ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਸਟੇਟ ਐਗਮਾਰਕ ਲੈਬ ਫ਼ਰੀਦਕੋਟ ਵਿਖੇ ਆਧੁਨਿਕ ਕਿਸਾਨ ਸਿਖਲਾਈ ਹਾਲ ਦਾ ਨੀਂਹ ਪੱਥਰ ਰੱਖਿਆ

Agriculture Minister S. Gurmeet Singh Khudian laid the foundation stone of a modern farmer training hall at State Agmark Lab Faridkot

ਫ਼ਰੀਦਕੋਟ, 24 ਅਕਤੂਬਰ-      ਸਟੇਟ ਐਗਮਾਰਕ ਲੈਬ ਫ਼ਰੀਦਕੋਟ ਵਿਖੇ ‘ਮੁੱਲ-ਵਾਧਾ ਸੇਵਾਵਾਂ ਰਾਹੀਂ ਹੁਨਰ ਵਿਕਾਸ, ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਅਤੇ ਮੰਡੀ ਪ੍ਰਣਾਲੀ ਦੀ ਕਾਰਜਕੁਸ਼ਲਤਾ’ ਪ੍ਰਾਜੈਕਟ ਅਧੀਨ ਬਣਾਏ ਜਾਣ ਵਾਲੇ ਆਧੁਨਿਕ ਕਿਸਾਨ ਸਿਖਲਾਈ ਹਾਲ ਦਾ ਨੀਂਹ ਪੱਥਰ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਰੱਖਿਆ ਗਿਆ। ਇਸ ਦੇ ਨਾਲ ਹੀ ਮੰਤਰੀ ਵੱਲੋਂ ਫ਼ਰੀਦਕੋਟ ਵਿਖੇ ਭੋਂ ਪਰਖ ਪ੍ਰਯੋਗਸ਼ਾਲਾ ਦੇ ਨਵੀਨੀਕਰਨ ਅਤੇ ਇੱਕ ਨਵੇਂ ਹਾਲ ਦੀ ਉਸਾਰੀ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਕਿਸਾਨਾਂ ਨੂੰ ਆਧੁਨਿਕ ਸਿਖਲਾਈ ਸਹੂਲਤਾਂ, ਮਿੱਟੀ ਦੀ ਸਿਹਤ ਬਾਰੇ ਵਿਗਿਆਨਕ ਜਾਣਕਾਰੀ ਅਤੇ ਖੇਤੀ ਉਤਪਾਦਾਂ ਦਾ ਵਧੇਰੇ ਮੁੱਲ ਪ੍ਰਾਪਤ ਕਰਨ ਲਈ ਲੋੜੀਂਦਾ ਮਾਰਗਦਰਸ਼ਨ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਫ਼ਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਹ ਸਮਾਗਮ ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਡਾ. ਗੁਰਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਕਰਵਾਇਆ ਗਿਆ।

ਇਸ ਮੌਕੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ, ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਖੇਤੀ ਉਪਜ ਦਾ ਵਧੇਰੇ ਮੁੱਲ ਪ੍ਰਾਪਤ ਕਰਨ ਲਈ ਸਿਖਲਾਈ ਦੇਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਮੁੱਲ-ਵਾਧੇ ਵਾਲੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਿਰਫ਼ ਉਤਪਾਦਨ ਤੱਕ ਸੀਮਤ ਰਹਿਣ ਦੀ ਬਜਾਏ ਉਤਪਾਦਾਂ ਦੀ ਗੁਣਵੱਤਾ, ਸਹੀ ਸੰਭਾਲ ਅਤੇ ਮੰਡੀਕਰਨ ਬਾਰੇ ਵੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ, ਤਾਂ ਜੋ ਉਹ ਆਪਣੀ ਉਪਜ ਦਾ ਵਧੇਰੇ ਮੁੱਲ ਪ੍ਰਾਪਤ ਕਰ ਸਕਣ।

ਉਨ੍ਹਾਂ ਦੱਸਿਆ ਕਿ ਸਟੇਟ ਐਗਮਾਰਕ ਲੈਬ ਦੀ ਦੂਜੀ ਮੰਜ਼ਿਲ ’ਤੇ ਬਣਨ ਵਾਲਾ ਸਿਖਲਾਈ ਹਾਲ ਆਧੁਨਿਕ ਸਹੂਲਤਾਂ, ਜਿਵੇਂ ਪ੍ਰੋਜੈਕਟਰ, ਆਵਾਜ਼ ਪ੍ਰਣਾਲੀ ਅਤੇ ਡਿਜੀਟਲ ਪਰਦਿਆਂ ਨਾਲ ਲੈਸ ਹੋਵੇਗਾ। ਇਸ ਨਾਲ ਵਿਭਾਗੀ ਅਧਿਕਾਰੀਆਂ, ਕਰਮਚਾਰੀਆਂ ਅਤੇ ਸਿਖਿਆਰਥੀਆਂ ਲਈ ਸਿਖਲਾਈ ਪ੍ਰੋਗਰਾਮਾਂ, ਕਾਰਜਸ਼ਾਲਾਵਾਂ ਅਤੇ ਵਿਚਾਰ-ਚਰਚਾਵਾਂ ਦਾ ਆਯੋਜਨ ਸੁਚੱਜੇ ਢੰਗ ਨਾਲ ਕੀਤਾ ਜਾ ਸਕੇਗਾ। ਇਸ ਹਾਲ ਵਿੱਚ ਇੱਕ ਸਮੇਂ 100 ਵਿਅਕਤੀਆਂ ਨੂੰ ਸਿਖਲਾਈ ਦੇਣ ਦੀ ਸਮਰੱਥਾ ਹੋਵੇਗੀ ਅਤੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਖੇਤੀਬਾੜੀ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਉਹ ਇਹ ਗਿਆਨ ਆਪਣੇ ਮਾਪਿਆਂ ਅਤੇ ਹੋਰ ਕਿਸਾਨਾਂ ਨਾਲ ਸਾਂਝਾ ਕਰ ਸਕਣ।

ਮੰਤਰੀ ਸ. ਖੁੱਡੀਆਂ ਨੇ ਦੱਸਿਆ ਕਿ ਸਿਖਲਾਈ ਪ੍ਰੋਗਰਾਮਾਂ ਰਾਹੀਂ ਫ਼ਸਲਾਂ ਦੀਆਂ ਬਿਮਾਰੀਆਂ ਦੀ ਪਛਾਣ, ਖਾਦਾਂ ਦੀ ਸੁਚੱਜੀ ਵਰਤੋਂ ਅਤੇ ਖੇਤੀਬਾੜੀ ਨਾਲ ਸਬੰਧਤ ਹੋਰ ਅਹਿਮ ਜਾਣਕਾਰੀ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਸਥਾਪਿਤ ਕੀਤੀਆਂ ਗਈਆਂ ਦੋ ਪ੍ਰਯੋਗਸ਼ਾਲਾਵਾਂ ਕਿਸਾਨਾਂ ਅਤੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਣਗੀਆਂ ਅਤੇ ਇਨ੍ਹਾਂ ’ਤੇ ਕਰੀਬ ਸਵਾ ਦੋ ਕਰੋੜ ਰੁਪਏ ਖਰਚ ਕੀਤੇ ਜਾਣਗੇ।

ਉਹਨਾਂ ਕਿਹਾ ਕਿ ਲੰਮੇ ਸਮੇਂ ਤੋਂ ਖੇਤੀਬਾੜੀ ਵਿੱਚ ਰਸਾਇਣਕ ਖਾਦਾਂ ਦੀ ਅਸੰਤੁਲਿਤ ਵਰਤੋਂ ਕਾਰਨ ਮਿੱਟੀ ਦੀ ਗੁਣਵੱਤਾ ਅਤੇ ਕੁਦਰਤੀ ਸੰਤੁਲਨ ’ਤੇ ਅਸਰ ਪੈ ਸਕਦਾ ਹੈ। ਇਸ ਲਈ ਮਿੱਟੀ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਭੋਂ ਪਰਖ ਪ੍ਰਯੋਗਸ਼ਾਲਾ ਰਾਹੀਂ ਸਾਲਾਨਾ ਲਗਭਗ 10 ਹਜ਼ਾਰ ਮਿੱਟੀ ਦੇ ਨਮੂਨਿਆਂ ਦੀ ਜਾਂਚ ਕਰਨ ਦਾ ਟੀਚਾ ਹੈ। ਇਸ ਨਾਲ ਕਿਸਾਨਾਂ ਨੂੰ ਪਤਾ ਲੱਗ ਸਕੇਗਾ ਕਿ ਉਨ੍ਹਾਂ ਦੀ ਜ਼ਮੀਨ ਵਿੱਚ ਕਿਹੜੇ ਪੌਸ਼ਟਿਕ ਤੱਤਾਂ ਦੀ ਘਾਟ ਹੈ ਅਤੇ ਕਿਹੜੇ ਤੱਤ ਲੋੜ ਤੋਂ ਵੱਧ ਮੌਜੂਦ ਹਨ। ਇਸ ਜਾਣਕਾਰੀ ਦੇ ਆਧਾਰ ’ਤੇ ਕਿਸਾਨ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰਕੇ ਖੇਤੀ ਖਰਚ ਘਟਾ ਸਕਣਗੇ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖ ਸਕਣਗੇ।

ਹੋਰ ਖ਼ਬਰਾਂ :-  ਗੈਂਗਸਟਰਾਂ 'ਤੇ ਵਾਰ ਦਾ 223ਵਾਂ ਦਿਨ: ਪੰਜਾਬ ਪੁਲਿਸ ਵੱਲੋਂ 639 ਥਾਈਂ ਛਾਪੇਮਾਰੀ; 422 ਕਾਬੂ

ਉਨ੍ਹਾਂ ਕਿਹਾ ਕਿ ਭੋਂ ਪਰਖ ਪ੍ਰਯੋਗਸ਼ਾਲਾ ਦੇ ਨਵੀਨੀਕਰਨ ਅਤੇ ਨਵੇਂ ਹਾਲ ਦੀ ਉਸਾਰੀ ਨਾਲ ਮਿੱਟੀ ਦੀ ਜਾਂਚ ਸਬੰਧੀ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪ੍ਰਯੋਗਸ਼ਾਲਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਖੇਤੀਬਾੜੀ ਵਿਭਾਗ ਦੀ ਸਲਾਹ ਅਨੁਸਾਰ ਖੇਤੀ ਕਰਨ।

ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਿਖਲਾਈ ਅਤੇ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਨਾਲ ਕਿਸਾਨਾਂ ਅਤੇ ਵਿਭਾਗੀ ਅਮਲੇ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਖੇਤੀਬਾੜੀ ਤੇ ਮੰਡੀਕਰਨ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦ ਮਿਲੇਗੀ।

ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਡਾ. ਗੁਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਿਖਲਾਈ ਹਾਲ ਦਾ ਨਿਰਮਾਣ ਜਲਦ ਮੁਕੰਮਲ ਕਰਨ ਦਾ ਟੀਚਾ ਹੈ, ਤਾਂ ਜੋ ਇਸ ਨੂੰ ਲੋਕ ਸੇਵਾ ਲਈ ਸਮਰਪਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਹੂਲਤ ਨਾਲ ਖੇਤੀਬਾੜੀ ਅਤੇ ਮੰਡੀਕਰਨ ਖੇਤਰ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਵੀਆਂ ਤਕਨੀਕਾਂ, ਗੁਣਵੱਤਾ ਮਾਪਦੰਡਾਂ ਅਤੇ ਵਿਭਾਗੀ ਕਾਰਜਪ੍ਰਣਾਲੀ ਸਬੰਧੀ ਜਾਣਕਾਰੀ ਦੇਣ ਵਿੱਚ ਮਦਦ ਮਿਲੇਗੀ। ਇਸ ਦੇ ਨਾਲ ਹੀ ਕਿਸਾਨਾਂ ਨੂੰ ਆਪਣੀ ਉਪਜ ਦਾ ਵਧੇਰੇ ਮੁੱਲ ਹਾਸਲ ਕਰਨ ਅਤੇ ਸਵੈ-ਰੁਜ਼ਗਾਰ ਤੇ ਉੱਦਮਸ਼ੀਲਤਾ ਦੇ ਮੌਕਿਆਂ ਬਾਰੇ ਜਾਗਰੂਕ ਕਰਨ ਲਈ ਵੀ ਇਹ ਉਪਰਾਲਾ ਲਾਹੇਵੰਦ ਸਾਬਤ ਹੋਵੇਗਾ।

ਇਸ ਮੌਕੇ ਸਹਾਇਕ ਮੰਡੀਕਰਨ ਅਫ਼ਸਰ, ਜ਼ਿਲ੍ਹਾ ਫ਼ਰੀਦਕੋਟ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ, ਡਾ. ਗੁਰਪ੍ਰੀਤ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਹੋਏ ਮਹਿਮਾਨਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਧੁਨਿਕ ਸਿਖਲਾਈ ਹਾਲ ਦਾ ਨਿਰਮਾਣ ਵਿਭਾਗੀ ਕਾਰਜਕੁਸ਼ਲਤਾ ਵਧਾਉਣ ਅਤੇ ਨਵੀਆਂ ਤਕਨੀਕਾਂ ਸਬੰਧੀ ਗਿਆਨ ਸਾਂਝਾ ਕਰਨ ਲਈ ਮਹੱਤਵਪੂਰਨ ਸਾਬਤ ਹੋਵੇਗਾ। ਉਨ੍ਹਾਂ ਇਸ ਪ੍ਰਾਜੈਕਟ ਨੂੰ ਸਾਕਾਰ ਕਰਨ ਵਿੱਚ ਸਹਿਯੋਗ ਦੇਣ ਵਾਲੇ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਨੇ ਐਗਮਾਰਕ ਲੈਬ ਦੇ ਸਮੂਹ ਅਧਿਕਾਰੀਆਂ ਨੂੰ ਇਸ ਪਹਿਲਕਦਮੀ ਲਈ ਵਧਾਈ ਦਿੱਤੀ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਸ. ਅਮਨਦੀਪ ਸਿੰਘ ਬਾਬਾ, ਨਗਰ ਕੌਂਸਲ ਦੇ ਪ੍ਰਧਾਨ ਸ. ਬਲਜਿੰਦਰ ਸਿੰਘ, ਸਹਾਇਕ ਡਾਇਰੈਕਟਰ ਪਸ਼ੂ ਪਾਲਣ, ਡਾ. ਸੁਰਜੀਤ ਸਿੰਘ ਮੱਲ, ਸ. ਅਮਰਜੀਤ ਸਿੰਘ ਪਰਮਾਰ, ਬਲਾਕ ਸੰਮਤੀ ਦੇ ਚੇਅਰਮੈਨ ਸ. ਸਰਬਜੀਤ ਸਿੰਘ ਬਰਾੜ ਅਤੇ ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਡਾ. ਅਮਨਦੀਪ ਕੇਸ਼ਵ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਵਿੱਚ ਡਾ. ਮਨਿੰਦਰ ਸਿੰਘ ਸੰਧੂ, ਡਾ. ਕਰੁਣਾ, ਡਾ. ਜਸ਼ਨਪ੍ਰੀਤ ਕੌਰ, ਡਾ. ਪਰਮਪਾਲ ਸਿੰਘ, ਡਾ. ਵਿਕਰਮਜੀਤ ਸਿੰਘ, ਮੈਡਮ ਸਿਮਰਤਪਾਲ ਕੌਰ, ਡਾ. ਮਨਪ੍ਰੀਤ ਸਿੰਘ ਅਤੇ ਡਾ. ਗੁਰਿੰਦਰ ਛਾਬੜਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। 

Leave a Reply

Your email address will not be published. Required fields are marked *