ਮਾਲੇਰਕੋਟਲਾ ਪੁਲਿਸ ਵੱਲੋਂ ਅੰਤਰ-ਜ਼ਿਲ੍ਹਾ ਚੇਨ ਸਨੈਚਿੰਗ ਗਿਰੋਹ ਦਾ ਪਰਦਾਫ਼ਾਸ਼: ਮੋਗਾ ਦੇ ਚਾਰ ਮੁਲਜ਼ਮ ਗ੍ਰਿਫ਼ਤਾਰ

Malerkotla Police busts inter-district chain snatching gang: Four accused from Moga arrested
ਮਾਲੇਰਕੋਟਲਾ, 16 ਨਵੰਬਰ 2026:  ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਮਾਲੇਰਕੋਟਲਾ ਪੁਲਿਸ ਨੇ ਧੂਰੀ ਰੋਡ ‘ਤੇ ਹੋਈ ਚੇਨ ਸਨੈਚਿੰਗ ਦੀ ਵਾਰਦਾਤ ਨੂੰ ਟਰੇਸ ਕਰਕੇ ਜ਼ਿਲ੍ਹਾ ਮੋਗਾ ਨਾਲ ਸਬੰਧਤ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀ.ਆਈ.ਏ. ਸਟਾਫ਼ ਮਾਹੋਰਾਣਾ ਦੀ ਟੀਮ ਨੇ ਵਾਰਦਾਤ ਵਿੱਚ ਵਰਤੀ ਗਈ ਸਵਿਫ਼ਟ ਡਿਜ਼ਾਇਰ ਕਾਰ, ਮੋਟਰਸਾਈਕਲ ਅਤੇ ਸੋਨੇ ਦਾ ਲਾਕਟ ਵੀ ਬਰਾਮਦ ਕਰ ਲਿਆ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਨਿਰਮਲ ਸਿੰਘ, ਵਾਸੀ ਰੌਲੀ, ਥਾਣਾ ਮਹਿਣਾ, ਮੋਗਾ; ਸੁਨੀਲ ਕੁਮਾਰ ਉਰਫ਼ ਸੰਨੀ, ਵਾਸੀ ਕੈਂਪ ਕੱਪੜਾ ਮਾਰਕੀਟ, ਮੋਗਾ; ਵਿਸ਼ਾਲ ਕੁਮਾਰ, ਵਾਸੀ ਰੇਗਰ ਬਸਤੀ, ਹਰੀਜਨ ਕਲੋਨੀ, ਮੋਗਾ; ਅਤੇ ਗੁਰਪ੍ਰੀਤ ਸਿੰਘ ਉਰਫ਼ ਕਾਕਾ, ਵਾਸੀ ਰੌਲੀ, ਥਾਣਾ ਮਹਿਣਾ, ਮੋਗਾ ਵਜੋਂ ਹੋਈ ਹੈ। ਪੰਜਵੇਂ ਮੁਲਜ਼ਮ ਵਿਕਰਮਜੀਤ ਸਿੰਘ ਉਰਫ਼ ਵਿੱਕੀ ਉਰਫ਼ ਬੰਗਲਾ, ਵਾਸੀ ਰੌਲੀ, ਨੂੰ ਇਸ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਪਤਾਨ ਪੁਲਿਸ (ਐੱਸ.ਐੱਸ.ਪੀ.) ਸ੍ਰੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਕਾਰਵਾਈ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ਼ ਮਾਹੋਰਾਣਾ ਦੀ ਟੀਮ ਵੱਲੋਂ ਅਮਲ ਵਿੱਚ ਲਿਆਂਦੀ ਗਈ। ਇਹ ਟੀਮ ਐੱਸ.ਪੀ. (ਇਨਵੈਸਟੀਗੇਸ਼ਨ) ਸ੍ਰੀ ਰਮਨਦੀਪ ਸਿੰਘ ਭੁੱਲਰ ਅਤੇ ਡੀ.ਐੱਸ.ਪੀ. (ਇਨਵੈਸਟੀਗੇਸ਼ਨ) ਸ੍ਰੀ ਦੀਪਇੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਸੀ।
ਉਨ੍ਹਾਂ ਦੱਸਿਆ ਕਿ 28.10.2026 ਨੂੰ ਹਰਪ੍ਰੀਤ ਕੌਰ ਦੀ ਸ਼ਿਕਾਇਤ ‘ਤੇ ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਬੀ.ਐੱਨ.ਐੱਸ. ਦੀਆਂ ਧਾਰਾਵਾਂ 304(2) ਅਤੇ 61(2) ਤਹਿਤ ਮੁਕੱਦਮਾ ਨੰਬਰ 270 ਦਰਜ ਕੀਤਾ ਗਿਆ ਸੀ, ਜਿਨ੍ਹਾਂ ਦੀ ਸੋਨੇ ਦੀ ਚੇਨ ਧੂਰੀ ਰੋਡ ‘ਤੇ ਗਊਸ਼ਾਲਾ ਨੇੜਿਓਂ ਝਪਟ ਲਈ ਗਈ ਸੀ। ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਪੁਲਿਸ ਟੀਮਾਂ ਨੇ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ, ਤਕਨੀਕੀ ਵਿਸ਼ਲੇਸ਼ਣ ਕੀਤਾ ਅਤੇ ਮੁਖਬਰੀ ਦੇ ਸਰੋਤਾਂ ਨੂੰ ਸਰਗਰਮ ਰੱਖਿਆ। 12.11.2026 ਨੂੰ ਏ.ਐੱਸ.ਆਈ. ਗੁਰਸ਼ਰਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਪੱਕੀ ਸੂਚਨਾ ਮਿਲੀ ਕਿ ਝਪਟਮਾਰਾਂ ਨੇ ਮੋਟਰਸਾਈਕਲ ਅਤੇ ਸਵਿਫ਼ਟ ਡਿਜ਼ਾਇਰ ਕਾਰ ਨੰਬਰ PB29-AF9943 ਦੀ ਵਰਤੋਂ ਕੀਤੀ ਸੀ ਅਤੇ ਮੁਲਜ਼ਮ ਨਿਰਮਲ ਸਿੰਘ ਹਾਲੇ ਵੀ ਉਸੇ ਕਾਰ ਵਿੱਚ ਘੁੰਮ ਰਿਹਾ ਹੈ ਅਤੇ ਉਸ ਨੂੰ ਮਾਲੇਰਕੋਟਲਾ-ਸੰਗਰੂਰ ਰੋਡ ‘ਤੇ ਰੋਕਿਆ ਜਾ ਸਕਦਾ ਹੈ। ਇਸ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਕਾਰ ਨੂੰ ਰੋਕ ਕੇ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਨਿਰਮਲ ਸਿੰਘ ਨੇ ਆਪਣੇ ਸਾਥੀਆਂ ਦੇ ਨਾਂ ਦੱਸੇ, ਜਿਸ ਤੋਂ ਬਾਅਦ ਸੁਨੀਲ ਕੁਮਾਰ, ਵਿਸ਼ਾਲ ਕੁਮਾਰ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। 15.11.2026 ਨੂੰ ਨਿਰਮਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਝਪਟੀ ਹੋਈ ਚੇਨ ਉਸ ਅਤੇ ਵਿਕਰਮਜੀਤ ਸਿੰਘ ਵਿਚਕਾਰ ਵੰਡੀ ਗਈ ਸੀ ਅਤੇ ਲਾਕਟ ਉਸ ਕੋਲ ਹੈ। ਉਸ ਦੇ ਖ਼ੁਲਾਸੇ (ਬੀ.ਐੱਸ.ਏ. ਦੀ ਧਾਰਾ 23) ਦੇ ਆਧਾਰ ‘ਤੇ ਪੁਲਿਸ ਨੇ ਮੋਗਾ ਦੀ ਐਪੈਕਸ ਕਲੋਨੀ ਵਿਖੇ ਉਸ ਦੇ ਕਿਰਾਏ ਦੇ ਮਕਾਨ ਵਿੱਚੋਂ ਸੋਨੇ ਦਾ ਲਾਕਟ ਬਰਾਮਦ ਕੀਤਾ। ਗੁਰਪ੍ਰੀਤ ਸਿੰਘ ਉਰਫ਼ ਕਾਕਾ ਨੇ ਦੱਸਿਆ ਕਿ ਵਾਰਦਾਤ ਦੌਰਾਨ ਮੋਟਰਸਾਈਕਲ ਦਾ ਪੈਟਰੋਲ ਖ਼ਤਮ ਹੋ ਗਿਆ ਸੀ, ਜਿਸ ਨੂੰ ਉਸ ਨੇ ਮੋਗਾ ਦੇ ਜਗਰਾਉਂ ਰੋਡ ‘ਤੇ ਸਥਿਤ ਪ੍ਰੀਤ ਢਾਬੇ ‘ਤੇ ਛੱਡ ਦਿੱਤਾ ਸੀ। ਮੋਟਰਸਾਈਕਲ ਉੱਥੋਂ ਬਰਾਮਦ ਕਰ ਲਿਆ ਗਿਆ।
ਸਾਰੇ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਅਗਲੇਰੀ ਪੁੱਛਗਿੱਛ ਜਾਰੀ ਹੈ। ਵਿਕਰਮਜੀਤ ਸਿੰਘ ਦੀ ਗ੍ਰਿਫ਼ਤਾਰੀ ਅਤੇ ਚੇਨ ਦੇ ਬਾਕੀ ਹਿੱਸੇ ਦੀ ਬਰਾਮਦਗੀ ਲਈ ਯਤਨ ਜਾਰੀ ਹਨ ਅਤੇ ਹੋਰ ਬਰਾਮਦਗੀਆਂ ਦੀ ਸੰਭਾਵਨਾ ਹੈ।
ਐੱਸ.ਐੱਸ.ਪੀ. ਖੱਖ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਮਾਲੇਰਕੋਟਲਾ ਪੁਲਿਸ ਦੀ ਸਰਵਉੱਚ ਤਰਜੀਹ ਹੈ ਅਤੇ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਇੱਥੇ ਜੁਰਮ ਕਰਨ ਵਾਲਿਆਂ ਨੂੰ ਲੱਭ ਕੇ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਪਰਾਧਿਕ ਗਤੀਵਿਧੀ ਬਾਰੇ ਜਾਣਕਾਰੀ ਨੇੜਲੇ ਪੁਲਿਸ ਥਾਣੇ ਜਾਂ ਹੈਲਪਲਾਈਨ ਨੰਬਰ 112 ‘ਤੇ ਸਾਂਝੀ ਕਰਨ। 
ਹੋਰ ਖ਼ਬਰਾਂ :-  ‘ਯੁੱਧ ਨਸ਼ਿਆਂ ਵਿਰੁਧ" ਮੁਹਿੰਮ 361ਵੇਂ ਦਿਨ : 5 ਕਿਲੋ ਹੈਰੋਇਨ, 175 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 27520 ਰੁਪਏ ਦੀ ਡਰੱਗ ਮਨੀ ਬਰਾਮਦ

Leave a Reply

Your email address will not be published. Required fields are marked *