43.46 ਕਰੋੜ ਦੀ ਲਾਗਤ ਨਾਲ 67 ਪਿੰਡਾਂ ਨੂੰ ਸ਼ੁੱਧ ਜਲ ਸਪਲਾਈ ਦੇਣ ਦੀ ਯੋਜਨਾ 1 ਜੂਨ ਨੂੰ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਹੋਵੇਗੀ ਸਮਰਪਿਤ – ਹਰਜੋਤ ਸਿੰਘ ਬੈਂਸ

ਨੰਗਲ 31 ਮਈ : ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਸਾਫ਼ ਅਤੇ ਸੁਰੱਖਿਅਤ ਪੀਣਯੋਗ ਪਾਣੀ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਬਲਾਕ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ 67 ਪਿੰਡਾਂ ਲਈ ਨਹਿਰੀ ਪਾਣੀ ਆਧਾਰਿਤ ਆਧੁਨਿਕ ਜਲ ਸਪਲਾਈ ਸਕੀਮ ਦਾ ਉਦਘਾਟਨ 1 ਜੂਨ ਨੂੰ ਕੀਤਾ ਜਾਵੇਗਾ। ਲਗਭਗ 43.46 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਹ ਸਕੀਮ 13 ਐਮ.ਐਲ.ਡੀ. ਸਮਰੱਥਾ ਵਾਲੀ ਹੈ, ਜੋ ਇਲਾਕੇ ਦੇ ਪੇਂਡੂ ਵਸਨੀਕਾਂ ਲਈ ਪਾਣੀ ਦੀ ਕਮੀ ਨੂੰ ਦੂਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਹ ਯੋਜਨਾ ਖੇਤਰ ਦੇ ਵਿਕਾਸ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਲੋਕ ਅਰਪਣ ਕਰਨ ਲਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਵਿਸ਼ੇਸ਼ ਤੌਰ ‘ਤੇ 1 ਜੂਨ ਨੂੰ ਨੰਗਲ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੀਆਂ ਯੋਜਨਾਵਾਂ ਪਿੰਡਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਵਿੱਚ ਮੱਦਦਗਾਰ ਸਾਬਤ ਹੋ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਕੀਮ “ਜੀਵਨ ਰੇਖਾ” ਵਜੋਂ ਕੰਮ ਕਰੇਗੀ, ਜਿਸ ਨਾਲ ਲੋਕਾਂ ਨੂੰ ਸਾਫ਼ ਪਾਣੀ ਦੀ ਲਗਾਤਾਰ ਸਪਲਾਈ ਮਿਲੇਗੀ।

ਹੋਰ ਖ਼ਬਰਾਂ :-  ਲੁਧਿਆਣਾ ਪ੍ਰਸ਼ਾਸਨ ਵੱਲੋਂ ਖਰਚਿਆਂ 'ਤੇ ਨਜ਼ਰ ਰੱਖਣ ਲਈ ਨਿਗਰਾਨ ਟੀਮਾਂ ਲਈ ਟ੍ਰੇਨਿੰਗ ਵਰਕਸ਼ਾਪ ਆਯੋਜਿਤ

ਕਾਰਜਕਾਰੀ ਇੰਜੀਨੀਅਰ ਹਰਜੀਤਪਾਲ ਸਿੰਘ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਵੱਲੋਂ ਇਸ ਪ੍ਰੋਜੈਕਟ ਨੂੰ ਤਿਆਰ ਕੀਤਾ ਗਿਆ ਹੈ ਅਤੇ ਇਸਦੀ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਣ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਸਦਕਾ ਹਕੀਕਤ ਬਣਿਆ ਹੈ। ਇਸ ਸਕੀਮ ਰਾਹੀਂ ਲੰਬੇ ਸਮੇਂ ਲਈ ਬਿਨਾਂ ਰੁਕਾਵਟ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ, ਜਿਸ ਨਾਲ ਲੋਕਾਂ ਦੀ ਸਿਹਤ ਅਤੇ ਜੀਵਨ ਮਿਆਰ ਵਿੱਚ ਸੁਧਾਰ ਆਵੇਗਾ।

ਉਦਘਾਟਨ ਸਮਾਰੋਹ ਨੰਗਲ ਦੇ ਜਵਾਹਰ ਮਾਰਕੀਟ ਨੇੜੇ ਸਥਿਤ ਵਾਟਰ ਟ੍ਰੀਟਮੈਂਟ ਪਲਾਂਟ ਵਿਖੇ ਦੁਪਹਿਰ 2 ਵਜੇ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ‘ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਮਾਗਮ ਵਿੱਚ ਇਲਾਕੇ ਦੇ ਜਨ ਪ੍ਰਤਿਨਿਧੀ, ਵਿਭਾਗੀ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਵਸਨੀਕ ਹਾਜ਼ਰੀ ਲਗਵਾਉਣਗੇ। ਇਸ ਯੋਜਨਾ ਦੇ ਲਾਗੂ ਹੋਣ ਨਾਲ 67 ਪਿੰਡਾਂ ਦੇ ਹਜ਼ਾਰਾਂ ਪਰਿਵਾਰਾਂ ਨੂੰ ਸਾਫ਼ ਪੀਣ ਵਾਲਾ ਪਾਣੀ ਪ੍ਰਾਪਤ ਹੋਵੇਗਾ ਅਤੇ ਇਹ ਕਦਮ ਪੇਂਡੂ ਖੇਤਰਾਂ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਨੂੰ ਨਵਾਂ ਦਿਸ਼ਾ ਦੇਵੇਗਾ।

Leave a Reply

Your email address will not be published. Required fields are marked *