ਲੁਧਿਆਣਾ, 25 ਨਵੰਬਰ (000)- ਦਫ਼ਤਰ ਬਾਗਬਾਨੀ, ਲੁਧਿਆਣਾ ਦੇ ਡਿਪਟੀ ਡਾਇਰੈਕਟਰ ਡਾ. ਦਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਗਬਾਨੀ, ਸੰਤਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਮੋਹਿੰਦਰ ਭਗਤ ਆਗਾਮੀ 27 ਨਵੰਬਰ 2026 ਨੂੰ ਬਾਗਬਾਨੀ ਵਿਕਾਸ ਕੇਂਦਰ, ਲਾਢੋਵਾਲ ਵਿਖੇ ਵਿਸ਼ੇਸ਼ ਦੌਰਾ ਕਰਨਗੇ।
ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਸ੍ਰੀ ਭਗਤ ਵੱਲੋਂ ਆਪਣੇ ਦੌਰੇ ਦੌਰਾਨ ਹਾਈਟੈਕ ਨਰਸਰੀਆਂ ਦਾ ਉਦਘਾਟਨ ਕੀਤਾ ਜਾਣਾ ਹੈ ਅਤੇ ਨਵ-ਨਿਰਮਾਣ ਹੋਣ ਵਾਲੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਹਾਈਟੈਕ ਨਰਸਰੀਆਂ ਦੀ ਸਥਾਪਨਾ ਨਾਲ ਕਿਸਾਨਾਂ ਨੂੰ ਉੱਨਤ ਕਿਸਮ ਦੇ, ਸਿਹਤਮੰਦ ਅਤੇ ਬਿਮਾਰੀ ਰਹਿਤ ਪੌਦੇ ਸਥਾਨਕ ਪੱਧਰ ’ਤੇ ਹੀ ਉਪਲੱਬਧ ਹੋ ਸਕਣਗੇ। ਇਸ ਨਾਲ ਕਿਸਾਨਾਂ ਦਾ ਖਰਚਾ ਘਟੇਗਾ ਅਤੇ ਆਮਦਨ ਵਧੇਗੀ।
ਉਨ੍ਹਾਂ ਕਿਹਾ ਕਿ ਬਾਗਬਾਨੀ ਹੀ ਆਉਣ ਵਾਲੇ ਸਮੇਂ ਦੀ ਖੇਤੀ ਹੈ। ਕਿਸਾਨ ਫਲਾਂ, ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਅਪਣਾ ਕੇ ਆਪਣੀ ਆਮਦਨ ਦੁੱਗਣੀ ਕਰ ਸਕਦੇ ਹਨ।