ਸੰਗਰੂਰ, 30 ਜੂਨ : ਪੰਜਾਬ ਨੂੰ ਭਾਰਤ ਦਾ ਖੇਡ ਧੁਰਾ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਵਿਖੇ 9.50 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਓਲੰਪਿਕ ਪੱਧਰ ਦੇ ਸਵਿਮਿੰਗ ਪੂਲ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਜ਼ਿਲ੍ਹਾ ਏਸ਼ੀਅਨ, ਵਰਲਡ ਅਤੇ ਓਲੰਪਿਕ ਚੈਂਪੀਅਨਾਂ ਲਈ ਨਰਸਰੀ ਵਜੋਂ ਉਭਰੇਗਾ। ਖੇਡਾਂ ਦੇ ਬੁਨਿਆਦੀ ਢਾਂਚੇ ਵਿੱਚ ਸਰਕਾਰ ਵੱਲੋਂ ਕੀਤੇ ਗਏ ਬੇਮਿਸਾਲ ਨਿਵੇਸ਼ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਹੇ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਪੰਜਾਬ ਦਾ ਖੇਡ ਬਜਟ 200 ਕਰੋੜ ਰੁਪਏ ਤੋਂ ਨਹੀਂ ਵਧਾਇਆ ਸੀ ਜਦਕਿ ਸਾਡੀ ਸਰਕਾਰ ਨੇ ਖੇਡ ਬਜਟ ਨੂੰ ਵਧਾ ਕੇ 1,790 ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜਾਬ ਨੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ ਦੀ ਮੇਜ਼ਬਾਨੀ ਹਾਸਲ ਕੀਤੀ ਹੈ ਅਤੇ ਸੂਬਾ ਹੁਣ ਅੰਤਰਰਾਸ਼ਟਰੀ ਪੱਧਰ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਕ੍ਰਿਕਟ ਅਤੇ ਹਾਕੀ ਪ੍ਰੀਮੀਅਰ ਲੀਗ ਸ਼ੁਰੂ ਕਰਨ ਲਈ ਵੀ ਤਿਆਰ ਹੈ।
ਇਸ ਪ੍ਰੋਗਰਾਮ ਦੀ ਵੀਡੀਓ ‘ਐਕਸ’ ‘ਤੇ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ, “ਅੱਜ ਸੰਗਰੂਰ ਦੇ ਲੋਕਾਂ ਨੂੰ ਖੇਡਾਂ ਦੇ ਖੇਤਰ ਵਿੱਚ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ ਵਾਰ ਹੀਰੋਜ਼ ਸਟੇਡੀਅਮ ਵਿਖੇ ਓਲੰਪਿਕ ਪੱਧਰ ਦੇ ਆਧੁਨਿਕ ਸਵਿਮਿੰਗ ਪੂਲ ਦਾ ਉਦਘਾਟਨ ਕੀਤਾ ਗਿਆ ਹੈ। 9.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ 50×21 ਮੀਟਰ ਆਕਾਰ ਦਾ ਸਵਿਮਿੰਗ ਪੂਲ ਖਿਡਾਰੀਆਂ ਅਤੇ ਕੋਚਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੈ, ਜੋ ਅੰਤਰਰਾਸ਼ਟਰੀ ਪੱਧਰ ਦਾ ਸਿਖਲਾਈ ਢਾਂਚਾ ਪ੍ਰਦਾਨ ਕਰੇਗਾ।”
ਉਨ੍ਹਾਂ ਅੱਗੇ ਲਿਖਿਆ, “ਪੰਜਾਬ ਦੇ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਲਈ ਸਾਡੀ ਸਰਕਾਰ ਨੇ ਖੇਡ ਬਜਟ 200 ਕਰੋੜ ਰੁਪਏ ਤੋਂ ਵਧਾ ਕੇ 1,790 ਕਰੋੜ ਰੁਪਏ ਕਰ ਦਿੱਤਾ ਹੈ। ਖਿਡਾਰੀਆਂ ਨੂੰ ਹੁਣ ਸਿਖਲਾਈ ਲਈ ਅਗਾਊਂ ਰਾਸ਼ੀ ਮਿਲੇਗੀ ਜਦੋਂ ਕਿ ਅੰਤਰਰਾਸ਼ਟਰੀ ਤਗਮੇ ਜਿੱਤਣ ਵਾਲਿਆਂ ਨੂੰ ਸੋਨ ਤਗਮੇ ਲਈ ਇਕ ਕਰੋੜ ਰੁਪਏ, ਚਾਂਦੀ ਦੇ ਤਗਮੇ ਲਈ 75 ਲੱਖ ਰੁਪਏ ਅਤੇ ਕਾਂਸੀ ਦੇ ਤਗਮੇ ਲਈ 50 ਲੱਖ ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਆ ਜਾਵੇਗਾ।”
ਪੋਸਟ ਦੇ ਅਖੀਰ ਵਿੱਚ ਲਿਖਿਆ ਗਿਆ, “ਖੇਡ ਸੱਭਿਆਚਾਰ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਛੇਤੀ ਹੀ ਪੰਜਾਬ ਪ੍ਰੀਮੀਅਰ ਲੀਗ ਅਤੇ ਪੰਜਾਬ ਹਾਕੀ ਲੀਗ ਸ਼ੁਰੂ ਕਰੇਗੀ। ਇਸ ਤੋਂ ਇਲਾਵਾ, ਅਕਤੂਬਰ-ਨਵੰਬਰ ਦੌਰਾਨ ਮੋਹਾਲੀ ਤੇ ਜਲੰਧਰ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ (ਹਾਕੀ) ਦੀ ਮੇਜ਼ਬਾਨੀ ਕੀਤੀ ਜਾਵੇਗੀ, ਜਿਸ ਨਾਲ ਦੇਸ਼ ਵਿੱਚ ਖੇਡਾਂ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਪੰਜਾਬ ਦੀ ਪੁਜੀਸ਼ਨ ਹੋਰ ਮਜ਼ਬੂਤ ਹੋਵੇਗੀ।”
ਉਦਘਾਟਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਸੰਗਰੂਰ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਲਈ ਬਹੁਤ ਮਾਣ ਅਤੇ ਖੁਸ਼ੀ ਦਾ ਦਿਨ ਹੈ, ਕਿਉਂਕਿ ਇਹ ਨਵਾਂ ਬਣਿਆ ਅਤਿ-ਆਧੁਨਿਕ ਸਵਿਮਿੰਗ ਪੂਲ ਉਨ੍ਹਾਂ ਨੂੰ ਸਮਰਪਿਤ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਸਵਿਮਿੰਗ ਪੂਲ ਮਹਿਜ਼ ਇੱਕ ਇਮਾਰਤ ਨਹੀਂ ਹੈ, ਸਗੋਂ ਇਹ ਸਾਡੇ ਭਵਿੱਖ ਦੇ ਓਲੰਪੀਅਨਾਂ ਲਈ ਨਰਸਰੀ ਵਜੋਂ ਉੱਭਰੇਗਾ।”
ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਆਪਣੀ ਸਰਕਾਰ ਦੇ ਏਜੰਡੇ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਸ਼ਵ ਪੱਧਰੀ ਸਵਿਮਿੰਗ ਪੂਲ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਖੇਡ ਸੂਬਾ ਬਣਾਉਣ ਵੱਲ ਇੱਕ ਹੋਰ ਅਹਿਮ ਕਦਮ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਸਵਿਮਿੰਗ ਪੂਲ ਅੰਤਰਰਾਸ਼ਟਰੀ ਮਾਪਦੰਡਾਂ ਅਤੇ ਓਲੰਪਿਕ ਵਿਸ਼ੇਸ਼ਤਾਵਾਂ ਦੇ ਅਨੁਸਾਰ 9.50 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਪੂਲ ਦਾ ਆਕਾਰ 50 ਮੀਟਰ × 21 ਮੀਟਰ ਹੈ, ਜਿਸ ਦੀ ਡੂੰਘਾਈ 4.5 ਫੁੱਟ ਤੋਂ 7.5 ਫੁੱਟ ਤੱਕ ਹੈ ਅਤੇ ਇਸ ਵਿੱਚ 2.5 ਲੱਖ ਲੀਟਰ ਪਾਣੀ ਦੀ ਸਮਰੱਥਾ ਹੈ।”
ਇਸ ਕੰਪਲੈਕਸ ਵਿੱਚ ਵਿਕਸਤ ਕੀਤੀਆਂ ਸਹੂਲਤਾਂ ਦਾ ਵੇਰਵਾ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਖਿਡਾਰੀਆਂ ਤੇ ਖਿਡਾਰਨਾਂ ਦੀ ਸਹੂਲਤ ਲਈ ਵੱਖਰੇ ਆਧੁਨਿਕ ਸ਼ਾਵਰ, ਚੇਂਜਿੰਗ ਰੂਮ, ਕੋਚਾਂ ਲਈ ਵਿਸ਼ੇਸ਼ ਕਮਰੇ ਅਤੇ ਸਟੋਰ ਰੂਮ ਬਣਾਏ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਖਿਡਾਰੀਆਂ ਦੀ ਸਰੀਰਕ ਤਾਕਤ ਅਤੇ ਕਸਰਤ ਲਈ ਆਧੁਨਿਕ ਜਿਮਨੇਜ਼ੀਅਮ ਵੀ ਸਥਾਪਤ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “7 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵਿਸ਼ੇਸ਼ ਮਿੰਨੀ ਸਵਿਮਿੰਗ ਪੂਲ ਵੀ ਤਿਆਰ ਕੀਤਾ ਗਿਆ ਹੈ।”
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਵਿਮਿੰਗ ਪੂਲ ਦਾ ਨਿਰਮਾਣ ਵਿਸ਼ਵ ਦੀ ਸਭ ਤੋਂ ਵਧੀਆ ‘ਮਿਰਥਾ ਰੇਨੋਵੇਐਕਸ਼ਨ’ ਅਤੇ ‘ਕਲਾਸਿਕ ਮੌਡਿਊਲਰ ਸਿਸਟਮ’ ਦੀ ਤਕਨਾਲੋਜੀ ਦੀ ਵਰਤੋਂ ਕਰਕੇ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ,”ਇਸ ਵਿੱਚ ਲੈਮੀਨੇਟਡ ਪੀ.ਵੀ.ਸੀ. ਅਤੇ ਸਟੇਨਲੈੱਸ ਸਟੀਲ ਦੇ ਪੈਨਲ ਲਾਏ ਗਏ ਹਨ, ਜੋ ਇਸ ਨੂੰ ਦੇਸ਼ ਦੇ ਸਭ ਤੋਂ ਆਧੁਨਿਕ ਸਵਿਮਿੰਗ ਪੂਲ ਵਿੱਚੋਂ ਇੱਕ ਬਣਾਉਂਦੇ ਹਨ। ਸਾਫ਼ ਅਤੇ ਸੁਰੱਖਿਅਤ ਪਾਣੀ ਨੂੰ ਯਕੀਨੀ ਬਣਾਉਣ ਲਈ ਯੂਰਪੀਅਨ ਮਾਪਦੰਡਾਂ ਦੇ ਅਨੁਸਾਰ ਫਿਲਟਰੇਸ਼ਨ ਅਤੇ ਡਿਸਇਨਫੈਕਸ਼ਨ ਸਿਸਟਮ ਸਥਾਪਤ ਕੀਤਾ ਗਿਆ ਹੈ।”
ਸੰਗਰੂਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ, “ਸਾਡੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਖੇਡਾਂ ਦੇ ਵਿਕਾਸ ਲਈ ਸਹੂਲਤਾਂ ਜਾਂ ਫੰਡਾਂ ਦੀ ਕਦੇ ਕੋਈ ਕਮੀ ਨਾ ਆਵੇ।”
ਸੂਬੇ ਭਰ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਣ ਲਈ ਪੰਜਾਬ ਭਰ ਵਿੱਚ 3,100 ਖੇਡ ਮੈਦਾਨਾਂ ਦਾ ਨਿਰਮਾਣ ਕਰ ਰਹੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਅਤੇ ਤਰੁਨਪ੍ਰੀਤ ਸਿੰਘ ਸੌਂਦ ਵੀ ਹਾਜ਼ਰ ਸਨ।