ਹਲਕੀਆਂ ਜ਼ਮੀਨਾਂ ਵਿੱਚ ਬਿਜਾਈ ਕੀਤੀ ਝੋਨੇ ਦੀ ਪਨੀਰੀ ਵਿੱਚ ਲੋਹੇ ਦੀ ਘਾਟ ਦੀ ਪੂਰਤੀ ਲਈ ਕੇਵਲ ਛਿੜਕਾਅ ਕੀਤਾ ਜਾਵੇ: ਡਾ.ਅਮਰੀਕ ਸਿੰਘ

ਝੋਨੇ ਦੀ ਲਵਾਈ ਦਾ ਸਮਾਂ 11 ਜੂਨ ਨਿਰਧਾਰਿਤ ਕੀਤਾ ਗਿਆ ਹੈ, ਇਸ ਨਿਰਧਾਰਿਤ ਸਮੇਂ ਤੋਂ ਪਹਿਲਾਂ ਝੋਨੇ ਦੀ ਲਵਾਈ ਕਰਨ ਵਾਲੇ ਕਿਸਾਨਾਂ ਵਿਰੁੱਧ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ 2009 ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਝੋਨੇ ਦੀ ਪਨੀਰੀ ਦੀ ਲਵਾਈ ਅਤੇ ਸੰਭਾਲ ਬਾਰੇ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਝੋਨੇ ਦੀ ਪਨੀਰੀ ਦੀ ਉਮਰ ਇਸ ਵਕਤ ਤਕਰੀਬਨ 15 ਤੋਂ 20 ਦਿਨ ਦੀ ਹੋ ਗਈ ਹੈ ਅਤੇ 11 ਜੂਨ ਤੋਂ ਜ਼ਿਲਾ ਫਰੀਦਕੋਟ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਕਿਹਾ  ਕਿ ਝੋਨੇ ਦੇ ਮਧਰੇਪਣ ਦੀ ਸਮੱਸਿਆ ਤੋਂ ਬਚਣ ਲਈ ਝੋਨੇ ਦੀ ਲਵਾਈ ਵਿੱਚ ਕਾਹਲ ਨਾਂ ਕੀਤੀ ਜਾਵੇ ਅਤੇ ਨਿਰਧਾਰਿਤ 11 ਜੂਨ ਤੋਂ ਹੀ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਵੇ।
ਉਹਨਾਂ ਦੱਸਿਆ ਕਿ ਕੁਝ ਕਿਸਾਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਲਕੀਆਂ ਜ਼ਮੀਨਾਂ ਵਿੱਚ ਝੋਨੇ ਦੀ ਪਨੀਰੀ ਵਿੱਚ ਲੋਹੇ ਦੀ ਘਾਟ ਆ ਰਹੀ ਹੈ ਜਿਸ ਕਾਰਨ ਪਨੀਰੀ ਧੌੜੀਆਂ ਵਿੱਚ ਪੀਲੀ ਹੋ ਕੇ ਸੁੱਕ ਰਹੀ ਹੈ। ਉਨ੍ਹਾਂ  ਦੱਸਿਆ ਕਿ ਝੋਨੇ ਦੀ ਫਸਲ ਲਈ ਲੋਹਾ ਖੁਰਾਕੀ ਤੱਤ ਦੀ ਬਹੁਤ ਮਹੱਤਤਾ ਹੈ ਅਤੇ ਘਾਟ ਆਉਣ ਦੀ ਸੂਰਤ ਵਿੱਚ ਸਮੇਂ ਸਿਰ ਇਸ ਖੁਰਾਕੀ ਤੱਤ ਦੀ ਪੂਰਤੀ ਕਰਨੀ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਹ ਖੁਰਾਕੀ ਤੱਤ ਬੂਟਿਆਂ ਵਿੱਚ ਕਲੋਰੋਫਿਲ ਅਤੇ ਪ੍ਰਕਾਸ਼ ਸੰਸ਼ਲੇਸ਼ਣ ਪ੍ਰੀਕ੍ਰਿਆ ਵਿੱਚ ਅਹਿਮ ਭੁਮਿਕਾ ਨਿਭਾਉਂਦਾ ਹੈ । ਉਹਨਾਂ ਦੱਸਿਆ ਕਿ ਇਸ ਖੁਰਾਕੀ ਦੀ ਘਾਟ ਨਾਲ ਪਨੀਰੀ ਦਾ ਵਾਧਾ ਰੁਕ ਜਾਂਦਾ ਹੈ ਅਤੇ ਪਨੀਰੀ ਦੇ ਬੂਟੇ ਦੇ ਨਵੇਂ ਪੱਤੇ ਨੋਕਾਂ ਅਤੇ ਅਤੇ ਬਾਹਰੋਂ ਪੀਲੇ ਹੋ ਕੇ ਚਿੱਟੇ ਹੋ ਜਾਂਦੇ ਹਨ ਅਤੇ ਜ਼ਿਆਦਾ ਕਮੀ ਦੀ ਹਾਲਤ ਵਿੱਚ ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ ।
ਉਹਨਾਂ ਦੱਸਿਆ ਕਿ ਗਿਆਨ ਦੀ ਘਾਟ ਕਾਰਨ ਕਿਸਾਨਾਂ ਦੁਆਰਾ ਦੁਕਾਨਦਾਰਾਂ ਦੇ ਕਹੇ ਤੇ ਯੂਰੀਆ, ਸਲਫਰ, ਜਿੰਕ, ਦਾਣੇਦਾਰ ਕੀਟਨਾਸ਼ਕ, ਡਾਇਆ ਜਾਂ ਉੱਲੀਨਾਸਕ ਦਵਾਈਆਂ ਆਦਿ ਦੀ ਵਰਤੋਂ ਸ਼ੁਰੂ ਕਰ ਦਿੱਤੀ ਜਾਂਦੀ ਹੈ, ਜਿਸ ਦਾ ਕੋਈ ਫਾਇਦਾ ਨਹੀਂ ਹੁੰਦਾ।ਉਹਨਾਂ ਕਿਹਾ ਕਿ ਲੋਹੇ ਦੀ ਘਾਟ ਦੀ ਪੂਰਤੀ, ਕੇਵਲ ਇੱਕ ਕਿਲੋ ਫੈਰਿਸ ਸਲਫੇਟ 19% ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਦੇ ਘੋਲ ਦਾ ਛਿੜਕਾਅ ਹਫਤੇ- ਹਫਤੇ ਦੇ ਵਕਫੇ ਤੇ ਦੋ ਜਾਂ ਤਿੰਨ ਛਿੜਕਾਅ ਕਰਕੇ ਹੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਛਿੜਕਾਅ ਲਈ ਕੱਟ ਵਾਲੀ ਨੋਜ਼ਲ ਦੀ ਬਿਜਾਏ ਗੋਲ ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੁਆਰਾ ਆਮ ਕਰਕੇ ਲੋਹਾ ਖੁਰਾਕੀ ਤੱਤ ਦੀ ਘਾਟ ਦੀ ਪੂਰਤੀ ਲਈ ਫੈਰਿਸ ਸਲਫੇਟ ਪਨੀਰੀ ਵਿੱਚ ਛੱਟੇ ਪਾ ਦਿੱਤੀ ਜਾਂਦੀ ਹੈ ਜਿਸ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ।
ਹੋਰ ਖ਼ਬਰਾਂ :-  ਪੰਜਾਬ ਸਰਕਾਰ ਨੇ ਬਾਸਮਤੀ ਹੇਠ ਰਕਬਾ ਵਧਾ ਕੇ 10 ਲੱਖ ਹੈਕਟੇਅਰ ਕਰਨ ਦਾ ਟੀਚਾ ਮਿੱਥਿਆ

Leave a Reply

Your email address will not be published. Required fields are marked *