ਲੁਧਿਆਣਾ ਵਿੱਚ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਿਹਤ ਚੈਕਅੱਪ ਕੈਂਪ, 950 ਤੋਂ ਵੱਧ ਲਾਭਪਾਤਰੀ ਹੋਏ ਸ਼ਾਮਲ

ਲੁਧਿਆਣਾ, 4 ਫਰਵਰੀ : ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ‘ਸਾਡੇ ਬਜ਼ੁਰਗ, ਸਾਡਾ ਮਾਣ ਮੁਹਿੰਮ-2026’ ਸ਼ੁਰੂ ਕੀਤੀ ਗਈ ਹੈ ਜਿਸ ਦੇ ਹਿੱਸੇ ਵਜੋਂ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨੇ ਬੁੱਧਵਾਰ ਨੂੰ ਸਵਾਮੀ ਵਿਵੇਕਾਨੰਦ ਚੈਰੀਟੇਬਲ ਹਸਪਤਾਲ, ਮਾਡਲ ਟਾਊਨ ਐਕਸ਼ਟੇਸ਼ਨ, ਲੁਧਿਆਣਾ ਵਿਖੇ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਿਹਤ ਚੈਅਕੱਪ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ।

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਕੈਂਪ ਵਿੱਚ 950 ਤੋਂ ਵੱਧ ਭਾਗੀਦਾਰਾਂ ਦੀ ਆਮਦ ਦੇਖਣ ਨੂੰ ਮਿਲੀ। ਕੁੱਲ 620 ਬਜ਼ੁਰਗਾਂ ਨੇ ਮੁਫ਼ਤ/ਸਬਸਿਡੀ ਵਾਲੇ ਓ.ਪੀ.ਡੀ ਸਲਾਹ-ਮਸ਼ਵਰੇ ਦਾ ਲਾਭ ਉਠਾਇਆ, ਜਦੋਂ ਕਿ 120 ਲਾਭਪਾਤਰੀਆਂ ਨੇ ਆਯੂਸ਼ ਦਵਾਈਆਂ ਪ੍ਰਾਪਤ ਕੀਤੀਆਂ। ਉਨ੍ਹਾਂ ਦੱਸਿਆ ਕਿ ਬਜ਼ੁਰਗ ਨਾਗਰਿਕਾਂ ‘ਤੇ ਵਿਸ਼ੇਸ਼ ਧਿਆਨ ਦਿੰਦਿਆਂ 12 ਪੈਨਸ਼ਨ ਅਰਜ਼ੀ ਫਾਰਮਾਂ ਦੀ ਪ੍ਰਕਿਰਿਆ ਕੀਤੀ ਗਈ, 30 ਸੀਨੀਅਰ ਸਿਟੀਜ਼ਨ ਕਾਰਡ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਪੈਨਸ਼ਨ ਅਤੇ ਸੀਨੀਅਰ ਸਿਟੀਜ਼ਨ ਸਕੀਮਾਂ ਨਾਲ ਸਬੰਧਤ 150 ਤੋਂ ਵੱਧ ਸਵਾਲਾਂ ਦੇ ਹੱਲ ਕੀਤੇ ਗਏ। ਇਸ ਕੈਂਪ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ 10 ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਸਹੂਲਤ ਵੀ ਦਿੱਤੀ ਅਤੇ 70 ਮੈਂਬਰਾਂ ਨੂੰ ਸਵੈ-ਸਹਾਇਤਾ ਸਮੂਹਾਂ ਬਾਰੇ ਮਾਰਗਦਰਸ਼ਨ ਪ੍ਰਦਾਨ ਕੀਤਾ।

ਹੋਰ ਖ਼ਬਰਾਂ :-  ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਸੰਭਾਲ ਕੇ ਰੱਖਣ ਲਈ ਸੂਬਾ ਸਰਕਾਰ ਵਚਨਵੱਧ ਤੇ ਯਤਨਸ਼ੀਲ : ਗੁਰਮੀਤ ਸਿੰਘ ਖੁੱਡੀਆਂ

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ, 75 ਭਾਗੀਦਾਰਾਂ ਨੇ ਇੱਕ ਸਮਰਪਿਤ ਡਿਜੀਟਲ ਸਾਖਰਤਾ ਸੈਸ਼ਨ ਵਿੱਚ ਹਿੱਸਾ ਲਿਆ।  30 ਵਿਦਿਆਰਥੀਆਂ ਨੇ ਸਕਾਲਰਸ਼ਿਪ ਸਕੀਮਾਂ ਬਾਰੇ ਜਾਗਰੂਕਤਾ ਸੈਸ਼ਨ ਤੋਂ ਲਾਭ ਉਠਾਇਆ ਅਤੇ 75 ਬਜ਼ੁਰਗ ਵਿਅਕਤੀਆਂ ਨੇ ਯੋਗਾ ਅਤੇ ਧਿਆਨ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਜਿਸਦਾ ਉਦੇਸ਼ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਸੀ। ਉਨ੍ਹਾਂ ਅੱਗੇ ਕਿਹਾ ਕਿ ਕੈਂਪ ਨੇ ਸਫਲਤਾਪੂਰਵਕ ਜ਼ਰੂਰੀ ਸਰਕਾਰੀ, ਸਿਹਤ, ਕਾਨੂੰਨੀ, ਵਿੱਤੀ ਅਤੇ ਤੰਦਰੁਸਤੀ ਸੇਵਾਵਾਂ ਨੂੰ ਸਿੱਧੇ ਤੌਰ ‘ਤੇ ਭਾਈਚਾਰੇ ਤੱਕ ਪਹੁੰਚਾਇਆ ਜਿਸ ਨਾਲ ਖੇਤਰ ਦੇ ਸੀਨੀਅਰ ਨਾਗਰਿਕਾਂ ਅਤੇ ਹੋਰ ਯੋਗ ਸਮੂਹਾਂ ਲਈ ਪਹੁੰਚ ਨੂੰ ਕਾਫ਼ੀ ਆਸਾਨ ਬਣਾਇਆ ਗਿਆ।

ਵਰਿੰਦਰ ਸਿੰਘ ਟਿਵਾਣਾ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਦੇ ਕੈਂਪ 11 ਫਰਵਰੀ ਨੂੰ ਗੁਰੂ ਅਮਰਦਾਸ ਓਲਡ ਏਜ ਹੋਮ, ਪਿੰਡ ਸਰਾਭਾ, 18 ਫਰਵਰੀ ਨੂੰ ਨਿਸ਼ਕਾਮ ਸੇਵਾ ਓਲਡ ਏਜ ਹੋਮ, ਪਿੰਡ ਬਹਿਲਾ ਅਤੇ 25 ਫਰਵਰੀ ਨੂੰ ਗੁਰੂ ਨਾਨਕ ਚੈਰੀਟੇਬਲ ਟਰੱਸਟ, ਗੁਰਮਤਿ ਭਵਨ, ਮੁੱਲਾਂਪੁਰ ਵਿੱਚ ਲਗਾਏ ਜਾਣਗੇ। ਉਨ੍ਹਾਂ ਸਾਰੇ ਯੋਗ ਲਾਭਪਾਤਰੀਆਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *