ਤਰਨਤਾਰਨ, 23 ਸਤੰਬਰ :
ਪੰਜਾਬ ਨੈਸ਼ਨਲ ਬੈਂਕ ਰਾਹੀਂ ਚਲਾਏ ਜਾ ਰਹੇ ‘ਵਿਕਸਤ ਭਾਰਤ-ਸਵੱਛਤਾ ਹੀ ਸੇਵਾ’ ਪੰਦਰਵਾੜੇ ਤਹਿਤ ਵਿੱਤੀ ਸਾਖ਼ਰਤਾ ਕੇਂਦਰ ਚੋਹਲਾ ਸਾਹਿਬ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਮਨਰੇਗਾ ਕਾਮਿਆਂ ਦੀ ਭਾਗੀਦਾਰੀ ਨਾਲ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਗਏ। ਇਹ ਕੈਂਪ ਜ਼ਿਲ੍ਹਾ ਲੀਡ ਮੈਨੇਜਰ ਸੰਦੀਪ ਸਹੋਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਏ ਗਏ।
ਇਨ੍ਹਾਂ ਕੈਂਪਾਂ ਦਾ ਉਦੇਸ਼ ਮਨਰੇਗਾ ਕਾਮਿਆਂ ਨੂੰ ਸਵੱਛਤਾ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ, ਸਫ਼ਾਈ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਅਤੇ ਸਵੱਛਤਾ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਨਾ ਸੀ। ਕੈਂਪਾਂ ਦੌਰਾਨ ਕਾਮਿਆਂ ਨੂੰ ਸਵੱਛਤਾ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
ਕੈਂਪਾਂ ਦੀ ਅਗਵਾਈ ਵਿੱਤੀ ਸਾਖ਼ਰਤਾ ਕੇਂਦਰ ਚੋਹਲਾ ਸਾਹਿਬ ਦੇ ਸੈਂਟਰ ਮੈਨੇਜਰ ਹਰਪ੍ਰੀਤ ਸਿੰਘ ਸੰਧੂ ਨੇ ਕੀਤੀ। ਇਸ ਮੌਕੇ ਫਾਇਨੈਂਸ ਕਾਉਂਸਲਰ (ਸਹਾਇਕ ਸੈਂਟਰ ਮੈਨੇਜਰ) ਗੁਰਪ੍ਰੀਤ ਸਿੰਘ ‘ਕੱਦ ਗਿੱਲ’ ਅਤੇ ਸਹਾਇਕ ਸੈਂਟਰ ਮੈਨੇਜਰ ਹਰਮਨਪ੍ਰੀਤ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਮਨਰੇਗਾ ਕਾਮਿਆਂ ਨੂੰ ਸੰਬੋਧਨ ਕਰਦਿਆਂ ਵਿੱਤੀ ਸਾਖ਼ਰਤਾ ਕੇਂਦਰ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਵੱਛਤਾ ਸਿਰਫ਼ ਕਿਸੇ ਇਕ ਵਿਅਕਤੀ ਜਾਂ ਵਿਭਾਗ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰੇਕ ਵਰਗ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਹਰੇਕ ਵਿਅਕਤੀ ਆਪਣੇ ਕੰਮ ਵਾਲੇ ਸਥਾਨ, ਘਰ ਅਤੇ ਆਲੇ-ਦੁਆਲੇ ਦੀ ਸਫ਼ਾਈ ਨੂੰ ਤਰਜੀਹ ਦੇਵੇ ਤਾਂ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਸਿਰਜਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਮਨਰੇਗਾ ਕਾਮੇ ਪਿੰਡਾਂ ਦੇ ਵਿਕਾਸ ਕਾਰਜਾਂ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਹਨ ਅਤੇ ਪਿੰਡਾਂ ਦੇ ਬੁਨਿਆਦੀ ਢਾਂਚੇ ਅਤੇ ਵਿਕਾਸ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਇਸ ਲਈ ਸਵੱਛਤਾ ਪ੍ਰਤੀ ਉਨ੍ਹਾਂ ਦੀ ਜਾਗਰੂਕਤਾ ਅਤੇ ਭਾਗੀਦਾਰੀ ਨਾਲ ਸਫ਼ਾਈ ਦਾ ਸੰਦੇਸ਼ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਪਹੁੰਚ ਸਕਦਾ ਹੈ।
ਕੈਂਪਾਂ ਦੌਰਾਨ ਕਾਮਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ, ਕੂੜੇ ਦਾ ਢੁਕਵਾਂ ਪ੍ਰਬੰਧ ਕਰਨ ਅਤੇ ਆਪਣੇ ਪਿੰਡਾਂ ਵਿੱਚ ਹੋਰਨਾਂ ਲੋਕਾਂ ਨੂੰ ਵੀ ਸਫ਼ਾਈ ਪ੍ਰਤੀ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ‘ਸਵੱਛਤਾ ਹੀ ਸੇਵਾ’ ਦਾ ਸੰਦੇਸ਼ ਸਿਰਫ਼ ਪੰਦਰਵਾੜੇ ਤੱਕ ਸੀਮਿਤ ਨਾ ਰਹੇ, ਬਲਕਿ ਇਸ ਨੂੰ ਨਿਰੰਤਰ ਜੀਵਨ-ਸ਼ੈਲੀ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।
ਇਸ ਮੌਕੇ ਮਨਰੇਗਾ ਕਾਮਿਆਂ ਵੱਲੋਂ ਵੀ ਸਵੱਛਤਾ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।