ਮਾਨ ਸਰਕਾਰ ਵੱਲੋਂ ਪਸ਼ੂ ਸਿਹਤ ਸੰਭਾਲ ਲਈ ਵੱਡਾ ਕਦਮ: 625 ਵੈਟਰਨਰੀ ਅਫ਼ਸਰ ਕੀਤੇ ਭਰਤੀ: ਗੁਰਮੀਤ ਸਿੰਘ ਖੁੱਡੀਆਂ

Mann government takes big step for animal health care: 625 veterinary officers recruited: Gurmeet Singh Khudian

ਚੰਡੀਗੜ੍ਹ, 19 ਨਵੰਬਰ: ਪਸ਼ੂ ਸਿਹਤ ਸੰਭਾਲ ਅਤੇ ਪੇਂਡੂ ਆਰਥਿਕਤਾ ਦੇ ਧੁਰੇ ਨੂੰ ਮਜ਼ਬੂਤ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਤਹਿਤ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਤਿੰਨ ਨਵੇਂ ਭਰਤੀ ਹੋਏ ਵੈਟਰਨਰੀ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਰਤੀ ਕੀਤੇ ਗਏ ਵੈਟਰਨਰੀ ਅਫ਼ਸਰਾਂ ਦੀ ਕੁੱਲ ਗਿਣਤੀ 625 ਹੋ ਗਈ ਹੈ।

ਸੂਬਾ ਸਰਕਾਰ ਵੱਲੋਂ ਪੇਂਡੂ ਆਰਥਿਕਤਾ ਨੂੰ ਦਿੱਤੀ ਜਾ ਰਹੀ ਤਰਜੀਹ ਦਾ ਜ਼ਿਕਰ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਵਿਭਾਗ ਨੇ ਪਿਛਲੇ ਚਾਰ ਸਾਲਾਂ ਦੌਰਾਨ ਵੱਡੀ ਅਤੇ ਬਹੁ-ਪੱਧਰੀ ਭਰਤੀ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿ੍ਆ ਹੈ। 625 ਵੈਟਰਨਰੀ ਅਫ਼ਸਰਾਂ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਵਿੱਚ 579 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਕਰ ਕੇ ਸੂਬੇ ਭਰ ਵਿੱਚ ਪਸ਼ੂ ਸਿਹਤ ਸੰਭਾਲ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਭਾਗ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਕਈ ਅਹਿਮ ਪ੍ਰਸ਼ਾਸਕੀ, ਤਕਨੀਕੀ ਅਤੇ ਸਹਾਇਕ ਅਹੁਦਿਆਂ ’ਤੇ ਵੀ ਭਰਤੀ ਕੀਤੀ ਗਈ ਹੈ। ਸੂਬੇ ਨੇ ਮੁੱਖ ਦਫ਼ਤਰ ਵਿੱਚ ਕਲਰਕਾਂ ਦੀਆਂ 17 ਅਸਾਮੀਆਂ, 2 ਮਿਲਕ ਰਿਕਾਰਡਰ, 7 ਲੈਬ ਸਹਾਇਕ, 7 ਕੰਪਿਊਟਰ/ਇੰਨੂਮੀਰੇਟਰ /ਪੰਚਰ, 1 ਮਸ਼ੀਨ ਆਪਰੇਟਰ, 1 ਇਨਕਿਊਬੇਟਰ ਆਪਰੇਟਰ, 2 ਲੀਗਲ ਕਲਰਕ ਅਤੇ 8 ਸਟੈਨੋਟਾਈਪਿਸਟਾਂ ਵੀ ਭਰਤੀ ਕੀਤੇ ਹਨ।

ਹੋਰ ਖ਼ਬਰਾਂ :-  ਯੁੱਧ ਨਸ਼ਿਆਂ ਵਿਰੁੱਧ: ਬਰਨਾਲਾ ਵਿੱਚ ਢਾਹਿਆ ਗਿਆ ਨਾਜਾਇਜ਼ ਢਾਂਚਾ

ਨਵੇਂ ਭਰਤੀ ਹੋਏ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਸ. ਖੁੱਡੀਆਂ ਨੇ ਉਨ੍ਹਾਂ ਨੂੰ ਕਿਸਾਨਾਂ ਨੂੰ ਪੂਰੀ ਲਗਨ, ਪੇਸ਼ੇਵਰਾਨਾ ਢੰਗ ਅਤੇ ਸੁਹਿਰਦਤਾ ਨਾਲ ਸੇਵਾ ਦੇਣ ਲਈ ਕਿਹਾ। ਉਨ੍ਹਾਂ ਨੇ ਸਾਰੀਆਂ ਖਾਲੀ ਅਸਾਮੀਆਂ ਭਰਨ ਲਈ ਮਾਨ ਸਰਕਾਰ ਦੀ ਵਚਨਬੱਧਤਾ ਦੁਹਰਾਈ ਤਾਂ ਜੋ ਪੰਜਾਬ ਦਾ ਕੋਈ ਵੀ ਕਿਸਾਨ ਸਮੇਂ ਸਿਰ ਪਸ਼ੂ ਡਾਕਟਰੀ ਸਹੂਲਤਾਂ ਤੋਂ ਵਾਂਝਾ ਨਾ ਰਹੇ।

ਉਨ੍ਹਾਂ ਕਿਹਾ, ‘‘ਪਸ਼ੂ ਧਨ ਪੰਜਾਬ ਦੀ ਪੇਂਡੂ ਖੁਸ਼ਹਾਲੀ ਦੀ ਰੀੜ੍ਹ ਦੀ ਹੱਡੀ ਹੈ। ਸੈਂਕੜੇ ਵੈਟਰਨਰੀ ਅਫ਼ਸਰਾਂ ਅਤੇ ਇੰਸਪੈਕਟਰਾਂ ਦੇ ਨਾਲ-ਨਾਲ ਅਹਿਮ ਪ੍ਰਸ਼ਾਸਕੀ ਅਮਲੇ ਦੀ ਭਰਤੀ ਕਰਕੇ ਅਸੀਂ ਜ਼ਮੀਨੀ ਪੱਧਰ ਤੱਕ ਮਜ਼ਬੂਤ ਵਿਭਾਗੀ ਨੈੱਟਵਰਕ ਤਿਆਰ ਕਰ ਰਹੇ ਹਾਂ।’’

ਉਨ੍ਹਾਂ ਕਿਹਾ ਕਿ ਇਸ ਵੱਡੀ ਸ਼ਮੂਲੀਅਤ ਨਾਲ ਪਸ਼ੂਆਂ ਵਾਸਤੇ ਡਾਕਟਰੀ  ਸੇਵਾਵਾਂ ਹੋਰ ਮਜ਼ਬੂਤ ਹੋਣਗੀਆਂ, ਡੇਅਰੀ ਉਤਪਾਦਕਤਾ ਨੂੰ ਹੁਲਾਰਾ ਮਿਲੇਗਾ ਅਤੇ ਕਿਸਾਨ ਭਾਈਚਾਰੇ ਨੂੰ ਸਿੱਧਾ ਸਹਿਯੋਗ ਮਿਲੇਗਾ।

ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਪਰਮਦੀਪ ਸਿੰਘ ਵਾਲੀਆ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

Leave a Reply

Your email address will not be published. Required fields are marked *