ਬਾਦਲ ਪਰਿਵਾਰ ਨੇ ਆਪਣੇ ਨਿੱਜੀ ਲਾਭਾਂ ਲਈ ਪੰਜਾਬ ਦੇ ਲੋਕਾਂ ਦੇ ਕਰੋੜਾਂ ਰੁਪਏ ਲੁੱਟੇ: ਮੁੱਖ ਮੰਤਰੀ, ਪੰਜਾਬ

BADAL FAMILY LOOTED CRORES FROM PEOPLE OF PUNJAB FOR PERSONAL BENEFITS: CM PUNJAB

ਆਪਣੇ ਨਿੱਜੀ ਲਾਭਾਂ ਲਈ ਸੂਬੇ ਦੇ ਕਰੋੜਾਂ ਰੁਪਏ ਲੁੱਟਣ ਵਾਲੇ ਬਾਦਲ ਪਰਿਵਾਰ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਸੁੱਖ ਵਿਲਾਸ ਹੋਟਲ ਦੇ ਨਿਰਮਾਣ ਲਈ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੇ ਪੱਖ ਵਿੱਚ ਨਿਯਮਾਂ ਨੂੰ ਤੋੜਿਆ-ਮਰੋੜਿਆ।

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ 2009 ਵਿੱਚ ਈਕੋ-ਟੂਰਿਜ਼ਮ ਨੀਤੀ ਲਿਆਂਦੀ, ਜਿਸ ਦਾ ਇਕੋ-ਇਕ ਉਦੇਸ਼ ਇਸ ਰਿਜ਼ੌਰਟ ਦੇ ਨਿਰਮਾਣ ਵਿੱਚ ਮਦਦ ਕਰਨਾ ਸੀ। ਉਨ੍ਹਾਂ ਕਿਹਾ ਕਿ ਇਹ ਕਿੰਨੇ ਅਚੰਭੇ ਵਾਲੀ ਗੱਲ ਹੈ ਕਿ ਇਕ ਪੋਲਟਰੀ ਫਾਰਮ ਨੂੰ ਇਕ ਰਿਜ਼ੌਰਟ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਟੈਕਸਾਂ ਦੇ ਰੂਪ ਵਿੱਚ ਇਸ ਰਿਜ਼ੌਰਟ ਦੇ 108 ਕਰੋੜ ਰੁਪਏ ਮੁਆਫ਼ ਕਰ ਕੇ ਸੂਬੇ ਦੇ ਖ਼ਜ਼ਾਨੇ ਨੂੰ ਰਗੜਾ ਲਾਇਆ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿੰਡ ਪੱਲਣਪੁਰ ਵਿੱਚ ਬਣੇ ਇਸ ਰਿਜ਼ੌਰਟ ਦਾ ਅਸਲ ਨਾਮ ਮੈਟਰੋ ਈਕੋ ਗਰੀਨ ਰਿਜ਼ੌਰਟ ਹੈ, ਜਿਸ ਨੂੰ ਬਾਅਦ ਵਿੱਚ ਸੁੱਖ ਵਿਲਾਸ ਦਾ ਨਾਮ ਦਿੱਤਾ ਗਿਆ। ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਇਹ ਸੁੱਖ ਵਿਲਾਸ ਅਸਲ ਵਿੱਚ ਪੰਜਾਬ ਲਈ ਦੁੱਖ ਵਿਲਾਸ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮਾਰਚ 2009 ਵਿੱਚ 7.20 ਏਕੜ ਜ਼ਮੀਨ ਨੂੰ ਪੀ.ਐਲ.ਪੀ.ਏ. ਐਕਟ ਤੋਂ ਛੋਟ ਦਿੱਤੀ ਗਈ ਅਤੇ ਇਸ ਤਹਿਤ ਸਿਰਫ਼ ਦੋ ਕੰਪਨੀਆਂ ਨੂੰ ਮਨਜ਼ੂਰੀ ਮਿਲੀ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਆਪਣੀਆਂ ਦੋ ਕੰਪਨੀਆਂ ਦੇ ਨਾਮ ਉਤੇ 21 ਏਕੜ ਜ਼ਮੀਨ ਖ਼ਰੀਦੀ, ਜਿਹੜੀ ਬਾਅਦ ਵਿੱਚ ਆਪਣੀ ਹੀ ਇਕ ਹੋਰ ਕੰਪਨੀ ਨੂੰ ਤਬਦੀਲ ਕਰ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕੰਪਨੀ ਦੇ ਜ਼ਿਆਦਾਤਰ ਸ਼ੇਅਰਾਂ 1,83,225 ਦਾ ਮਾਲਕ ਸੁਖਬੀਰ ਸਿੰਘ ਬਾਦਲ ਹੈ, ਜਦੋਂ ਕਿ ਹਰਸਿਮਰਤ ਬਾਦਲ ਤੇ ਡੱਬਵਾਲੀ ਟਰਾਂਸਪੋਰਟ ਕੰਪਨੀ ਦੇ ਨਾਮ ਉਤੇ ਵੀ ਇਸ ਕੰਪਨੀ ਵਿੱਚ ਕਾਫ਼ੀ ਸ਼ੇਅਰ ਹਨ।

ਮੁੱਖ ਮੰਤਰੀ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਰਿਜ਼ੌਰਟ ਦਾ 10 ਸਾਲਾਂ ਲਈ ਐਸ.ਜੀ.ਐਸ.ਟੀ. ਤੇ ਵੈਟ ਦਾ 75-75 ਫੀਸਦੀ ਹਿੱਸਾ ਮੁਆਫ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਹਿਤ ਐਸ.ਜੀ.ਐਸ.ਟੀ. ਤੇ ਵੈਟ ਦੇ ਕੁੱਲ 85 ਕਰੋੜ ਰੁਪਏ ਮੁਆਫ਼ ਕੀਤੇ ਗਏ। ਇਸ ਤੋਂ ਇਲਾਵਾ 10 ਸਾਲਾਂ ਲਈ 100 ਫੀਸਦੀ ਇਲੈਕਟ੍ਰੀਸਿਟੀ ਡਿਊਟੀ ਵੀ ਮੁਆਫ਼ ਕੀਤੀ ਗਈ, ਜੋ 11.44 ਕਰੋੜ ਰੁਪਏ ਬਣਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹੀ ਨਹੀਂ ਇਸ ਰਿਜ਼ੌਰਟ ਦਾ 11 ਕਰੋੜ ਰੁਪਏ ਦਾ ਲਗਜ਼ਰੀ ਟੈਕਸ ਤੇ ਲਾਇਸੈਂਸ ਫੀਸ ਵੀ ਮੁਆਫ਼ ਕੀਤਾ ਗਿਆ, ਜਿਸ ਨਾਲ ਸੂਬੇ ਦੇ ਖ਼ਜ਼ਾਨੇ ਨੂੰ ਵੱਡਾ ਰਗੜਾ ਲੱਗਿਆ।

ਹੋਰ ਖ਼ਬਰਾਂ :-  ਮੁੱਖ ਮੰਤਰੀ ਨੇ ਸੂਬੇ ’ਚ ਵਿਦੇਸ਼ੀ ਨਿਵੇਸ਼ ਲਈ ਡਿਪਲੋਮੈਟਾਂ ਨਾਲ ਕੀਤੀਆਂ ਮੈਰਾਥਨ ਮੁਲਾਕਾਤਾਂ

ਮੁੱਖ ਮੰਤਰੀ ਨੇ ਕਿਹਾ ਕਿ ਇਸ ਰਿਜ਼ੌਰਟ ਲਈ ਟੈਕਸਾਂ ਦੇ ਰੂਪ ਵਿੱਚ 108.73 ਕਰੋੜ ਰੁਪਏ ਮੁਆਫ਼ ਕੀਤੇ ਗਏ ਅਤੇ ਇਹ ਸਾਰਾ ਪੈਸਾ ਬਾਦਲਾਂ ਦੇ ਨਿੱਜੀ ਹਿੱਤਾਂ ਲਈ ਵਰਤਿਆ ਗਿਆ। ਉਨ੍ਹਾਂ ਕਿਹਾ ਕਿ ਇਸ ਪੈਸੇ ਦੀ ਵਰਤੋਂ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੀ ਜਾ ਸਕਦੀ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਵੀ ਮੰਦਭਾਗੀਂ ਗੱਲ ਹੈ ਕਿ 2009 ਵਿੱਚ ਲਿਆਂਦੀ ਇਸ ਨੀਤੀ ਦਾ ਲਾਭ ਕਿਸੇ ਹੋਰ ਕੰਪਨੀ ਨੂੰ ਨਹੀਂ ਦਿੱਤਾ ਗਿਆ, ਸਗੋਂ ਇਸ ਦੀ ਵਰਤੋਂ ਬਾਦਲਾਂ ਨੇ ਸਿਰਫ਼ ਆਪਣੀ ਨਿੱਜੀ ਮੁਫ਼ਾਦ ਲਈ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਸੁੱਖ ਵਿਲਾਸ ਨੂੰ ਜਾਂਦੀ ਸੜਕ ਦਾ ਨਿਰਮਾਣ ਵੀ ਗਮਾਡਾ ਵੱਲੋਂ ਕਰਦਾਤਾਵਾਂ ਦੇ ਪੈਸੇ ਨਾਲ ਕੀਤਾ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਰਿਜ਼ੌਰਟ ਲਈ ਜੰਗਲਾਤ ਦੇ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕੀਤਾ ਗਿਆ, ਜਦੋਂ ਕਿ ਇਹ ਰਿਜ਼ੌਰਟ ਆਪਣੇ ਇਕ ਕਮਰੇ ਦਾ ਚਾਰ ਤੋਂ ਪੰਜ ਲੱਖ ਰੁਪਿਆ ਕਿਰਾਇਆ ਵਸੂਲਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਰਿਜ਼ੌਰਟ ਦਾ 11 ਮਈ 2015 ਤੋਂ 10 ਮਈ 2025 ਤੱਕ ਦੇ ਸਮੇਂ ਦਾ ਟੈਕਸ ਮੁਆਫ਼ ਕੀਤਾ ਗਿਆ। ਉਨ੍ਹਾਂ ਹੋਰ ਦੱਸਿਆ ਕਿ ਇਸ ਰਿਜ਼ੌਰਟ ਦੀ ਮਾਲਕ ਕੰਪਨੀ ਵਿੱਚ ਹਰਸਿਮਰਤ ਕੌਰ ਬਾਦਲ ਦੇ ਨਾਮ ਉਤੇ 81,500 ਸ਼ੇਅਰ ਤੇ ਬਾਦਲਾਂ ਦੀ ਹੀ ਮਾਲਕੀ ਵਾਲੀ ਡੱਬਵਾਲੀ ਟਰਾਂਸਪੋਰਟ ਕੰਪਨੀ ਦੇ ਨਾਮ ਉਤੇ 5350 ਸ਼ੇਅਰ ਹਨ। ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸੂਬੇ ਦੇ ਖ਼ਜ਼ਾਨੇ ਦੇ ਇਕ-ਇਕ ਪੈਸੇ ਦੀ ਵਸੂਲੀ ਕੀਤੀ ਜਾਵੇਗੀ ਅਤੇ ਇਸ ਸਬੰਧੀ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀ ਵਿਸਤਾਰ ਨਾਲ ਜਾਂਚ ਚੱਲ ਰਹੀ ਹੈ ਕਿ ਇਸ ਰਿਜ਼ੌਰਟ ਦੇ ਨਿਰਮਾਣ ਲਈ ਕਿਹੜੇ ਕਾਨੂੰਨਾਂ ਦੀ ਵਰਤੋਂ ਜਾਂ ਕਿਹੜੇ ਕਾਨੂੰਨਾਂ ਨੂੰ ਤੋੜਿਆ-ਮਰੋੜਿਆ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਰਦਾਤਾਵਾਂ ਦੇ ਇਕ-ਇਕ ਪੈਸੇ ਦੀ ਰਿਕਵਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਅਜਿਹੇ ਪਰਿਵਾਰ ਤੋਂ ਬਚਾਅ ਰਹੇ ਹਨ, ਜਿਹੜਾ ਪੰਜਾਬ ਬਚਾਓ ਯਾਤਰਾ ਵਰਗੇ ਢਕਵੰਜ ਰਚ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਆਗੂਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਇਨ੍ਹਾਂ ਦੇ ਹੱਥ ਪੰਜਾਬੀਆਂ ਦੇ ਖ਼ੂਨ ਨਾਲ ਰੰਗੇ ਹੋਏ ਹਨ।

dailytweetnews.com

Leave a Reply

Your email address will not be published. Required fields are marked *