ਫ਼ਰੀਦਕੋਟ, 16 ਨਵੰਬਰ- ਮੇਰਾ ਯੁਵਾ ਭਾਰਤ ਫ਼ਰੀਦਕੋਟ (ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ) ਵੱਲੋਂ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਵਿਕਸਿਤ ਭਾਰਤ ਯੂਥ ਪਾਰਲੀਮੈਂਟ 2026-27 ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸਦੇ ਤਹਿਤ “ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ” ਵਿਸ਼ੇ ’ਤੇ ਭਾਸ਼ਣ ਮੁਕਾਬਲੇ ਅਤੇ ਪਾਵਰ ਪੁਆਇੰਟ ਪ੍ਰੈਸੈਂਟੇਸ਼ਨ ਮੁਕਾਬਲੇ ਕਰਵਾਏ ਗਏ।
ਇਸ ਸਮਾਗਮ ਦਾ ਆਯੋਜਨ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਦੇ ਸਹਿਯੋਗ ਸਦਕਾ ਜ਼ਿਲ੍ਹਾ ਯੁਵਾ ਅਧਿਕਾਰੀ ਸ਼੍ਰੀਮਤੀ ਵੀਰਦੀਪ ਕੌਰ ਸੰਧੂ ਦੀ ਅਗਵਾਈ ਹੇਠ ਸੀਨੀਅਰ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਅਫ਼ਸਰ ਸ. ਮਨਜੀਤ ਸਿੰਘ ਭੁੱਲਰ ਦੀ ਦੇਖ-ਰੇਖ ਹੇਠ ਸੰਪੰਨ ਹੋਇਆ। ਇਸ ਮੌਕੇ ਵੱਖ-ਵੱਖ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਅਤੇ ਦੇਸ਼ ਦੇ ਵਿਕਾਸ ਵਿੱਚ ਨੌਜਵਾਨਾਂ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਸਮਾਗਮ ਦੌਰਾਨ ਵੱਖ-ਵੱਖ ਮੁਕਾਬਲਿਆਂ ਦੀ ਜੱਜਮੈਂਟ ਪ੍ਰਿੰਸੀਪਲ ਸਮਰਾਟ ਖੰਨਾ (ਯੂਨੀਵਰਸਿਟੀ ਕਾਲਜ, ਜੈਤੋ), ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦੇ ਪ੍ਰੋ. ਬੀਰਇੰਦਰਜੀਤ ਸਿੰਘ ਤੇ ਪ੍ਰੋ. ਕਰਮਜੀਤ ਸਿੰਘ, ਜ਼ਿਲ੍ਹਾ ਗਾਈਡੈਂਸ ਤੇ ਕਾਊਂਸਲਰ ਸ਼੍ਰੀ ਜਸਬੀਰ ਸਿੰਘ ਜੱਸੀ ਅਤੇ ਸ਼੍ਰੀਮਤੀ ਰਿਪੁਦਮਨ ਕੌਰ ਨੇ ਸ਼ਾਨਦਾਰ ਅਤੇ ਸੁੱਚਜੇ ਢੰਗ ਨਾਲ ਨਿਭਾਈ । ਪ੍ਰਿੰ. ਸਮਰਾਟ ਖੰਨਾ ਅਤੇ ਸ਼੍ਰੀ ਜਸਬੀਰ ਸਿੰਘ ਜੱਸੀ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਯੁਵਾ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਭਾਸ਼ਣ ਮੁਕਾਬਲੇ ਦੇ ਨਿਯਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਵੇਰ ਦੇ ਸੈਸ਼ਨ ਦੌਰਾਨ ਭਾਸ਼ਣ ਮੁਕਾਬਲੇ ਦੇ ਨਤੀਜਿਆਂ ਅਨੁਸਾਰ ਪਹਿਲਾ ਸਥਾਨ ਦੀਆ ਸ਼ਰਮਾ, ਦੂਜਾ ਸਥਾਨ ਡਾ. ਭਾਵਿਆ ਜੋਸ਼ੀ ਅਤੇ ਤੀਜਾ ਸਥਾਨ ਅਮਨੀਸ਼ ਸਿੰਘ ਨੇ ਪ੍ਰਾਪਤ ਕੀਤਾ। ਸ਼ਾਮ ਦੇ ਸੈਸ਼ਨ ਦੌਰਾਨ ਪਾਵਰ ਪੁਆਇੰਟ ਪ੍ਰੈਸੈਂਟੇਸ਼ਨ ਚੈਲੇਂਜ ਮੁਕਾਬਲੇ ਵਿੱਚ ਪਹਿਲਾ ਸਥਾਨ ਅਮਨਪ੍ਰੀਤ ਕੌਰ, ਦੂਜਾ ਸਥਾਨ ਮਨਮੋਹਨਜੀਤ ਕੌਰ, ਤੀਜਾ ਸਥਾਨ ਲਵਪ੍ਰੀਤ ਸਿੰਘ ਤੋਂ ਇਲਾਵਾ ਸਾਕਸ਼ੀ, ਡਾ. ਈਸ਼ਾ ਗੁਪਤਾ ਤੇ ਪ੍ਰਣਵ ਸ਼ਰਮਾ ਨੇ ਵਿਸ਼ੇਸ਼ ਸਥਾਨ ਹਾਸਲ ਕੀਤਾ।
ਪ੍ਰੋਗਰਾਮ ਦਾ ਮੰਚ ਸੰਚਾਲਨ ਸ੍ਰੀ ਮਨਜੀਤ ਸਿੰਘ ਭੁੱਲਰ, ਅਕਾਊਂਟੈਂਟ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਅਫ਼ਸਰ ਵੱਲੋਂ ਬਾਖੂਬੀ ਕੀਤਾ ਗਿਆ। ਅੰਤ ਵਿੱਚ ਜ਼ਿਲ੍ਹਾ ਯੁਵਾ ਅਧਿਕਾਰੀ ਸ੍ਰੀਮਤੀ ਵੀਰਦੀਪ ਕੌਰ ਸੰਧੂ ਨੇ ਸਾਰੇ ਨਿਰਣਾਇਕਾਂ, ਭਾਗੀਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਨੌਜਵਾਨਾਂ ਨੂੰ ਨਸ਼ਾ ਮੁਕਤ ਭਾਰਤ ਦੀ ਸਿਰਜਣਾ ਵਿੱਚ ਸਰਗਰਮ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਇਸ ਸਮਾਗਮ ਦੌਰਾਨ ਕਰਵਾਏ ਗਏ ਮੁਕਾਬਲਿਆਂ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਅਧਿਆਪਕਾਂ ਤੋਂ ਇਲਾਵਾ ਵਿਦਿਆਰਥੀਆਂ ਹਾਜ਼ਰ ਸਨ।