ਨਵੀਂ ਦਿੱਲੀ, 4 ਨਵੰਬਰ 2025: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਨਿਰੰਕਾਰ ਰੂਪ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿਤਰ ਮੌਕੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ਾਨ ਨਾਲ ਗੁਰਦੁਆਰਾ ਸੀਸ ਗੰਜ ਸਾਹਿਬ ਜੀ ਤੋਂ ਆਰੰਭ ਹੋਇਆ।
ਇਹ ਨਗਰ ਕੀਰਤਨ ਯਾਤਰਾ ਗੁਰਬਾਣੀ ਦੇ ਸੁਰਾਂ ਅਤੇ “ਸਤਿਨਾਮ ਵਾਹਿਗੁਰੂ” ਦੇ ਗੂੰਜਦੇ ਜੈਕਾਰਿਆਂ ਨਾਲ ਭਗਤੀਮਈ ਮਾਹੌਲ ਵਿੱਚ ਵੱਖ-ਵੱਖ ਇਲਾਕਿਆਂ ਵਿਚੋਂ ਗੁਜ਼ਰਦੀ ਹੋਈ ਗੁਰਦੁਆਰਾ ਨਾਨਕ ਪਿਆਉ ਸਾਹਿਬ ਜੀ ਵਿਖੇ ਸਫਲਤਾਪੂਰਵਕ ਸਮਾਪਤ ਹੋਈ। ਸੰਗਤਾਂ ਨੇ ਭਰਪੂਰ ਸ਼ਰਧਾ ਅਤੇ ਉਤਸ਼ਾਹ ਨਾਲ ਹਿਸਾ ਲੈ ਕੇ ਗੁਰੂ ਨਾਨਕ ਨਾਮ ਲੇਵਾ ਕੌਮ ਦੀ ਏਕਤਾ ਅਤੇ ਭਾਵਨਾ ਦਾ ਪ੍ਰਤੀਕ ਦਰਸਾਇਆ।
ਇਸ ਮੌਕੇ ‘ਤੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਮੂਹ ਸਿੱਖ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ – ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ – ਸਾਡੇ ਜੀਵਨ ਦਾ ਆਧਾਰ ਬਣਨਾ ਚਾਹੀਦੇ ਹਨ।
ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਸਿਧਾਂਤਾਂ ‘ਤੇ ਚੱਲਣ ਅਤੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਨਾਲ ਹੀ ਅਸਲੀ ਖੁਸ਼ਹਾਲੀ ਪ੍ਰਾਪਤ ਕੀਤੀ ਜਾ ਸਕਦੀ ਹੈ।ਸਰਦਾਰ ਕਾਲਕਾ ਨੇ ਬੇਨਤੀ ਕੀਤੀ ਕਿ ਸਾਰੇ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਆਉਣ ਵਾਲੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੱਚੇ ਅਰਥਾਂ ਨੂੰ ਜੀਵਨ ਵਿੱਚ ਉਤਾਰਣ ਦੀ ਕਿਰਪਾਲਤਾ ਕਰਨ।