ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸ੍ਰੀ ਮੁਕਤਸਰ ਸਾਹਿਬ-ਫ਼ਿਰੋਜ਼ਪੁਰ ਰੋਡ ‘ਤੇ ਪਿੰਡ ਲੁਬਾਣਿਆਵਾਲੀ ਨੇੜੇ ਮੁਕਾਬਲੇ ਦੌਰਾਨ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਕਾਰਵਾਈ ਦੇਰ ਰਾਤ ਭਾਰੀ ਬਰਸਾਤ ਦਰਮਿਆਨ ਕੀਤੀ ਗਈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਰੁਪਾਣਾ ਵਿੱਚ ਸਥਿਤ ਇੱਕ ਮਿੱਲ ਦੇ ਠੇਕੇਦਾਰ ਤੋਂ ਫੋਨ ’ਤੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ।
ਫਿਰੌਤੀ ਮੰਗਣ ਵਾਲਿਆਂ ਨੇ ਆਪਣੀ ਪਛਾਣ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੱਸੀ। ਇਸ ਸਬੰਧੀ ਠੇਕੇਦਾਰ ਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਪੁਲੀਸ ਨੇ ਮੁਦਈ ਨਾਲ ਗੱਲ ਕਰਕੇ ਉਕਤ ਵਿਅਕਤੀਆਂ ਨੂੰ ਕਾਬੂ ਕਰਨ ਦੀ ਯੋਜਨਾ ਬਣਾਈ। ਫਿਰੌਤੀ ਮੰਗਣ ਵਾਲਿਆਂ ਨਾਲ 15 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ।
ਜਦੋਂ ਫਿਰੌਤੀ ਮੰਗਣ ਵਾਲਿਆਂ ਨੇ ਮੁਦਈ ਨੂੰ ਪੈਸਿਆਂ ਲਈ ਪਿੰਡ ਲੁਬਾਣਿਆਵਾਲੀ ਕੋਲ ਬੁਲਾਇਆ ਤਾਂ ਪਹਿਲਾਂ ਤੋਂ ਬਣਾਈ ਯੋਜਨਾ ਅਨੁਸਾਰ ਪੁਲੀਸ ਟੀਮ ਮੁਦਈ ਸਮੇਤ ਉਥੇ ਪਹੁੰਚ ਗਈ।
ਮੋਟਰਸਾਈਕਲ ‘ਤੇ ਤਿੰਨ ਵਿਅਕਤੀ ਪੈਸੇ ਲੈਣ ਆਏ ਅਤੇ ਪੈਸੇ ਇਕੱਠੇ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੁਲਸ ਨੇ ਉਨ੍ਹਾਂ ਨੂੰ ਘੇਰ ਲਿਆ ਹੈ ਤਾਂ ਉਨ੍ਹਾਂ ‘ਚੋਂ ਇਕ ਨੇ ਪੁਲਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲੀਸ ਪਾਰਟੀ ਨੇ ਗੋਲੀ ਚਲਾ ਦਿੱਤੀ ਅਤੇ ਉਨ੍ਹਾਂ ਦਾ ਇੱਕ ਹੋਰ ਸਾਥੀ ਸੁਖਮੰਦਰ ਸਿੰਘ ਗੋਲੀ ਲੱਗਣ ਕਾਰਨ ਜ਼ਮੀਨ ’ਤੇ ਡਿੱਗ ਗਿਆ।
ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੁਖਮੰਦਰ ਸਿੰਘ ਦੇ ਦੋ ਹੋਰ ਸਾਥੀ ਲਖਵੀਰ ਸਿੰਘ ਅਤੇ ਸਰਵਣ ਸਿੰਘ ਨੂੰ ਵੀ ਕਾਬੂ ਕਰ ਲਿਆ, ਜੋ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ। ਐਨਕਾਊਂਟਰ ਤੋਂ ਬਾਅਦ ਐਸ.ਐਸ.ਪੀ ਤੁਸ਼ਾਰ ਗੁਪਤਾ ਮੌਕੇ ‘ਤੇ ਪਹੁੰਚੇ।