰ, ਸ਼ਰਨਜੀਤ ਸਿੰਘ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ, ਇੰਸਪੈਕਟਰ ਇੰਦਰਜੀਤ ਸਿੰਘ ਮੌਜੂਦ ਸਨ।
ਡੀ.ਐੱਸ.ਪੀ ਸ਼ਰਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਰੋਜ਼ਾਨਾ ਜੀਵਨ ਅਤੇ ਸਰਕਾਰੀ ਕੰਮਕਾਜ ਦੌਰਾਨ ਇਮਾਨਦਾਰੀ ਨੂੰ ਪਹਿਲ ਦੇਣ ਅਤੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਜ਼ਿੰਮੇਵਾਰੀ ਨਿਭਾਉਣ। ਕਿਸੇ ਵੀ ਸਰਕਾਰੀ ਕੰਮ ਨੂੰ ਕਰਵਾਉਣ ਲਈ ਜੇਕਰ ਕੋਈ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਗ਼ੈਰ-ਕਾਨੂੰਨੀ ਤੌਰ ਤੇ ਰਿਸ਼ਵਤ ਦੀ ਮੰਗ ਕਰਦਾ ਹੈ, ਤਾਂ ਲੋਕ ਚੁੱਪ ਰਹਿਣ ਦੀ ਬਜਾਏ ਇਸ ਸਬੰਧੀ ਸਮਰੱਥ ਵਿਜੀਲੈਂਸ ਅਧਿਕਾਰੀਆਂ ਨੂੰ ਸੂਚਿਤ ਕਰਨ।
ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਦਾ ਮਕਸਦ ਸਿਰਫ਼ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਕਰਨਾ ਹੀ ਨਹੀਂ, ਸਗੋਂ ਸਮਾਜ ਵਿੱਚ ਅਜਿਹਾ ਮਾਹੌਲ ਪੈਦਾ ਕਰਨਾ ਵੀ ਹੈ, ਜਿਸ ਵਿੱਚ ਇਮਾਨਦਾਰੀ, ਨਿਰਪੱਖਤਾ ਅਤੇ ਲੋਕ ਸੇਵਾ ਦੀ ਭਾਵਨਾ ਨੂੰ ਮਹੱਤਵ ਦਿੱਤਾ ਜਾਵੇ। ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਆਮ ਨਾਗਰਿਕਾਂ ਦੀ ਸਰਗਰਮ ਭੂਮਿਕਾ ਵੀ ਬਹੁਤ ਜ਼ਰੂਰੀ ਹੈ।
ਇਸ ਮੁਹਿੰਮ ਦੌਰਾਨ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਰਿਸ਼ਵਤ ਦੇਣਾ ਅਤੇ ਲੈਣਾ ਦੋਵੇਂ ਹੀ ਸਮਾਜ ਲਈ ਨੁਕਸਾਨਦੇਹ ਹਨ ਅਤੇ ਇਸ ਨਾਲ ਸਰਕਾਰੀ ਪ੍ਰਣਾਲੀ ਵਿੱਚ ਲੋਕਾਂ ਦਾ ਭਰੋਸਾ ਕਮਜ਼ੋਰ ਹੁੰਦਾ ਹੈ। ਇਸ ਲਈ ਹਰ ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਇਸ ਦੇ ਵਿਰੁੱਧ ਆਵਾਜ਼ ਬੁਲੰਦ ਕਰੇ ਅਤੇ ਕਾਨੂੰਨੀ ਤਰੀਕੇ ਨਾਲ ਆਪਣੀ ਸ਼ਿਕਾਇਤ ਦਰਜ ਕਰਵਾਏ। ਉਨ੍ਹਾਂ ਟੋਲ ਫਰੀ ਨੰਬਰ 1800 1800 1000 ਅਤੇ 9501200200 ਬਾਰੇ ਵੀ ਜਾਣਕਾਰੀ ਦਿੱਤੀ।
ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਭ੍ਰਿਸ਼ਟਾਚਾਰ-ਮੁਕਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਨੌਜਵਾਨ ਪੀੜ੍ਹੀ ਵਿੱਚ ਇਮਾਨਦਾਰੀ, ਨੈਤਿਕਤਾ ਅਤੇ ਜਨਤਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ।
ਦੱਸਣਯੋਗ ਹੈ ਕਿ ਵਿਜੀਲੈਂਸ ਬਿਓਰੋਂ ਰੇਂਜ ਅੰਮ੍ਰਿਤਸਰ ਇਮਾਨਦਾਰੀ ਨਾਲ ਖਸ਼ਹਾਲੀ”Probity for Prosperity” ਚੋਕਸੀ ਜਾਗਰੂਕਤਾ ਹਫਤਾ 26 ਅਕਤੂਬਰ ਤੋਂ 01 ਨਵੰਬਰ 2026 ਤੱਕ ਮਨਾਇਆ ਜਾ ਰਿਹਾ ਹੈ।